ਪਟਿਆਲਾ ਵਾਸੀਆਂ ਲਈ ਖ਼ੁਸ਼ਖ਼ਬਰੀ, ਛੇਤੀ ਹੀ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ 'ਚ ਰਿੰਗ ਰੋਡ ਨੂੰ ਬਣਾਉਣ ਲਈ ਸਿਧਾਂਤਕ ਪ੍ਰਵਾਨਗੀ ਮਿਲੀ

Ring Road

ਚੰਡੀਗੜ੍ਹ : ਪਟਿਆਲਾ ਸ਼ਹਿਰ 'ਚ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੇ ਆਲੇ-ਦੁਆਲੇ ਰਿੰਗ ਰੋਡ ਨੂੰ ਬਣਾਉਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੜਕ ਸਰਹਿੰਦ ਰੋਡ, ਭਾਦਸੋਂ ਰੋਡ ਅਤੇ ਨਾਭਾ ਨੂੰ ਜਾਣ ਵਾਲੀ ਸੜਕ ਨੂੰ ਸੰਗਰੂਰ ਸੜਕ ਤੱਕ ਜੋੜੇਗੀ। 

ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ. (ਬੀ ਐਂਡ ਆਰ) ਨੂੰ ਪਟਿਆਲਾ ਰਿੰਗ ਰੋਡ ਨਾਲ ਸਬੰਧਤ ਵੱਖ-ਵੱਖ ਲੰਬਿਤ ਪਏ ਮੁੱਦਿਆਂ ਨੂੰ ਤੁਰੰਤ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਕੋਲ ਉਠਾਉਣ ਲਈ ਆਖਿਆ ਹੈ ਤਾਂ ਜੋ ਇਸ ਨੂੰ ਸਮੇਂਬਧ ਸੀਮਾਂ ਵਿਚ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। 

ਪੀ.ਡਬਲਯੂ.ਡੀ ਦੇ ਅਧਿਕਾਰੀਆਂ ਨਾਲ ਇਕ ਹੋਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਕ ਹੋਰ ਰਿੰਗ ਰੋਡ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਨਅਤੀ ਜ਼ੋਨ ਦੇ ਰਾਹੀਂ ਸਰਹਿੰਦ ਸੜਕ ਨਾਲ ਜੁੜੇਗੀ। ਉਨ੍ਹਾਂ ਨੇ 200 ਫੁੱਟ ਚੋੜੀ ਇਕ ਹੋਰ ਛੋਟੀ ਦੱਖਣੀ ਸੜਕ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੜਕ ਪਟਿਆਲਾ ਸ਼ਹਿਰ ਦੀ ਦੱਖਣ ਪੂਰਬੀ ਦਿਸ਼ਾ ਵਿਚ ਹੈ ਜੋ ਮਾਸਟਰ ਪਲਾਨ ਦੇ ਅਨੁਸਾਰ ਰਾਜਪੁਰਾ ਸੜਕ ਨੂੰ ਐਲੀਵੇਟਿਡ ਦੱਖਣੀ ਅਤੇ ਸਨੌਰ ਸੜਕ ਨਾਲ ਜੁੜੇਗੀ।

ਕੇਂਦਰੀ ਮੰਤਰੀ ਨੇ ਸੰਗਰੂਰ, ਬਠਿੰਡਾ, ਜਲੰਧਰ, ਪਟਿਆਲਾ, ਮੁਹਾਲੀ/ਚੰਡੀਗੜ੍ਹ ਅਤੇ ਲੁਧਿਆਣਾ ਸਣੇ ਪ੍ਰਮੁੱਖ ਸ਼ਹਿਰਾਂ ਦੁਆਲੇ ਰਿੰਗ ਰੋਡਜ਼ ਦੇ ਨਿਰਮਾਣ ਨੂੰ ਵਿਚਾਰਣ ਲਈ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਹੋਈ ਹੈ। ਸੂਬਾ ਸਰਕਾਰ ਨੇ ਜ਼ਮੀਨ ਦੀ ਪ੍ਰਾਪਤੀ ਲਈ 50 ਫ਼ੀਸਦੀ ਲਾਗਤ ਨੂੰ ਸਹਿਣ ਕਰਨ ਵਾਸਤੇ ਪਹਿਲਾਂ ਹੀ ਸਹਿਮਤੀ ਦਿੱਤੀ ਹੈ। ਸੜਕਾਂ ਦੇ ਨਿਰਮਾਣ ਵਾਸਤੇ ਸਮੁੱਚੀ ਰਾਸ਼ੀ ਸਮੇਤ ਜ਼ਮੀਨ ਪ੍ਰਾਪਤੀ ਦੀ ਲਾਗਤ ਦਾ 50 ਫ਼ੀਸਦੀ ਹਿੱਸਾ ਕੇਂਦਰੀ ਮੰਤਰਾਲੇ ਵੱਲੋਂ ਸਹਿਣ ਕੀਤਾ ਜਾਵੇਗਾ। 

ਮੁੱਖ ਮੰਤਰੀ ਨੇ ਸਾਰੇ ਪ੍ਰਮੁੱਖ ਸ਼ਹਿਰਾਂ ਦੇ ਦੁਆਲੇ ਰਿੰਗ ਰੋਡਜ਼ ਦਾ ਨੈਟਵਰਕ ਸਥਾਪਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨਾਲ ਸਬੰਧਤ ਆਵਾਜਾਈ ਨੂੰ ਬਾਹਰਲੀਆਂ ਸੜਕਾਂ 'ਤੇ ਪਾਉਣ ਲਈ ਇਹ ਰਿੰਗ ਰੋਡਜ਼ ਬਣਾਏ ਜਾ ਰਹੇ ਹਨ ਤਾਂ ਕਿ ਭੀੜ ਭੜਕੇ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਰਿੰਗ ਰੋਡਜ਼ ਦੀ ਧਾਰਨਾ ਭਵਿੱਖ ਵਿੱਚ ਸ਼ਹਿਰੀਕਰਨ, ਆਰਥਿਕ ਵਿਕਾਸ ਦੇ ਰੁਝਾਨ ਦੇ ਮੱਦੇਨਜ਼ਰ ਪ੍ਰਭਾਵੀ ਭੂਮਿਕਾ ਨਿਭਾਏਗੀ। ਉਨ੍ਹਾਂ ਨੇ ਕਿਹਾ ਕਿ ਮਾਸਟਰ ਪਲਾਨ ਦੇ ਅਨੁਸਾਰ ਯੋਜਨਾਬਧ ਵਿਕਾਸ ਹੋਵੇਗਾ ਅਤੇ ਸ਼ਹਿਰਾਂ ਵਿਚ ਗੱਡੀਆਂ ਦੀ ਬਿਨਾ ਅੜਚਨ ਅਤੇ ਸੁਰੱਖਿਅਤ ਆਵਾਜਾਈ ਹੋਵੇਗੀ। 

ਰਿੰਗ ਰੋਡਜ਼ ਢੁਕਵੀਂ ਸੇਧ ਬਾਰੇ ਸੁਝਾਅ ਦੇਣ ਲਈ ਜ਼ਿਲ੍ਹਾ ਪੱਧਰੀ ਇਕ ਕਮੇਟੀ ਪਹਿਲਾਂ ਹੀ ਗਠਿਤ ਕੀਤੀ ਗਈ ਹੈ ਜੋ ਏ.ਸੀ.ਐਸ ਮਾਲ, ਏ.ਸੀ.ਐਸ ਹਾਉਸਿੰਗ, ਪੀ.ਐਸ.ਐਫ ਅਤੇ ਸਕੱਤਰ ਲੋਕ ਨਿਰਮਾਣ (ਬੀ ਐਂਡ ਆਰ.)  ਨੂੰ ਆਪਣੇ ਸੁਝਾਅ ਭੇਜੇਗੀ। ਇਹ ਜ਼ਮੀਨ ਦੀ ਪ੍ਰਾਪਤੀ ਅਤੇ ਪ੍ਰਾਜੈਕਟ ਸਬੰਧੀ ਸੁਝਾਅ ਦੇਵੇਗੀ। ਡੀ.ਸੀ. ਪਟਿਆਲਾ ਦੇ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਬਣੀ ਹੈ ਜਿਸ ਵਿਚ ਸੀ.ਏ. ਪਟਿਆਲਾ, ਵਿਕਾਸ ਅਥਾਰਟੀ, ਜ਼ਿਲ੍ਹਾ ਟਾਉਨ ਪਲਾਨਰ , ਕਮਿਸ਼ਨਰ ਮਿਉਂਸੀਪਲ ਕਾਰਪੋਰੇਸ਼ਨ ਪਟਿਆਲਾ ਅਤੇ ਕਾਰਜਕਾਰੀ ਇੰਜਨੀਅਰ ਸੈਂਟਰਲ ਵਰਕਸ, ਡਿਵੀਜ਼ਨ ਇਸ ਦੇ ਮੈਂਬਰ ਹਨ। ਸੂਬਾ ਪੱਧਰੀ ਕਮੇਟੀ ਇਸ ਦੀ ਢੁਕਵੀਂ ਸੇਧ ਸਬੰਧੀ ਸੜਕੀ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਨੂੰ ਆਪਣੀ ਸਿਫਾਰਸ਼ ਭੇਜੇਗੀ।

ਮੀਟਿੰਗ ਵਿਚ ਪੰਜਾਬ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪੀ.ਡਬਲਯੂ.ਡੀ. ਮੰਤਰੀ ਵਿਜੇਇੰਦਰ ਸਿੰਘ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਏ.ਸੀ.ਐਸ ਵਿੱਤ ਕਲਪਨਾ ਮਿੱਤਲ ਬਰੂਆ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮਕਾਨ ਅਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ ਹੁਸਨ ਲਾਲ, ਡੀ.ਸੀ.ਪਟਿਆਲਾ ਕੁਮਾਰ ਅਮਿਤ, ਪੀ.ਡੀ.ਏ ਪਟਿਆਲਾ ਦੇ ਸੀ ਏ ਸੁਰਭੀ ਮਲਿਕ ਅਤੇ ਸੀ.ਟੀ.ਪੀ ਪੰਜਾਬ ਗੁਰਪ੍ਰੀਤ ਸਿੰਘ ਹਾਜ਼ਰ ਸਨ।