ਵਿਸ਼ੇਸ਼ ਰੇਲਗੱਡੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਭਾਗਲਪੁਰ ਲਈ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸ਼ੇਸ਼ ਰੇਲਗੱਡੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਭਾਗਲਪੁਰ ਲਈ ਰਵਾਨਾ

ਬਿਹਾਰ ਦੇ ਭਾਗਲਪੁਰ ਜਾਣ ਵਾਲੀ 15ਵੀਂ ਵਿਸ਼ੇਸ਼ ਰੇਲ ਗੱਡੀ 'ਚ ਬੈਠੇ ਪ੍ਰਵਾਸੀ।

ਫ਼ਿਰੋਜ਼ਪੁਰ,  29 ਮਈ ( ਜਗਵੰਤ ਸਿੰਘ ਮੱਲ੍ਹੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਕੋਸ਼ਿਸ਼ਾਂ  ਸਦਕਾ ਫ਼ਿਰੋਜ਼ਪੁਰ, ਕੈਂਟ ਰੇਲਵੇ ਸਟੇਸ਼ਨ ਤੋਂ ਬਿਹਾਰ ਦੇ ਜ਼ਿਲ੍ਹਾ ਭਾਗਲਪੁਰ ਲਈ 15ਵੀ ਸ਼ਰਮਿਕ ਐਕਸਪ੍ਰੈੱਸ ਟ੍ਰੇਨ ਨੂੰ ਰਵਾਨਾ ਕੀਤਾ ਗਿਆ। ਇਸ ਰੇਲ ਦਾ ਸਾਰਾ ਖਰਚ  10.80 ਲੱਖ ਰੁਪਏ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਅਤੇ 1600 ਪਰਵਾਸੀ ਮਜ਼ਦੂਰਾਂ ਨੂੰ ਸਰਕਾਰ ਵਲੋਂ ਟਿਕਟਾਂ ਤਕ ਵੀ ਮੁਫ਼ਤ ਮੁਹਈਆ ਕਰਵਾਈਆਂ ਗਈਆਂ । ਹੁਣ ਤਕ ਸਰਕਾਰ ਵਲੋਂ ਕੁਲ 15 ਵਿਸ਼ੇਸ਼ ਰੇਲ ਗੱਡੀਆਂ ਨੂੰ ਯੂਪੀ ਅਤੇ ਬਿਹਾਰ  ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਰਵਾਨਾ ਕੀਤਾ ਜਾ ਚੁੱਕਿਆ ਹੈ।  


  ਇਨ੍ਹਾਂ 15 ਰੇਲਾਂ ਰਾਹੀਂ 16,258 ਪਰਵਾਸੀ ਮਜ਼ਦੂਰ ਅਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ ਅਤੇ ਸਰਕਾਰ ਹੁਣ ਤਕ 1,13,36,000 ਰੁਪਏ ਖਰਚ ਚੁੱਕੀ ਹੈ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਕੁਲਵੰਤ ਸਿੰਘ  ਦੇ ਨਿਰਦੇਸ਼ਾਂ ਉੱਤੇ ਤਹਸੀਲਦਾਰ ਲਖਵਿੰਦਰ ਸਿੰਘ, ਕਾਨੂੰਗੋ ਰਾਕੇਸ਼ ਅੱਗਰਵਾਲ, ਕਾਨੂੰਗੋ ਸੰਤੋਖ ਸਿੰਘ ਤੱਖੀ ਆਦਿ ਨੇ ਦਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਕੈਂਟ ਰੇਲਵੇ ਸਟੇਸ਼ਨ ਉੱਤੇ ਖਾਨਾ,  ਪੀਣ ਲਈ ਪਾਣੀ ਸਮੇਤ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ।ਬਿਹਾਰ ਦੇ ਭਾਗਲਪੁਰ ਜਾਣ ਵਾਲੀ 15ਵੀਂ ਵਿਸ਼ੇਸ਼ ਰੇਲ ਗੱਡੀ 'ਚ ਬੈਠੇ ਪ੍ਰਵਾਸੀ।


  ਸੋਸ਼ਲ ਡਿਸਟੈਂਸਿੰਗ, ਹਾਈਜੀਨ ਅਤੇ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਿਆ ਗਿਆ। ਸਾਰੇ ਮੁਸਾਫ਼ਰਾਂ ਨੂੰ ਫੇਸ ਮਾਸਕ ਵੀ ਦਿਤੇ ਗਏ। ਸਿਹਤ ਵਿਭਾਗ ਵਲੋਂ ਸਾਰੇ ਮੁਸਾਫ਼ਰਾਂ ਦੀ ਜਾਂਚ ਤੋਂ ਬਾਅਦ ਹੀ ਰੇਲ ਵਿਚ ਸਵਾਰ ਹੋਣ ਦੀ ਆਗਿਆ ਦਿਤੀ ਗਈ। ਪੰਜਾਬ ਸਰਕਾਰ ਵਲੋਂ ਇਨਾਂ ਰੇਲਾਂ ਦੇ ਸੰਚਾਲਨ ਲਈ ਇਕ ਬਹੁਤ ਵੱਡਾ ਬਜਟ ਪਹਿਲਾਂ ਹੀ ਮਨਜ਼ੂਰ ਕਰ ਕੇ ਜਿਲਾ ਪ੍ਰਸ਼ਾਸਨ ਨੂੰ ਉਪਲੱਬਧ ਕਰਵਾ ਦਿੱਤਾ ਗਿਆ ਹੈ। ਵਾਪਸ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਸਰਕਾਰ ਦੀਆਂ ਕੋਸ਼ਸ਼ਾਂ ਦਾ ਧਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਬਦੌਲਤ ਹੀ ਉਹ ਬਿਨਾਂ ਕੋਈ ਪੈਸਾ ਖਰਚ ਕੀਤੇ ਅਪਣੇ ਘਰਾਂ ਨੂੰ ਵਾਪਸ ਪਰਤ ਪਾ ਰਹੇ ਹੈ ।