ਪੰਜਾਬ 'ਚੋਂ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਨੂੰ ਠੱਲ੍ਹ ਪੈਣ ਲੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਲਾਬੰਦੀ 'ਚ ਵਧੇਰੇ ਛੋਟਾਂ ਬਾਅਦ ਕਾਰੋਬਾਰ ਸ਼ੁਰੂ ਹੋਣ ਦਾ ਹੈ ਅਸਰ

File Photo

ਚੰਡੀਗੜ੍ਹ, 28 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਲਾਕਡਾਊਨ ਦੌਰਾਨ ਪਿਛਲੇ ਦਿਨਾ ਵਿਚ ਮਿਲੀਆਂ ਵਧੇਰੇ ਛੋਟਾਂ ਤੋਂ ਬਾਅਦ ਉਦਯੋਗਿ ਅਤੇ ਹੋਰ ਖੇਤਰਾਂ ਵਿਚ ਕਾਰੋਬਾਰ ਦੇ ਸ਼ੁਰੂ ਹੋਣ ਨਾਲ ਪਰਵਾਸੀ ਮਜ਼ਦੂਰਾਂ ਦੇ ਪਲਾਇਨ ਨੂੰ ਵੀ ਠੱਲ੍ਹ ਪੈਣ ਲੱਗੀ ਹੈ। ਇਸ ਦਾ ਨਤੀਜਾ ਹੀ ਹੈ ਕਿ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਵਿਚ ਘਰਾਂ ਤਕ ਪਹੁੰਚਾਉਣ ਲਈ ਚਲਾਈਆਂ ਜਾ ਰਹੀਆਂ ਵਿਸ਼ੇਸ਼ ਸ਼ਰਮਿਕ ਟਰੇਨਾਂ ਵੀ ਹੁਣ ਖ਼ਾਲੀ ਜਾਣ ਲੱਗੀਆਂ ਹਨ। ਇਸ ਕਾਰਨ ਕਈ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨੂੰ ਵਿਸ਼ੇਸ਼ ਟਰੇਨਾ ਦੀ ਮਨਜ਼ੂਰੀ ਰੱਦ ਕਰਵਾਉਣ ਦੀ ਨੌਬਤ ਤਕ ਆ ਗਈ ਹੈ।

ਜਦਕਿ ਸ਼ੁਰੂ ਵਿਚ ਲੱਖਾਂ ਪਰਵਾਸੀ ਮਜ਼ਦੂਰ ਬਾਲ ਬੱਚਿਆਂ ਸਮੇਤ ਸਮਾਨ ਸਿਰਾਂ 'ਤੇ ਚੁੱਕ ਕੇ ਅਪਣੇ ਸੂਬਿਆਂ ਵਿਚ ਪਰਤਣ ਲਈ ਬਜ਼ਿੱਦ ਸਨ ਤੇ ਸੂਬਾ ਸਰਕਾਰ ਨੂੰ ਸਥਿਤੀ ਨੂੰ ਸੰਭਾਲਣ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਟਰੇਨਾਂ ਦਾ ਪ੍ਰਬੰਧ ਕਰਵਾਇਆ ਗਿਆ। ਹੁਣ ਸੜਕਾਂ 'ਤੇ ਵੀ ਪਰਵਾਸੀ ਮਜ਼ਦੂਰ ਪਹਿਲਾਂ ਵਾਂਗ ਕੂਚ ਕਰਦੇ ਵਿਖਾਈ ਨਹੀਂ ਦੇ ਰਹੇ ਅਤੇ ਰੇਲਵੇ ਸਟੇਸ਼ਨਾਂ 'ਤੇ ਵੀ ਭੀੜਾਂ ਕਾਫ਼ੀ ਘਟ ਗਈਆਂ ਹਨ। ਇਸ ਨਾਲ ਜਿਥੇ ਪੰਜਾਬ ਸਰਕਾਰ ਨੂੰ ਰਾਤ ਮਿਲੀ ਹੈ, ਉਥੇ ਕਿਸਾਨਾਂ ਨੂੰ ਵੀ ਝੋਨਾ ਲਾਉਣ ਵਿਚ ਰਾਹਤ ਮਿਲੇਗੀ ਕਿਉਂÎਕ ਸਥਾਨਕ ਮਜ਼ਦੂਰ ਦੁਗਣੇ ਤਿਗਣੇ ਰੇਟ ਮੰਗ ਰਹੇ ਹਨ।

ਪਰਵਾਸੀ ਮਜ਼ਦੂਰਾਂ ਦੇ ਬਦਲੇ ਰੁਖ ਕਾਰਨ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਜ਼ਿਲ੍ਹਾ ਅਧਿਕਾਰੀਆਂ ਨੂੰ ਖ਼ਾਸ ਹਦਾਇਤਾਂ ਦਿਤੀਆਂ ਹਨ ਕਿ ਕੋਈ ਵੀ ਪਰਵਾਸੀ ਮਜ਼ਦੂਰ ਭੁੱਖਾ ਨਹੀਂ ਰਹਿਣਾ ਚਾਹੀਦਾ ਅਤੇ ਨਾ ਹੀ ਸੜਕ 'ਤੇ ਪੈਦਲ ਚਲਣ ਲਈ ਮਜ਼ਬੂਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਹਰ ਤਰੀਕੇ ਨਾਲ ਪ੍ਰਸਾਸ਼ਨ ਸਾਂਭ ਸੰਭਾਲ ਕਰੇ। ਜ਼ਿਕਰਯੋਗ ਹੈ ਕਿ 10 ਲੱਖ ਤੋਂ ਵੱਧ ਪਰਵਾਸੀ ਮਜ਼ਦੂਰਾਂ ਨੇ ਅਪਣੇ ਸੂਬਿਆਂ ਵਿਚ ਵਾਪਸ ਜਾਣ ਲਈ ਆਨ ਲਾਈਨ ਅਪਲਾਈ ਕੀਤਾ ਸੀ,

ਪਰ ਸਰਕਾਰ ਵਲੋਂ ਕੀਤੇ ਪੂਰੇ ਪ੍ਰਬੰਧਾਂ ਦੇ ਬਾਵਜੂਦ ਹੁਣ ਤਕ 4 ਲੱਖ ਦੇ ਕਰੀਬ ਪਰਵਾਸੀ ਅਪਣੇ ਸੂਬਿਆਂ ਨੂੰ ਗਏ ਹਨ ਜਦ ਕਿ ਰਜਿਸਟਰੇਸ਼ਲ ਰਕਵਾਉਣ ਵਾਲਿਆਂ 'ਚੋਂ ਹੁਣ ਬਹੁਤਿਆਂ ਦਾ ਮਨ ਸੂਬੇ ਵਿਚ ਕੰਮ ਕਾਰ ਸ਼ੁਰੂ ਹੋਣ ਅਤੇ ਰੁਜ਼ਗਾਰ ਮਿਲਣ ਦੀਆਂ ਸੰਭਾਵਨਾਵਾਂ ਨੂੰ ਦੇਖ ਕੇ ਬਦਲ ਗਿਆ ਹੈ। ਇਸ ਕਰ ਕੇ ਵਿਸ਼ੇਸ ਟਰੇਨਾਂ ਜਿਨ੍ਹਾਂ ਵਿਚ ਪਹਿਲਾਂ ਜਗ੍ਹਾ ਨਹੀਂ ਸੀ ਮਿਲ ਰਹੀ, ਹੁਣ ਅੱਧੀਆਂ ਵੀ ਨਹੀਂ ਭਰ ਰਹੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਅਤੇ ਜ਼ਿਲ੍ਹਾ ਮੋਹਾਲੀ ਵਿਚ ਮੁਸਾਫ਼ਰਾਂ ਦੀ ਕਮੀ ਨੂੰ ਦੇਖਦਿਆਂ ਕਈ ਟਰੇਨਾਂ ਰੱਦ ਕਰਵਾਉਣੀਆਂ ਪਈਆਂ ਹਨ। ਜ਼ਿਲ੍ਹਾ ਮੋਹਾਲੀ ਵਿਚ 55000 ਪਰਵਾਸੀ ਮਜ਼ਦੂਰਾਂ ਨੇ ਰਜਿਸਟਰੇਸ਼ਲ ਕਰਵਾਈ ਸੀ ਪਰ 26239 ਹੀ ਗÂੈ ਹਨ ਅਤੇ ਇਸ ਤੋਂ ਬਾਅਦ ਵਾਪਸੀ ਵਾਲਿਆਂ ਦੀ ਗਿਣਤੀ ਬਹੁਤ ਘੱਟ ਰਹੀ ਹੈ। ਇਸ ਤਰ੍ਹਾਂ ਸਪੱਸ਼ਟ ਹੈ ਕਿ ਅੱਧੇ ਤੋਂ ਵੱਧ ਪਰਵਾਸੀ ਮਜ਼ਦੂਰਾਂ ਦਾ ਇਸ ਸਮੇਂ ਮਨ ਬਦਲ ਚੁੱਕਾ ਹੈ ਅਤੇ ਉਹ ਇਥੇ ਹੀ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ ਜੋ ਕਿ ਪੰਜਾਬ ਲਈ ਸ਼ੁਭ ਸੰਕੇਤ ਹੈ।

ਸੂਬੇ ਦੀ ਬਦਲੀ ਸਥਿਤੀ 'ਚ ਪਰਵਾਸੀ ਮਜ਼ਦੂਰਾਂ ਨੇ ਵੀ ਮੋੜਾ ਕੱਟਿਆ : ਸ਼ੁੰਦਰ ਸ਼ਾਮ
ਪਰਵਾਸੀ ਮਜ਼ਦੂਰਾਂ ਦੇ ਪਲਾਇਨ ਨੂੰ ਠੱਲ੍ਹ ਪੈਣ ਬਾਰੇ ਸੂਬੇ ਦੇ ਉਦਯੋਗ ਅਤੇ ਵਪਾਰ ਵਿਭਾਗ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਹੈ ਕਿ ਸ਼ੁਰੂ 'ਚ ਵਧੇਰੇ ਪਾਬੰਦੀਆਂ ਕਾਰਨ ਮਜ਼ਦੂਰਾਂ ਵਿਚ ਪਲਾਇਨ ਦੀ ਸੋਚ ਪੈਦਾ ਹੋਈ ਸੀ ਪਰ ਹੁਣ ਕਰਫ਼ਿਊ ਹਟਣ ਅਤੇ ਲਾਕਡਾਊਨ ਵਿਚ ਵਧੇਰੇ ਛੋਟਾਂ ਬਾਅਦ ਸਥਿਤੀ ਬਦਲਣ ਬਾਅਦ ਪਰਵਾਸੀ ਮਜ਼ਦੂਰਾਂ ਨੇ ਮੋੜਾ ਕੱÎਟਿਆ ਹੈ। ਸੂਬੇ ਵਿਚ ਛੋਟੇ ਅਤੇ ਦਰਮਿਆਨੇ ਉਦਯੋਗ ਸ਼ੁਰੁ ਹੋ ਰਹੇ ਹਨ ਅਤੇ ਰੁਜ਼ਗਾਰ ਮਿਲਣ ਕਾਰਨ ਪਰਵਾਸੀ ਮਜ਼ਦੂਰ ਵਾਪਸ ਅਪਣੇ ਸੂਬਿਆਂ ਵਿਚ ਜਾਣ ਦਾ ਵਿਚਾਰ ਛੱਡ ਰਹੇ ਹਨ।

ਜੋ ਚਲੇ ਗਏ ਹਨ, ਉਨ੍ਹਾਂ 'ਚੋਂ ਵੀ ਜ਼ਿਆਦਾ ਹਾਲਾਤ ਪੂਰੀ ਤਰ੍ਹਾਂ ਠੀਕ ਹੋਣ ਬਾਅਦ ਵਾਪਸ ਪਰਤ ਆਉਣਗੇ। ਅਪਣੇ ਸੂਬਿਆਂ ਵਿਚ ਵਾਪਸ ਜਾਣ ਦੇ ਇਛੁੱਕ ਪਰਵਾਸੀ ਮਜ਼ਦੂਰਾਂ ਵਿਚੋਂ ਹੁਣ 70 ਫ਼ੀ ਸਦੀ ਤੋਂ ਵੱਧ ਪੰਜਾਬ ਵਿਚ ਰਹਿ ਕੇ ਕੰਮ ਕਰਨ ਲਈ ਹੀ ਤਿਆਰ ਹਨ। ਪੰਜਾਬ ਸਰਕਾਰ ਵੀ ਪਰਵਾਸੀ ਮਜ਼ਦੂਰਾਂ ਨੂੰ ਸਹੂਲਤਾਂ ਦੇਣ 'ਤੇ ਉਨ੍ਹਾਂ ਦੀ ਦੇਖਭਾਲ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ।