ਕਿਸਾਨੀ ਮਸਲਿਆਂ ’ਤੇ ਬੋਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ
ਫੰਡਾਂ ’ਚ ਹੇਰ-ਫੇਰੀ ਦੀ ਗੱਲ ਦਾ ਡੱਲੇਵਾਲ ਨੇ ਦਿਤਾ ਜਵਾਬ
ਸਾਨੂੰ ਪਤਾ ਹੈ ਕਿ ਕਿਸਾਨ ਪਿੱਛਲੇ ਕਈ ਸਾਲਾਂ ਤੋਂ ਆਪਣੀ ਮੰਗ ਲਈ ਜਾਂ ਫਿਰ ਐਮਐਸਪੀ ਲਈ ਕੇਂਦਰ ਸਰਕਾਰ ਵਿਰੁਧ ਧਰਨੇ ਲਗਾ ਰਹੇ ਹਨ। ਪਹਿਲਾਂ ਕਾਫੀ ਲੰਮੇ ਸਮੇਂ ਦਿੱਲੀ ਵਿਚ ਕਿਸਾਨ ਧਰਨਾ ਦਿੰਦੇ ਰਹੇ ਤੇ ਫਿਰ ਖਨੌਰੀ ਬਾਰਡਰ ’ਤੇ ਇਕ ਤੋਂ ਡੇਢ ਸਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਧਰਨਾ ਚਲਦਾ ਰਿਹਾ। ਜਿਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਲੱਗਭਗ 131 ਦਿਨ ਭੁੱਖ ਹੜਤਾਲ ’ਤੇ ਰਹੇ ਸਨ।
ਜਿਸ ਦੌਰਾਨ ਕਿਸਾਨਾਂ ਦੀਆਂ ਕੇਂਦਰ ਸਰਕਾਰ ਨਾਲ ਕਈ ਮੀਟਿੰਗਾਂ ਵੀ ਹੋਈਆਂ ਪਰ ਕਈ ਹੱਲ ਨਹੀਂ ਨਿਕਲ ਸਕਿਆ। ਧਰਨੇ ਦੌਰਾਨ ਕਈ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਤੇ ਕਈ ਕਿਸਾਨਾਂ ਦੀਆਂ ਜਾਨਾਂ ਵੀ ਗਈਆਂ। ਜਿਸ ਤੋਂ ਬਾਅਦ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਧਰਨਾ ਚੁੱਕ ਦਿਤਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ਤੇ ਐਸਕੇਐਮ ’ਚ ਲਗਾਤਾਰ ਸਰਕਾਰ ਵਿਰੁਧ ਰੋਸ ਪਾਇਆ ਜਾ ਰਿਹਾ ਹੈ।
ਹੁਣ ਐਸਕੇਐਮ ਗ਼ੈਰਰਾਜਨੀਤਕ ਦੀ ਮੀਟਿੰਗ ਹੁੰਦੀ ਹੈ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖੀ ਜਾਂਦੀ ਹੈ, ਜਿਸ ਵਿਚ ਲਿਖਿਆ ਜਾਂਦਾ ਹੈ ਕਿ ਜੋ 4 ਮਈ 2025 ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਹੋਣੀ ਹੈ ਜੇ ਉਸ ਵਿਚ ਪੰਜਾਬ ਸਰਕਾਰ ਦੇ ਆਗੂ ਹਿੱਸਾ ਲੈਣਗੇ ਤਾਂ ਉਸ ਵਿਚ ਐਸਕੇਐਮ ਗ਼ੈਰਰਾਜਨੀਤਕ ਦੇ ਆਗੂ ਸ਼ਾਮਲ ਨਹੀਂ ਹੋਣਗੇ। ਮੀਟਿੰਗ ਵਿਚ ਸਿੱਧੇ ਤੌਰ ’ਤੇ ਐਸਕੇਐਮ ਗ਼ੈਰਰਾਜਨੀਤਕ ਵਲੋਂ ਪੰਜਾਬ ਸਰਕਾਰ ਦਾ ਬਾਈਕਾਟ ਕੀਤਾ ਗਿਆ ਹੈ।
ਇਸ ਤੋਂ ਬਾਅਦ ਇਕ ਵੀਡੀਉ ਵਾਈਰਲ ਹੁੰਦੀ ਹੈ ਜਿਸ ਵਿਚ ਡੱਲੇਵਾਲ ਤੇ ਜਥੇਬੰਦੀ ’ਤੇ ਸਵਾਲ ਚੁੱਕੇ ਜਾਂਦੇ ਹਨ ਕਿ ਡੱਲੇਵਾਲ ਸਰਕਾਰ ਨਾਲ ਮਿਲਿਆ ਹੋਇਆ ਤੇ ਫੰਡਾਂ ਵਿਚ ਹੇਰਾਫ਼ੇਰੀ ਕੀਤੀ ਗਈ ਹੈ। ਇਸੇ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਇਕ Exclusive Interview ਕੀਤੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੇਰੇ ਨਾਲੋਂ ਮੀਡੀਆ ਜ਼ਿਆਦਾ ਜਾਣਦੀ ਹੈ, ਮੈਂ ਤਾਂ ਟਰਾਲੀ ਵਿਚ ਪਿਆ ਸੀ।
ਉਨ੍ਹਾਂ ਕਿਹਾ ਕਿ ਕੀ ਡੱਲੇਵਾਲ ਨੇ ਕਿਸਾਨ ਮੋਰਚੇ ਦਾ ਘਾਣ ਕੀਤਾ ਜਾਂ ਫਿਰ ਕੇਂਦਰ ਸਰਕਾਰ ਨੂੰ ਘੇਰ ਕੇ ਟੇਬਲ ’ਤੇ ਲਿਆਉਂਦਾ ਹੈ। ਜਦੋਂ ਮੋਰਚਾ ਚਲਦਾ ਹੁੰਦਾ ਹੈ ਤਾਂ ਕਿਸੇ ਵੀਰ ਦੇ ਮਾਣ ਸਨਮਾਨ ਵਿਚ ਕੋਈ ਕਮੀ ਰਹਿ ਜਾਂਦੀ ਹੈ ਜਾਂ ਫਿਰ ਕਿਸੇ ਗੱਲ ਦਾ ਗੁੱਸਾ ਲੱਗਦਾ ਹੈ ਤਾਂ ਅਜੀਹੀਆਂ ਗੱਲਾਂ ਤਾਂ ਸਾਹਮਣੇ ਆਉਂਦੀਆਂ ਹਨ। ਫ਼ੰਡਾਂ ਦੀ ਹੇਰਾਫੇਰੀ ’ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ 24 ਤਰੀਕ ਨੂੰ ਮੀਟਿੰਗ ਹੋਈ ਸੀ ਜੇ ਕੋਈ ਅਜੀਹੀ ਗੱਲ ਹੈ ਵੀ ਸੀ ਤਾਂ ਕਿਸਾਨ ਵੀਰਾਂ ਨੂੰ ਉਹ ਗੱਲ ਉਥੇ ਰੱਖਣੀ ਚਾਹੀਦੀ ਸੀ।
ਹਾਲਾਂਕਿ ਅਸੀਂ ਮੀਟਿੰਗ ਦੌਰਾਨ ਇਹ ਗੱਲ ਆਖੀ ਸੀ ਕਿ ਅਸੀਂ ਰੀਵੀਉ ਕਰਨਾ ਹੈ ਜੇ ਰੀਵੀਉ ਹੋਵੇਗਾ ਤਾਂ ਉਸ ਵਿਚ ਫੰਡਾਂ ਦਾ ਹਿਸਾਬ ਕਿਤਾਬ ਨਹੀਂ ਹੋਵੇਗਾ? ਡੱਲੇਵਾਲ ਨੇ ਕਿਹਾ ਕਿ ਕਿਸਾਨ ਵੀਰ ਵੀਡੀਉ ’ਚ ਕਹਿ ਰਹੇ ਹਨ ਕਿ ਧਰਨੇ ਦੌਰਾਨ ਸਾਨੂੰ ਡੱਲੇਵਾਲ ਨਹੀਂ ਮਿਲਦੇ ਸੀ। ਉਨ੍ਹਾਂ ਕਿਹਾ ਕਿ ਡਾਕਟਰ ਤਾਂ ਮੇਰੇ ਪੁੱਤਰ ਨੂੰ ਵੀ ਮੇਰੇ ਨਾਲ ਮੁਲਾਕਾਤ ਨਹੀਂ ਕਰਨ ਦਿੰਦੇ ਸੀ ਕਿ ਡੱਲੇਵਾਲ ਨੂੰ ਇਨਫ਼ੈਕਸ਼ਨ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਅਸੀਂ ਐਮਐਸਪੀ ਦੀ ਗਰੰਟੀ ਲੈਣੀ ਹੈ ਤੇ ਇਹ ਕਿਸਾਨ ਵੀਰਾਂ ਨੇ ਸਾਡੇ ਨਾਲ ਮਿਲ ਕੇ ਲੜਾਈ ਲੜੀ ਹੈ ਤੇ ਅੱਗੇ ਵੀ ਅਸੀਂ ਮਿਲ ਕੇ ਹੀ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਭੁੱਖ ਹੜਤਾਲ ’ਤੇ ਬੈਠੇ ਡੱਲੇਵਾਲ ਨਾਲ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੇ ਲੋਕਾਂ ਦੀਆਂ ਅਰਦਾਸਾਂ ਸਨ। ਇਸੇ ਕਰ ਕੇ ਡੱਲੇਵਾਲ ਅੱਜ ਠੀਕ ਠਾਕ ਬੈਠਿਆ ਹੈ।
ਧਰਨੇ ਦੌਰਾਨ ਮੇਰੇ ਤਿੰਨ ਥਾਵਾਂ ’ਤੇ ਟੈਸਟ ਕੀਤੇ ਗਏ ਜਿਸ ਦੀਆਂ ਰਿਪੋਰਟਾਂ ਮੇਰੇ ਕੋਲ ਪਈਆਂ ਹਨ ਜਿਹੜੀਆਂ ਸਾਰੀਆਂ ਪੋਜੇਟਿਵ ਆਈਆਂ ਸਨ। ਜਿਹੜੇ ਮੇਰੇ ’ਤੇ ਇਲਜਾਮ ਲਗਾ ਰਹੇ ਹਨ ਉਹ ਮੇਰੀਆਂ ਰਿਪੋਰਟਾਂ ਦੇਖ ਸਕਦੇ ਹਨ ਜਾਂ ਫਿਰ ਹਸਪਤਾਲ ’ਚ ਕੱਢਵਾ ਸਕਦੇ ਹਨ। ਇਲਜਾਮ ਲਗਾਉਣ ਵਾਲੇ ਵੀਰ ਐਸਕੇਐਮ ਗ਼ੈਰਰਾਜਨੀਤਕ ਦੀ ਮੀਟਿੰਗ ’ਚ ਸਾਰੇ ਸਬੂਤ ਲੈ ਕੇ ਆਉਣ ਤੇ ਜੇ ਡੱਲੇਵਾਲ ’ਤੇ ਲਗਾਏ ਇਲਜਾਮ ਸਾਬਤ ਹੋ ਗਏ ਤਾਂ ਡੱਲੇਵਾਲ ਨੂੰ ਕੱਢ ਕੇ ਬਾਹਰ ਕਰਨ।
ਸੂਬਾ ਸਰਕਾਰ ਨੇ ਸਾਡਾ ਧਰਨਾ ਚੁੱਕਿਆ ਤੇ ਸਮਾਨ ਚੋਰੀ ਕੀਤਾ ਤੇ ਅਸੀਂ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿਚ ਸੂਬਾ ਸਰਕਾਰ ਦਾ ਕੋਈ ਆਗੂ ਬੈਠੇਗਾ ਤਾਂ ਅਸੀਂ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਦੂਜਾ ਕਿਸਾਨ ਸੂਬਾ ਸਰਕਾਰ ਦੇ ਆਗੂਆਂ ਨੂੰ ਕਿਸਾਨ ਘੇਰ ਰਹੇ ਹਨ। ਰਹੀ ਗੱਲ ਬੀਜੇਪੀ ਦੀ ਜੋ ਕਹਿੰਦੇ ਸੀ ‘ਅਬ ਕੀ ਬਾਰ 400 ਕੇ ਪਾਰ’, 400 ਦੀ ਗੱਲ ਕਰਨ ਵਾਲਿਆਂ ਨੂੰ ਇਸ ਮੋਰਚੇ ਨੇ 240 ’ਚ ਫਸਾ ਦਿਤਾ, ਪੂਰਾ ਬਹੁਮਤ ਨਹੀਂ ਮਿਲਣ ਦਿਤਾ ਤਾਂ ਫਿਰ ਮੋਰਚਾ ਬੀਜੇਪੀ ਦਾ ਹੋਇਆ ਜਾਂ ਫਿਰ ਕਿਸਾਨਾਂ ਦਾ।