ਪੰਜਾਬ 'ਚ ਕੋਰੋਨਾ ਵਾਇਰਸ ਨਾਲ 2 ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਘੰਟੇ 'ਚ 41 ਨਵੇਂ ਪਾਜ਼ੇਟਿਵ ਮਾਮਲੇ ਆਏ

File Photo

ਚੰਡੀਗੜ੍ਹ, 28 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਕੇਸਾਂ ਦਾ ਮੁੜ ਉਛਾਲ ਆਉਣਾ ਸ਼ੁਰੂ ਹੋ ਗਿਆ ਹੈ। 24 ਘੰਟਿਆਂ ਦੌਰਾਨ 41 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆÂੈ ਹਨ ਜਦ ਕਿ 2 ਹੋਰ ਮੌਤਾਂ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਕ ਮੌਤ ਲੁਧਿਆਣਾ ਅਤੇ ਇਕ ਅੰਮ੍ਰਿਤਸਰ ਵਿਚ ਹੋਈ ਹੈ। ਨਵੇਂ ਕੇਸ ਅੱਜ ਜ਼ਿਲ੍ਹਾ ਅੰਮ੍ਰਿਤਸਰ, ਹੁਸ਼ਿਆਰਪੁਰ, ਪਠਾਨਕੋਟ, ਲੁਧਿਆਣਾ, ਰੋਪੜ, ਮੋਹਾਲੀ, ਬਰਨਾਲਾ ਅਤੇ ਸੰਗਰੂਰ ਤੋਂ ਆਏ ਹਨ। ਅੱਜ 28 ਹੋਰ ਪੀੜਤ ਠੀਕ ਵੀ ਹੋਏ ਹਨ। ਕੁੱਲ ਪਾਜ਼ੇਟਿਵ ਮਾਮਲੇ ਹੁਣ 2180 ਹੋ ਚੁੱਕੇ ਹਨ। ਇਨ੍ਹਾਂ 'ਚੋਂ ਕੁੱਲ 1946 ਠੀਕ ਹੋਏ ਹਨ। 172 ਕੋਰੋਨਾ ਪੀੜਤ ਇਸ ਸਮੇਂ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਸੂਬੇ ਵਿਚ ਹੁਣ ਤੱਕ ਮੌਤਾਂ ਦੀ ਗਿਣਤੀ 42 ਹੋ ਚੁੱਕੀ ਹੈ। ਇਸ ਸਮੇਂ ਸੱਭ ਤੋਂ ਵੱਧ ਪਾਜ਼ੇਟਿਵ ਕੇਸ ਜ਼ਿਲ੍ਹਾ ਅੰਮ੍ਰਿਤਸਰ ਵਿਚ 362 ਹਨ। ਇਨ੍ਹਾਂ 'ਚੋਂ 306 ਠੀਕ ਹੋ ਚੁੱਕੇ ਹਨ। ਇਸ ਤੋਂ ਬਾਅਦ ਜਲੰਧਰ ਵਿਚ ਕੁੱਲ 233 ਪਾਜ਼ੇਟਿਵ ਮਾਮਲਿਆਂ ਵਿਚੋਂ 209 ਠੀਕ ਹੋ ਚੁੱਕੇ ਹਨ। ਲੁਧਿਆਣੇ ਦੇ 176 ਪਾਜ਼ੇਟਿਵ ਕੇਸਾਂ ਵਿਚੋਂ 135 ਠੀਕ ਹੋਏ ਹਨ।

ਅੰਮ੍ਰਿਤਸਰ 'ਚ  ਔਰਤ ਦੀ ਮੌਤ
ਅੰਮ੍ਰਿਤਸਰ, 28 ਮਈ (ਪਪ) : ਅੰਮ੍ਰਿਤਸਰ 'ਚ ਅੱਜ ਜ਼ੇਰੇ ਇਲਾਜ ਔਰਤ ਦੀ ਮੌਤ ਹੋ ਗਈ ਹੈ ਜਿਸ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਪਾਈ ਗਈ ਸੀ। ਮ੍ਰਿਤਕ ਔਰਤ ਨੂੰ ਬੀਤੇ ਦਿਨ ਹੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ ਜਿਸ ਦੀ ਹਾਲਤ ਨਾਜ਼ੁਕ ਅਤੇ ਗੰਭੀਰ ਹੋਣ ਕਾਰਨ ਉਸ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਸੀ। ਇਸ ਦੀ ਪੁਸ਼ਟੀ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਰਮਨ ਸ਼ਰਮਾ ਵਲੋਂ ਕੀਤੀ ਗਈ ਹੈ। ਅੱਜ ਸ਼ਹਿਰ ਵਿਚ ਕੋਰੋਨਾਵਾਇਰਸ ਦੇ 7 ਹੋਰ ਪਾਜ਼ੇਟਿਵ ਕੇਸ ਪਾਏ ਗਏ।
ਲੁਧਿਆਣਾ 'ਚ ਇਕ ਦੀ ਮੌਤ
ਜਲੰਧਰ/ਲੁਧਿਆਣਾ, 27 ਮਈ (ਸ਼ਰਮਾ /ਲੱਕੀ ) : ਲੁਧਿਆਣਾ ਵਿਚ ਅੱਜ ਇਕ ਹੋਰ ਮੌਤ ਹੋਣ ਨਾਲ ਸ਼ਹਿਰ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 8 ਹੋ ਗਈ ਹੈ। ਜਾਣਕਾਰੀ ਅਨੁਸਾਰ 20 ਮਈ ਨੂੰ ਆਰਪੀਐਫ ਜਵਾਨ ਪਵਨ ਕੁਮਾਰ (49), ਵਾਸੀ ਕਰੋਲ ਬਾਗ ਜਲੰਧਰ, ਜੋ ਕਿ ਲੁਧਿਆਣਾ ਵਿਚ ਡਿਊਟੀ ਦੇ ਰਿਹਾ ਸੀ, ਜਿਸ ਦੌਰਾਨ ਉਹ ਕਰੋਨਾ ਦੀ ਚਪੇਟ ਵਿਚ ਆ ਗਿਆ ਸੀ ਤੇ ਉਸ ਦੀ ਰੀਪੋਰਟ ਪਾਜ਼ੇਟਿਵ ਆਈ ਸੀ। ਉਸ ਨੂੰ ਲੁਧਿਆਣਾ ਵਿੱਚ ਹੀ ਦਾਖਲ ਕੀਤਾ ਗਿਆ ਸੀ  ਜਿਥੇ ਉਸ ਦੀ ਮੌਤ ਹੋ ਗਈ।
ਤਰਨ ਤਾਰਨ 'ਚ  ਦੋ ਕੋਰੋਨਾ ਪਾਜ਼ੇਟਿਵ
ਤਰਨ ਤਾਰਨ, 28 ਮਈ (ਪਪ) : ਤਰਨਤਾਰਨ 'ਚ ਦੋ ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਇਨ੍ਹਾਂ 'ਚੋਂ ਇਕ ਵਿਅਕਤੀ ਅਮਰੀਕਾ ਅਤੇ ਇਕ ਮਹਾਰਾਸ਼ਟਰ ਤੋਂ ਆਇਆ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਤਰਨਤਾਰਨ ਦੇ ਆਈਸੋਲੇਸ਼ਨ ਵਾਰਡ 'ਚ ਇਲਾਜ ਲਈ ਰੱਖਿਆ ਗਿਆ ਹੈ।
ਪਠਾਨਕੋਟ : ਦੋ ਮਾਮਲੇ
ਪਠਾਨਕੋਟ, 28 ਮਈ (ਪਪ) : ਜ਼ਿਲ੍ਹਾ ਪਠਾਨਕੋਟ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਦੋਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਰਿਸ਼ਤੇ 'ਚ ਪਿਉ-ਪੁੱਤਰ ਹਨ ਜਿਸ ਨਾਲ ਜ਼ਿਲ੍ਹਾ ਪਠਾਨਕੋਟ 'ਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ ਡਾ. ਭੁਪਿੰਦਰ ਸਿੰਘ ਨੇ ਕਰਦੇ ਵਲੋਂ ਕੀਤੀ ਗਈ ਹੈ।

ਸੰਗਰੂਰ : ਕੋਰੋਨਾ ਦੇ ਤਿੰਨ ਨਵੇਂ ਕੇਸ
ਸੰਗਰੂਰ, 28 ਮਈ (ਸ.ਸ.ਸ.) : ਜ਼ਿਲ੍ਹਾ ਸੰਗਰੂਰ ਵਿਖੇ 3 ਨਵੇਂ ਪਾਜ਼ੇਟਿਵ ਕੇਸ ਆਉਣ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸਆਿਮ ਥੋਰੀ ਨੇ ਹਦਾਇਤ ਕੀਤੀ ਕਿ ਪਾਜ਼ੇਟਿਵ ਪਾਏ ਗਏ ਲੋਕਾਂ ਦੀ ਕੰਟੈਕਟ ਟਰੇਸਿੰਗ ਕਰਦੇ ਹੋਏ ਮੁਕੰਮਲ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ।  ਉਨ੍ਹਾਂ ਦਸਿਆ ਕਿ ਕਲ 213 ਸੈਂਪਲ ਲਏ ਗਏ ਸਨ ਜਿਸ ਵਿਚੋਂ 210 ਸੈਂਪਲ ਨੈਗੇਟਿਵ ਆਏ ਹਨ ਅਤੇ 3 ਪਾਜ਼ੇਟਿਵ ਪਾਏ ਗਏ ਹਨ ਜੋ ਕਿ ਮਲੇਰਕੋਟਲਾ ਦੇ ਵਸਨੀਕ ਹਨ। ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਦਸਿਆ ਕਿ ਨਵੇਂ ਪਾਜ਼ੇਟਿਵ ਪਾਏ ਮਰੀਜ਼ਾਂ ਵਿਚ, ਪਹਿਲਾਂ ਤੋਂ ਪਾਜ਼ੇਟਿਵ ਪਾਈ ਆਸ਼ਾ ਵਰਕਰ ਦੀ ਬੇਟੀ ਤੋਂ ਇਲਾਵਾ ਇਕ ਅੰਤਰਰਾਜੀ ਯਾਤਰਾ ਕਰਨ ਵਾਲਾ ਨਾਗਰਿਕ ਅਤੇ ਇਕ ਨੰਨ੍ਹੀ ਬੱਚੀ ਸ਼ਾਮਲ ਹੈ।

ਟਾਂਡਾ ਦੇ ਪਿੰਡ 'ਚ ਆਏ ਚਾਰ ਪਾਜ਼ੇਟਿਵ
ਟਾਂਡਾ ਉੜਮੁੜ, 28 ਮਈ (ਅੰਮ੍ਰਿਤਪਾਲ ਬਾਜਵਾ) : ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਵਾਇਰਸ ਦਾ ਹਾਟਸਪਾਟ ਬਣ ਗਿਆ ਹੈ। ਅੱਜ ਆਈਆਂ ਰੀਪੋਰਟਾਂ 'ਚੋਂ 4 ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ 'ਚ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ। ਪਿੰਡ 'ਚ ਕੋਰੋਨਾ ਵਾਇਰਸ ਨਾਲ ਮਰੇ ਲਖਵਿੰਦਰ ਸਿੰਘ ਦੇ ਸੰਪਰਕ 'ਚ ਆਏ ਹੁਣ ਤਕ 14 ਲੋਕਾਂ ਦੀ ਰਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਲਗਾਤਾਰ ਇਸ ਚੇਨ ਨੂੰ ਤੋੜਨ 'ਚ ਲੱਗੀ ਹੋਈ ਹੈ। ਇਸੇ ਤਹਿਤ ਅੱਜ ਐਸ.ਐਮ.ਓ. ਕੇ.ਆਰ. ਬਾਲੀ ਦੀ ਅਗਵਾਈ 'ਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੋਡਲ ਅਫ਼ਸਰ ਡਾ. ਹਰਪ੍ਰੀਤ ਸਿੰਘ, ਡਾ. ਕਰਨ ਵਿਰਕ, ਡਾ. ਰਵੀ ਕੁਮਾਰ, ਸ਼ਵਿੰਦਰ ਸਿੰਘ ਆਦਿ ਨੇ ਸੁਰੱਖਿਅਤ ਤਰੀਕੇ ਨਾਲ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਹੁਸ਼ਿਆਰਪੁਰ ਦੇ ਏਕਾਂਤਵਾਸ ਸੈਂਟਰ 'ਚ ਇਲਾਜ ਲਈ ਲਿਜਾਇਆ ਗਿਆ।
ਇਸ ਦੇ ਨਾਲ ਹੀ ਸਾਰੇ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਟਰੇਸ ਕਰ ਕੇ ਉਨ੍ਹਾਂ ਦੇ ਟੈਸਟ ਕਰਵਾਉਣ ਲਈ ਵੀ ਵਿਭਾਗ ਦੀ ਟੀਮ ਉੱਦਮ ਕਰ ਰਹੀ ਹੈ। ਇਸ ਗੱਲ ਦੀ ਪੁਸ਼ਟੀ ਐਸ.ਐਮ.ਓ. ਟਾਂਡਾ ਕੇ.ਆਰ. ਬਾਲੀ ਨੇ ਕਰਦੇ ਦਸਿਆ ਕਿ ਅਜੇ ਕਈ ਪਿੰਡ ਵਾਸੀਆਂ ਦੀ ਰੀਪੋਰਟ ਆਉਣੀ ਬਾਕੀ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ 10 ਪਾਜ਼ੇਟਿਵ ਕੇਸਾਂ ਦੇ ਆਉਣ 'ਤੇ ਹੀ ਬੜੀ ਦੇਰੀ ਨਾਲ ਪਿੰਡ ਨੂੰ ਬੀਤੀ ਸ਼ਾਮ ਸੀਲ ਕਰ ਦਿਤਾ ਸੀ। 

ਪੰਜਾਬ ਕੋਰੋਨਾ ਅਪਡੇਟ
ਕੁੱਲ ਸੈਂਪਲ : 72468
ਨੈਗੇਟਿਵ : 67325
ਪਾਜ਼ੇਟਿਵ : 2168
ਠੀਕ ਹੋਏ : 1946
ਇਲਾਜ ਅਧੀਨ : 172
ਲੰਬਿਤ ਸੈਂਪਲ : 2985
ਕੁੱਲ ਮੌਤਾਂ : 42

ਰੂਪਨਗਰ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਆਇਆ
ਕਾਹਨਪੁਰ ਖੂਹੀ, 28 ਮਈ (ਜਗਤਾਰ ਜੱਗੀ) : ਕੁੱਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ ਹੋਏ ਰੂਪਨਗਰ ਜ਼ਿਲ੍ਹੇ ਦੇ ਕਸਬਾ ਨੂਰਪੁਰਬੇਦੀ ਦੇ ਪਿੰਡ ਝੱਜ 'ਚ ਮੁੜ ਕੋਰੋਨਾ ਨੇ ਦਸਤਕ ਦਿਤੀ ਹੈ। ਜਾਣਕਾਰੀ ਅਨੁਸਾਰ ਪਿੰਡ ਝੱਜ ਦਾ 33 ਸਾਲਾ ਟੈਕਸੀ ਚਾਲਕ ਜੋ ਕੁੱਝ ਦਿਨ ਪਹਿਲਾਂ ਦਿੱਲੀ ਤੋਂ ਵਾਪਸ ਆਇਆ ਸੀ ਅਤੇ (ਅਸਿੰਪਟੋਮੈਟਿਕ) ਹੋਣ ਕਰ ਕੇ ਘਰ 'ਚ ਕੁਆਰੰਟੀਨ ਸੀ। ਸਿਹਤ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਉਕਤ ਵਿਅਕਤੀ ਦਾ ਰੈਂਡਡਿੰਮਲੀ ਦੋ ਦਿਨ ਪਹਿਲਾਂ ਸੈਂਪਲ ਲਿਆ ਗਿਆ ਸੀ, ਜਿਸ ਦੀ ਦੇਰ ਸ਼ਾਮ ਪ੍ਰਾਪਤ ਹੋਈ ਰੀਪੋਰਟ ਪਾਜ਼ੇਟਿਵ ਆਈ ਹੈ।

ਮੋਹਾਲੀ : ਇਕ ਹੋਰ ਕੋਰੋਨਾ ਮਰੀਜ਼
ਐਸ ਏ ਐਸ ਨਗਰ, 28 ਮਈ (ਸੁਖਦੀਪ ਸਿੰਘ ਸੋਈਂ) : ਐਸ.ਏ.ਐਸ. ਨਗਰ ਜ਼ਿਲ੍ਹੇ ਵਿਚ ਅੱਜ ਇਕ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਸੰਯੁਕਤ ਰਾਜ ਅਮਰੀਕਾ ਤੋਂ ਪਰਤੇ ਪਰਵਾਸੀ ਭਾਰਤੀ ਦੇ ਟੈਸਟ ਪਾਜ਼ੇਟਿਵ ਹੋਣ ਨਾਲ ਤੀਜਾ ਐਕਟਿਵ ਕੇਸ ਸਾਹਮਣੇ ਆਇਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਸਿਆ ਕਿ ਇਹ ਪ੍ਰਵਾਸੀ ਭਾਰਤੀ ਡੇਰਾਬੱਸੀ ਦਾ 32 ਸਾਲਾ ਵਿਅਕਤੀ ਹੈ ਅਤੇ 20 ਮਈ ਨੂੰ ਵਾਪਸ ਪਰਤਿਆ ਸੀ। ਇਸ ਤੋਂ ਪਹਿਲਾਂ ਨਵਾਗਾਉਂ ਦੇ ਆਦਰਸ਼ ਨਗਰ ਦੀ ਇਕ 29 ਸਾਲਾ ਮਹਿਲਾ ਅਤੇ ਫਿਰ ਮੋਹਾਲੀ ਦੇ ਸੈਕਟਰ 71 ਦਾ ਵਾਸੀ ਕੋਰੋਨਾ ਪਾਜ਼ੇਟਿਵ ਆਏ ਹਨ। ਹੁਣ ਤਕ, ਕੁਲ ਮਾਮਲਿਆਂ ਦੀ ਗਿਣਤੀ 107 ਹੈ, ਜਿਨ੍ਹਾਂ ਵਿਚੋਂ 2 ਐਕਟਿਵ ਮਾਮਲੇ, 3 ਮੌਤਾਂ ਅਤੇ 102 ਮਰੀਜ਼ ਠੀਕ ਹੋ ਚੁੱਕੇ ਹਨ।