ਟਿੱਡੀ ਦਲਾਂ ਦੇ ਟਾਕਰੇ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਪੰਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਿੱਡੀ ਦਲ ਜੋ ਪਿਛਲੇ ਦੋ ਦਿਨਾਂ ਤੋਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ 'ਚ ਘੁੰਮ

File Photo

ਚੰਡੀਗੜ੍ਹ, 28 ਮਈ (ਐਸ.ਐਸ. ਬਰਾੜ) : ਟਿੱਡੀ ਦਲ ਜੋ ਪਿਛਲੇ ਦੋ ਦਿਨਾਂ ਤੋਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ 'ਚ ਘੁੰਮ ਰਿਹਾ ਹੈ। ਪੰਜਾਬ ਅਜੇ ਤਕ ਇਸ ਦੀ ਮਾਰ ਤੋਂ ਬਚਿਆ ਹੈ। ਇਸ ਦੇ ਖ਼ਾਤਮੇ ਲਈ ਰਾਜਸਥਾਨ ਸਰਕਾਰ ਨੇ ਵੱਡੀ ਪੱਧਰ 'ਤੇ ਟਰੈਕਟਰਾਂ ਉਪਰ ਲੱਗੇ ਦਵਾਈ ਛਿੜਕਨ ਵਾਲੇ ਪੰਪਾਂ ਨਾਲ ਛਿੜਕਾਅ ਕੀਤਾ, ਫਿਰ ਵੀ ਟਿੱਡੀ ਦਲਾਂ ਦੇ ਵੱਡੇ ਝੁੰਡਾਂ ਨੇ ਰਾਜਸਥਾਨ 'ਚ 90 ਹਜ਼ਾਰ ਹੈਕਟੇਅਰ ਇਲਾਕੇ 'ਚ ਨੁਕਸਾਨ ਕੀਤਾ ਹੈ। ਰਾਜਸਥਾਨ ਦੇ ਵਧੇਰੇ ਇਲਾਕਿਆਂ 'ਚ ਇਸ ਸਮੇਂ ਕੋਈ ਫ਼ਸਲ ਨਹੀਂ ਹੈ ਅਤੇ ਜ਼ਿਆਦਾ ਹਮਲਾ ਦਰੱਖਤਾਂ ਉਪਰ ਹੀ ਹੋਇਆ। ਪੰਜਾਬ ਸਰਕਾਰ ਨੇ ਟਿੱਡੀ ਦਲਾਂ ਦੇ ਗੰਭੀਰ ਖ਼ਤਰੇ ਨੂੰ ਭਾਂਪਦਿਆਂ ਮੁੜ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਹੈ।

ਪਿਛਲੇ ਦਿਨੀ ਪੰਜਾਬ ਸਰਕਾਰ ਦੇ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਸਾਰੇ ਜ਼ਿਲ੍ਹਾ ਖੇਤੀ ਅਫ਼ਸਰਾਂ ਨਾਲ ਵੀਡੀਉ ਕਾਨਫ਼ਰੰਸ ਕੀਤੀ ਅਤੇ ਆਦੇਸ਼ ਦਿਤੇ ਕਿ ਸਾਰੇ ਜ਼ਿਲ੍ਹਿਆਂ 'ਚ ਟਿੱਡੀ ਕਲਾਂ ਨਾਲ ਮੁਕਾਬਲੇ ਲਈ ਟਰੈਕਟਰ ਪੰਪਾਂ ਅਤੇ ਹੋਰ ਸਾਧਨਾਂ ਨਾਲ ਤਜ਼ਰਬੇ ਲਈ ਡਰਿੱਲ ਕੀਤੀ ਜਾਵੇ।  ਜਾਣਕਾਰ ਅਨੁਸਾਰ ਅੱਜ ਮੁਕਤਸਰ ਅਤੇ ਤਰਨ ਤਾਰਨ ਦੇ ਜ਼ਿਲ੍ਹਿਆਂ 'ਚ ਇਹ ਤਜ਼ਰਬੇ ਕੀਤੇ ਗਏ। ਜਿਥੋਂ ਤਕ ਟਿੱਡੀਆਂ ਦੇ ਖ਼ਾਤਮੇ ਲਈ ਦਵਾਈ ਦਾ ਸਬੰਧ ਹੈ, ਇਹ ਜ਼ਿਲ੍ਹਾ ਪੱਧਰ 'ਤੇ ਪਹਿਲਾਂ ਹੀ ਪਹੁੰਚਾ ਦਿਤੀ ਗਈ ਹੈ। ਬਠਿੰਡਾ, ਜਲੰਧਰ, ਲੁਧਿਆਣਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਰੱਖੀ ਗਈ ਹੈ। ਮਾਰਕਫ਼ੈੱਡ ਨੂੰ ਵੀ ਕਿਹਾ ਗਿਆ ਹੈ ਕਿ ਟਿੱਡੀ ਦਲਾਂ ਦੇ ਖ਼ਾਤਮੇ ਲਈ ਹੋਰ ਦਵਾਈ ਤਿਆਰ ਕੀਤੀ ਜਾਵੇ।

ਇਸ ਸਬੰਧੀ ਜਦ ਸਕੱਤਰ ਕਾਹਨ ਸਿੰਘ ਪੰਨੂੰ ਨਾਲ ਗੱਲ ਹੋਈ ਤਾਂ ਉਨ੍ਹਾਂ ਦਸਿਆ ਕਿ ਟਿੱਡੀਦਲਾਂ ਦੇ ਹਮਲੇ ਦੇ ਖ਼ਤਰੇ ਨੂੰ ਭਾਂਪਦਿਆਂ ਪੰਜਾਬ ਸਰਕਾਰ ਨੇ ਪੂਰੀ ਤਿਆਰੀ ਕਰ ਰੱਖੀ ਹੈ। ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਟਰੈਕਟਰਾਂ ਉਪਰ ਲੱਗੇ ਸਪਰੇਅ ਪੰਪਾਂ ਵਾਲੇ ਸੈਂਕੜੇ ਹੀ ਟਰੈਕਟਰ ਤਿਆਰ ਕੀਤੇ ਗਏ ਹਨ। ਦਵਾਈ ਦਾ ਪੂਰਾ ਪ੍ਰਬੰਧ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਦਾਇਤਾਂ ਦਿਤੀਆਂ ਹਨ ਕਿ ਜਿਉਂ ਹੀ ਉਨ੍ਹਾਂ ਦੇ ਇਲਾਕਿਆਂ 'ਚ ਟਿੱਡੀਦਲਾਂ ਦੇ ਆਉਣ ਦੀ ਸੰਭਾਵਨਾ ਲੱਗੇ ਤੁਰਤ ਹੀ ਡਿਪਟੀ ਕਮਿਸ਼ਨਰ, ਪੁਲਿਸ ਅਧਿਕਾਰੀਆਂ ਅਤੇ ਹੋਰ ਸਿਵਲ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਟਾਕਰੇ ਲਈ ਤਿਆਰੀ ਕੀਤੀ ਜਾਵੇ।

ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਕੁੱਝ ਦਿਨਾਂ ਤੋਂ ਮਿਲ ਰਹੀ ਜਾਣਕਾਰੀ ਦੇ ਆਸਾਰ 'ਤੇ ਸਰਕਾਰ ਨੇ ਪੂਰੀ ਤਿਆਰੀ ਕਰ ਰੱਖੀ ਹੈ। ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਇਲਾਕੇ ਦੇ ਕਿਸਾਨਾਂ ਨੂੰ ਅਪਣੀਆਂ ਟੀਮਾਂ 'ਚ ਸ਼ਾਮਲ ਕਰਨ। ਟਿੱਡੀਦਲਾਂ ਦੇ ਗੰਭੀਰ ਖ਼ਤਰੇ ਨੂੰ ਭਾਂਪਦਿਆਂ ਭਾਰਤ ਸਰਕਾਰ ਵੀ ਹਰਕਤ 'ਚ ਆਈ ਹੈ ਅਤੇ ਟਿੱਡੀਦਲਾਂ ਦੇ ਖ਼ਾਤਮੇ ਲਈ ਬਰਤਾਨੀਆ ਤੋਂ  ਵਿਸ਼ੇਸ਼ 60 ਹਵਾਈ ਸਪਰੇਅਰ ਮੰਗਵਾਏ ਹਨ। 15 ਸਪਰੇਅਰ ਤਾਂ 11 ਜੂਨ ਨੂੰ ਪੁੱਜ ਜਾਣਗੇ, 20 ਹੋਰ 25 ਜੂਨ ਨੂੰ ਅਤੇ 25 ਹੋਰ 11 ਜੁਲਾਈ ਤਕ ਪੁੱਜ ਜਾਣਗੇ।

ਅਸਲ 'ਚ ਸਰਕਾਰ ਨੇ ਇਨ੍ਹਾਂ ਹਵਾਈ ਮਸ਼ੀਨਾਂ ਦੀ ਖ਼ਰੀਦ ਲਈ ਪਹਿਲਾਂ ਹੀ ਸੌਦਾ ਕਰ ਰਖਿਆ ਸੀ ਪ੍ਰੰਤੂ ਕੋਰੋਨਾ ਬੀਮਾਰੀ ਕਾਰਨ ਇਹ ਹਵਾਈ ਸਪਰੇਅਰ ਪੁੱਜਣ 'ਚ ਦੇਰੀ ਹੋ ਗਈ। ਪਿਛਲੇ ਦਿਨਾਂ ਤੋਂ ਟਿੱਡੀਦਲਾਂ ਦੇ ਹਮਲਿਆਂ ਨੂੰ ਵੇਖਦਿਆਂ ਅੱਜ ਭਾਰਤ ਸਰਕਾਰ ਨੇ ਨਵੀਂ ਜਾਣਕਾਰੀ ਜਾਰੀ ਕੀਤੀ ਹੈ। ਰਾਜਸਥਾਨ 'ਚ ਪਿਛਲੇ ਦਿਨੀਂ ਟਿੱਡੀਦਲਾਂ ਦੇ ਹੋਏ ਹਮਲਿਆਂ ਦੇ ਮੁਕਾਬਲੇ ਲਈ ਕੇਂਦਰ ਸਰਕਾਰ ਨੇ 60 ਕਰੋੜ ਰੁਪਏ ਦੀ ਰਕਮ ਦੀ ਮਨਜ਼ੂਰ ਕੀਤਾ ਹੈ। ਇਹ ਹਵਾਈ ਸਪਰੇਅਰ, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਤਾਇਨਾਤ ਕੀਤੇ ਜਾਣਗੇ।