ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਲਈ 'ਪ੍ਰਧਾਨ ਮੰਤਰੀ ਦੀ ਨੌਟੰਕੀ' ਜ਼ਿੰਮੇਵਾਰ : ਰਾਹੁਲ
ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਲਈ 'ਪ੍ਰਧਾਨ ਮੰਤਰੀ ਦੀ ਨੌਟੰਕੀ' ਜ਼ਿੰਮੇਵਾਰ : ਰਾਹੁਲ
ਕਿਹਾ, ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਅੱਜ ਤਕ ਸਮਝ ਨਹੀਂ ਆਇਆ
ਨਵੀਂ ਦਿੱਲੀ, 28 ਮਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਰੋਕੂ ਟੀਕਾਕਰਨ ਦੀ ਕਥਿਤ ਤੌਰ 'ਤੇ ਹੌਲੀ ਗਤੀ ਹੋਣ ਨੂੰ ਲੈ ਕੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ |
ਰਾਹੁਲ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਨਾਲ 'ਨੌਟੰਕੀ' ਕੀਤੀ ਅਤੇ ਅਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਉਸ ਕਾਰਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ 'ਝੂਠ ਬੋਲਣ' ਦੀ ਬਜਾਏ ਸੱਚਾਈ ਦੇਸ਼ ਨੂੰ ਦਸਣੀ ਚਾਹੀਦੀ ਹੈ ਅਤੇ ਵਿਰੋਧੀ ਧਿਰ ਦੇ ਸੁਝਾਵਾਂ ਨੂੰ ਸੁਣਨਾ ਚਾਹੀਦਾ ਹੈ ਕਿ ਵਿਰੋਧੀ ਧਿਰ ਸਰਕਾਰ ਦੀ ਦੁਸ਼ਮਣ ਨਹੀਂ ਹੈ | ਰਾਹੁਲ ਨੇ ਡਿਜੀਟਲ ਸੰਮੇਲਨ 'ਚ ਕਿਹਾ,''ਕੋਰੋਨਾ ਆਫ਼ਤ ਨੂੰ ਲੈ ਕੇ ਅਸੀਂ ਇਕ ਤੋਂ ਬਾਅਦ ਇਕ ਸਰਕਾਰ ਨੂੰ ਸਲਾਹ ਦਿਤੀ ਪਰ ਸਰਕਾਰ ਨੇ ਸਾਡਾ ਮਜ਼ਾਕ ਹੀ ਬਣਾਇਆ | ਪ੍ਰਧਾਨ ਮੰਤਰੀ ਨੇ ਸਮੇਂ ਤੋਂ ਪਹਿਲਾਂ ਇਹ ਐਲਾਨ ਕਰ ਦਿਤਾ ਕਿ ਕੋਰੋਨਾ ਨੂੰ ਹਰਾ ਦਿਤਾ ਗਿਆ ਹੈ | ਸੱਚਾਈ ਇਹ ਹੈ ਕਿ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਅਜੇ ਸਮਝ ਨਹੀਂ ਆਇਆ |'' ਉਨ੍ਹਾਂ ਚੇਤਵਾਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਜੇਕਰ ਮੌਜੂਦਾ ਗਤੀ ਨਾਲ ਟੀਕਾਕਰਨ ਹੋਇਆ ਤਾਂ ਅੱਗੇ ਤੀਜੀ, ਚੌਥੀ ਤੇ ਪੰਜਵੀ ਲਹਿਰ ਵੀ ਆਏਗੀ ਕਿਉਂਕਿ ਵਾਇਰਸ ਦਾ ਰੂਪ ਬਦਲਦਾ ਜਾਵੇਗਾ | ਇਸ ਵਾਇਰਸ ਨੂੰ ਜਿੰਨਾ ਸਮਾਂ ਤੁਸੀਂ ਦਿਉਗੇ, ਜਿੰਨੀ ਜਗ੍ਹਾ ਦਿਉਗੇ, ਇਹ ਉਨਾ ਹੀ ਖ਼ਤਰਾ ਬਣਦਾ ਜਾਵੇਗਾ | ਮੈਂ ਪਿਛਲੇ ਸਾਲ ਕਿਹਾ ਸੀ ਕਿ ਕੋਰੋਨਾ ਨੂੰ ਸਮਾਂ ਅਤੇ ਜਗ੍ਹਾ ਨਾ ਦਿਉ |''
ਕਾਂਗਰਸ ਆਗੂ ਨੇ ਕਿਹਾ,''ਕੋਰੋਨਾ ਨੂੰ ਰੋਕਣ ਦੇ 3-4 ਤਰੀਕੇ ਹਨ | ਇਨ੍ਹਾਂ 'ਚੋਂ ਇਕ ਤਰੀਕਾ ਟੀਕਾਕਰਨ ਹੈ | ਤਾਲਾਬੰਦੀ ਇਕ ਹਥਿਆਰ ਹੈ ਪਰ ਇਹ ਅਸਥਾਈ ਹੱਲ ਹੈ | ਸਮਾਜਕ ਦੂਰੀ ਅਤੇ ਮਾਸਕ ਵੀ ਅਸਥਾਈ ਹੱਲ ਹੈ | ਟੀਕਾ ਸਥਾਈ ਹੱਲ ਹੈ |
ਜੇਕਰ ਤੁਸੀਂ ਤੇਜੀ ਨਾਲ ਟੀਕਾ ਨਹੀਂ ਲਗਾਉਂਦੇ ਹੋ ਤਾਂ ਵਾਇਰਸ ਵਧਦਾ ਜਾਵੇਗਾ |'' ਉਨ੍ਹਾਂ ਕਿਹਾ,''ਕੁੱਝ ਹੀ ਸਮੇਂ ਪਹਿਲਾਂ ਮੈਂ ਦੇਖਿਆ ਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ 'ਟੀਕਾ ਕੂਟਨੀਤੀ' ਕਰ ਰਹੇ ਹਾਂ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਾਂ | ਅੱਜ ਸਥਿਤੀ ਕੀ ਹੈ? ਦੇਸ਼ ਦੇ ਸਿਰਫ਼ ਤਿੰਨ ਫ਼ੀ ਸਦੀ ਲੋਕਾਂ ਨੂੰ ਟੀਕਾ ਲਗਾਇਆ ਗਿਆ | ਯਾਨੀ 97 ਫ਼ੀ ਸਦੀ ਲੋਕਾਂ ਨੂੰ ਕੋਰੋਨਾ ਫੜ ਸਕਦਾ ਹੈ | ਇਸ ਸਰਕਾਰ ਨੇ ਕੋਰੋਨਾ ਲਈ ਦਰਵਾਜਾ ਖੁੱਲ੍ਹਾ ਛੱਡ ਰਖਿਆ ਹੈ |''