ਕੋਰੋਨਾ ਦਾ ਕੇਂਦਰ ਬਣੀ ਬਾਪੂਧਾਮ ਕਾਲੋਨੀ ਤੋਂ ਪ੍ਰਵਾਸੀਆਂ ਨੂੰ ਭੇਜਿਆ ਜਾ ਰਿਹੈ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਦਾ ਕੇਂਦਰ ਬਣੀ ਬਾਪੂਧਾਮ ਕਾਲੋਨੀ ਤੋਂ ਪ੍ਰਵਾਸੀਆਂ ਨੂੰ ਭੇਜਿਆ ਜਾ ਰਿਹੈ ਬਾਹਰ

ਫੋਟੋ ਸੰਤੋਖ਼ ਸਿੰਘ

ਚੰਡੀਗੜ੍ਹ, 28 ਮਈ (ਤਰੁਣ ਭਜਨੀ) : ਸ਼ਹਿਰ ਤੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਲੋਕਾਂ ਨੂੰ ਟ੍ਰੇਨ ਰਾਹੀਂ ਉਨ੍ਹਾਂ ਦੇ ਘਰਾਂ ਦਾ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਨ੍ਹਾ ਲੋਕਾਂ ਨੂੰ ਇਨ੍ਹਾ ਟ੍ਰੇਨਾਂ ਰਾਹੀਂ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਵੱਖ ਵੱਖ ਜਿਲਿਆਂ ਵਿਚ ਭੇਜਿਆ ਜਾ ਰਿਹਾ ਹੈ, ਉਨ੍ਹਾਂ ਪ੍ਰਵਾਸੀਆਂ ਵਿਚ ਬਾਪੂਧਾਮ ਕਾਲੋਨੀ ਦੇ ਲੋਕ ਵੀ ਸ਼ਾਮਲ ਹਨ।

ਅਜਿਹਾ ਕਰ ਕੇ ਚੰਡੀਗੜ੍ਹ ਪ੍ਰਸ਼ਾਸਨ ਦੂਜੇ ਰਾਜਾਂ ਲਈ ਮੁਸੀਬਤ ਖੜੀ ਕਰ ਰਿਹਾ ਹੈ। ਸੈਕਟਰ-26 ਸਥਿਤ ਸੀਸੀਈਟੀ ਵਿਚ ਵੱਡੀ ਗਿਣਤੀ ਵਿਚ ਬਾਪੂਧਾਮ ਕਾਲੋਨੀ ਤੋਂ ਪਰਵਾਸੀ ਲੋਕਾਂ ਨੂੰ ਵਾਪਸ ਭੇਜਣ ਲਈ ਥਰਮਲ ਸਕਰੀਨਿੰਗ ਲਈ ਬੁਲਾਇਆ ਗਿਆ ਹੈ।

ਬਾਪੂਧਾਮ ਕਾਲੋਨੀ ਤੋਂ ਆਏ ਇਨ੍ਹਾਂ ਲੋਕਾਂ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸ਼ਾਮ ਨੂੰ ਉਤਰ ਪ੍ਰਦੇਸ਼ ਦੇ ਗੋਰਖਪੁਰ ਜਾਣ ਵਾਲੀ ਮਜ਼ਦੂਰ ਸਪੈਸ਼ਲ ਟ੍ਰੇਨ ਵਿਚ ਭੇਜਿਆ ਗਿਆ ਹੈ। ਕਾਲੋਨੀ ਤੋਂ ਪਰਵਾਸੀ ਲੋਕਾਂ ਨੂੰ ਭੇਜਣ ਤੇ ਚੰਡੀਗੜ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ।

ਇਸ ਸਮੇਂ ਬਾਪੂਧਾਮ ਚੰਡੀਗੜ੍ਹ ਦਾ ਸੱਭ ਤੋਂ ਜ਼ਿਆਦਾ ਕੋਰੋਨ ਪਾਜ਼ੇਟਿਵ ਪਾਏ ਜਾਣ ਵਾਲੇ ਲੋਕਾਂ ਦਾ ਕੇਂਦਰ ਬਣਿਆ ਹੋਇਆ ਹੈ। ਅਜਿਹੇ ਵਿਚ ਬਾਪੂਧਾਮ ਕਾਲੋਨੀ ਤੋਂ ਇਨ੍ਹਾਂ ਲੋਕਾਂ ਨੂੰ ਵਾਪਸ ਭੇਜਣ ਲਈ ਬੁਲਾਏ ਜਾਣਾ ਟ੍ਰੇਨ ਵਿਚ ਸਫ਼ਰ ਕਰ ਰਹੇ ਦੂਜੇ ਮੁਸਾਫ਼ਰਾਂ ਲਈ ਵੀ ਖ਼ਤਰਨਾਕ ਹੋ ਸਕਦਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਹਾਲੇ ਤਕ ਬਾਪੂਧਾਮ ਕਲੋਨੀ ਤੋਂ ਉਤਰ ਪ੍ਰਦੇਸ਼ ਦੇ ਸੱਤ ਜਿਲਿਆਂ ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਲਖਨਊ, ਜੌਨਪੁਰ ਅਤੇ ਸੁਲਤਾਨਪੁਰ ਵਿਚ ਪਰਵਾਸੀ ਲੋਕਾਂ ਨੂੰ ਭੇਜਿਆ ਜਾ ਚੁੱਕਾ ਹੈ। ਸ਼ਹਿਰ ਤੋਂ ਉਤਰ ਪ੍ਰਦੇਸ਼ ਅਤੇ ਬਿਹਾਰ ਭੇਜੇ ਜਾਣ ਵਾਲੇ ਲੋਕਾਂ ਦੀ ਕੇਵਲ ਥਰਮਲ ਸਕਰੀਨਿੰਗ ਹੀ ਕੀਤੀ ਜਾ ਰਹੀ ਹੈ।

ਅਜਿਹਾ ਹੀ ਕੁੱਝ ਬਾਪੂਧਾਮ ਤੋਂ ਉਤਰ ਪ੍ਰਦੇਸ਼ ਭੇਜੇ ਜਾਣ ਵਾਲੇ ਕਰੀਬ 800 ਪਰਵਾਸੀ ਲੋਕਾਂ ਦੇ ਨਾਲ ਵੀ ਹੋ ਰਿਹਾ ਹੈ। ਇਨ੍ਹਾ ਲੋਕਾਂ ਦੀ ਕੇਵਲ ਥਰਮਲ ਸਕਰੀਨਿੰਗ ਕਰ ਕੇ ਉਨ੍ਹਾਂ ਨੂੰ ਟ੍ਰੇਨ ਦਾ ਟਿਕਟ ਉਪਲਬਧ ਕਰਵਾਇਆ ਜਾ ਰਿਹਾ ਹੈ।  

ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਤੋਂ ਦੋ ਦਿਨਾਂ ਵਿਚ ਕਰੀਬ 1000 ਲੋਕਾਂ ਨੂੰ ਮਜਦੂਰ ਸਪੈਸ਼ਲ ਟ੍ਰੇਨ ਤੋਂ ਉਤਰ ਪ੍ਰਦੇਸ਼ ਦੇ ਸੱਤ ਸ਼ਹਿਰਾਂ ਵਿਚ ਭੇਜ ਦਿਤਾ ਗਿਆ ਹੈ। ਜਦੋਂ ਕਿ ਕੰਟੇਨਮੈਂਟ ਜ਼ੋਨ ਤੋਂ ਨਾ ਤਾਂ ਕੋਈ ਬਾਹਰ ਆ ਸਕਦਾ ਹੈ ਅਤੇ ਨਾ ਹੀ ਅੰਦਰ ਜਾ ਸਕਦਾ ਹੈ।

ਅਜਿਹੇ ਵਿਚ ਯੂਟੀ ਪ੍ਰਸ਼ਾਸਨ ਦੀ ਇਹ ਲਾਪਰਵਾਹੀ ਉਤਰ ਪ੍ਰਦੇਸ਼ ਤੇ ਭਾਰੀ ਪੈ ਸਕਦੀ ਹੈ। ਸਵੇਰੇ ਹੀ ਇਹ ਪ੍ਰਵਾਸੀ ਸੈਕਟਰ-26 ਦੇ ਸੀਸੀਈਟੀ ਵਿਚ ਇੱਕਠੇ ਹੋ ਜਾਂਦੇ ਹਨ। ਜਿਸਦੇ ਬਾਅਦ ਇਨ੍ਹਾ ਦੀ ਸਕਰਿੰਨਿੰਗ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਬੱਸਾਂ ਵਿਚ ਬੈਠਾ ਕੇ ਇਨ੍ਹਾ ਨੂੰ ਰੇਲਵੇ ਸਟੇਸ਼ਨ ਛੱਡਿਆ ਜਾਂਦਾ ਹੈ।

ਦੂਜੇ ਪਾਸੇ ਪ੍ਰਸ਼ਾਸਨ ਨੇ ਅਧਿਕਾਰੀਆਂ ਮੁਤਾਬਕ ਬਾਪੂਧਾਮ ਕਾਲੋਨੀ ਦੇ ਜਿਨ੍ਹਾ ਲੋਕਾਂ ਨੂੰ ਟ੍ਰੇਨ ਵਿਚ ਭੇਜਿਆ ਜਾ ਰਿਹਾ ਹੈ, ਉਹ ਲੋਕ ਬਫ਼ਰ ਜੋਨ ਵਿਚ ਰਹਿੰਦੇ ਹਨ। ਅਧਿਕਾਰੀਆਂ ਮੁਤਾਬਕ ਬਾਪੂਧਾਮ ਦੇ ਕੰਟੇਨਮੈਂਟ ਜੋਨ ਤੋਂ ਕਿਸੇ ਵੀ ਵਿਅਕਤੀ ਨੂੰ ਬਾਹਰ ਆਉਣ ਦੀ ਇਜਾਜਤ ਨਹੀ ਹੈ। ਜਿਨ੍ਹਾਂ ਲੋਕਾਂ ਨੂੰ ਟ੍ਰੇਨ ਵਿਚ ਭੇਜਿਆ ਜਾ ਰਿਹਾ ਹੈ ਉਨ੍ਹਾ ਦੀ ਮੈਡੀਕਲ ਜਾਂਚ ਵੀ ਕਰਵਾਈ ਜਾ ਰਹੀ ਹੈ।