ਤਾਲਾਬੰਦੀ ਖ਼ਤਮ ਕਰਾਉਣ ਲਈ ਜਨਤਕ ਜਥੇਬੰਦੀਆਂ ਨੇ ਪਿੰਡਾਂ 'ਚ ਸਾੜੀਆਂ ਸਰਕਾਰ ਦੀਆਂ ਅਰਥੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਲਾਬੰਦੀ ਖ਼ਤਮ ਕਰਾਉਣ ਲਈ ਜਨਤਕ ਜਥੇਬੰਦੀਆਂ ਨੇ ਪਿੰਡਾਂ 'ਚ ਸਾੜੀਆਂ ਸਰਕਾਰ ਦੀਆਂ ਅਰਥੀਆਂ

ਸਰਕਾਰ ਦੀਆਂ ਅਰਥੀਆਂ ਫੂਕਦੇ ਹੋਏ ਜਨਤਕ ਜਥੇਬੰਦੀ ਦੇ ਆਗੂ। (ਸੰਜੂ)

ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ/ਗੁਰਦੇਵ ਸਿੰਘ): ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਵਲੋਂ ਤਾਲਾਬੰਦੀ ਦੌਰਾਨ ਲੋਕਾਂ ਲਈ ਜ਼ਰੂਰੀ ਵਸਤਾਂ ਮੁਹਈਆ ਕਰਨ 'ਚ ਨਾਕਾਮ, ਇਸ ਦੀ ਆੜ ਹੇਠ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧ ਸੋਧਾਂ ਕਰਨ, ਬੁੱਧੀਜੀਵੀਆਂ ਨੂੰ ਜੇਲੀ ਡੱਕਣ, ਆਮ ਲੋਕਾਂ ਨੂੰ ਜਬਰੀ ਕੁੱਟਣ, ਪਰਚੇ ਕਰਨ ਵਾਲੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝਬੇਲਵਾਲੀ, ਭੁੱਟੀਵਾਲਾ, ਚੱਕ ਗਾਂਧਾ ਸਿੰਘ ਵਾਲਾ ਵਿਚ ਅਰਥੀਆਂ ਸਾੜ ਕੇ ਤਾਲਾਬੰਦੀ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ।

ਸਰਕਾਰ ਦੀਆਂ ਅਰਥੀਆਂ ਫੂਕਦੇ ਹੋਏ ਜਨਤਕ ਜਥੇਬੰਦੀ ਦੇ ਆਗੂ। (ਸੰਜੂ)


   ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਗਗਨ ਸੰਗਰਾਮੀ, ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਆਜਾਦ, ਲਖਵੰਤ ਕਿਰਤੀ ਅਤੇ ਡੋਮੋਕ੍ਰੇਟਿਕ ਟੀਚਰਜ ਫਰੰਟ ਦੇ ਆਗੂ ਜਸਵਿੰਦਰ ਝਬੇਲਵਾਲੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਲੋਕਾਂ ਲਈ ਮੁਸ਼ੀਬਤ ਅਤੇ ਸਰਕਾਰਾਂ ਲਈ ਨਿਆਮਤ ਬਣ ਕੇ ਬਹੁੜਿਆ ਹੈ। ਤਾਲਾਬੰਦੀ ਦੀ ਆੜ ਵਿਚ ਕੇਂਂਦਰ ਸਰਕਾਰ ਹਵਾਈ ਅੱਡੇ, ਕੋਇਲੇ ਦੀਆਂ ਖਾਣਾਂ ਆਦਿ ਨਿੱਜੀ ਹੱਥਾਂ ਨੂੰ ਵੇਚ ਚੁੱਕੀ ਹੈ। ਹੁਣ ਕਿਸਾਨਾਂ ਦੀ ਖੇਤੀ ਦੀ ਬਿਜਲੀ ਸਬਸਿਡੀ ਕੱਟਣ ਜਾ ਰਹੀ ਹੈ। ਕਿਰਤ ਕਾਨੂੰਨਾਂ ਵਿਚ ਸੋਧਾਂ ਕਰਕੇ ਕੰਮ ਦੇ ਘੰਟੇ 8 ਤੋਂ 12 ਕਰਨ ਦੀ ਤਿਆਰੀ ਕਰ ਰਹੀ ਹੈ।


  ਲੋਕ ਹਿੱਤਾਂ ਦੇ ਰਾਖੇ ਗੌਤਮ ਨਵਲੱਖਾ ਜੇਹਿਆ ਨੂੰ ਜੇਲੀਂ ਡੱਕ ਕੇ ਉਨ੍ਹਾਂ ਦੀਆਂ ਜਾਨਾਂ ਲੈ ਲੈਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਐਲਾਨ ਕਰਨ ਦੇ ਬਾਵਜੂਦ ਲੋੜਵੰਦਾਂ ਨੂੰ ਰਾਸ਼ਨ ਨਹੀਂ ਦਿਤਾ, ਸਕੂਲਾਂ ਵਾਲੇ ਵਿਦਿਆਰਥੀਆਂ ਤੋਂ ਜਬਰੀ ਫ਼ੀਸਾਂ ਅਤੇ ਮਾਈਕ੍ਰੋ ਫ਼ਾਈਨਾਂਸ ਕੰਪਨੀਆਂ ਵਾਲੇ ਕਰਜੇ ਦੀਆਂ ਕਿਸ਼ਤਾਂ ਮੰਗ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਹਰ ਮਜ਼ਦੂਰ ਦੇ ਖਾਤੇ ਵਿਚ 10-10 ਹਜ਼ਾਰ ਰੁਪਏ ਪਾਵੇ।
ਉਨ੍ਹਾਂ ਸਰਕਾਰ ਦੀਆਂ ਤਮਾਮ ਨਾਕਾਮੀਆਂ, ਧੱਕੇਸ਼ਾਹੀਆਂ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਤਾਲਬੰਦੀ ਨੂੰ ਤੁਰਤ ਖੋਲ੍ਹਿਆ ਜਾਵੇ। ਜੇਕਰ ਸਰਕਾਰ 31 ਮਈ ਤੋਂ ਅੱਗੇ ਲਾਕਡਾਉਨ ਵਧਾਉਂਦੀ ਹੈ ਤਾਂ ਅਸੀ ਸੜਕਾਂ 'ਤੇ ਆਵਾਂਗੇ। ਇਸ ਮੌਕੇ ਸਤਨਾਮ ਸਿੰਘ, ਬਸੰਤ ਸਿੰਘ, ਕੇਵਲ ਸਿੰਘ, ਰਾਜਦੇਵ ਸਿੰਘ, ਪ੍ਰਦੀਪ ਕੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।