ਸਿੱਧੂ ਮੂਸੇਵਾਲਾ ਕਤਲ 'ਤੇ DGP ਵੀ.ਕੇ. ਭਵਰਾ ਦਾ ਬਿਆਨ, ਪੜ੍ਹੋ ਵੇਰਵਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਅਲੱਗ-ਅਲੱਗ ਬੋਰ ਦੇ ਤਿੰਨ ਹਥਿਆਰਾਂ ਦੀ ਹੋਈ ਵਰਤੋਂ, ਕਤਲ ਦੀ ਤਫ਼ਤੀਸ਼ ਲਈ SIT ਦਾ ਗਠਨ 

DGP VK Bhawra

-ਸਿੱਧੂ ਦਾ ਕਤਲ ਗੈਂਗਵਾਰ 'ਚ ਹੋਇਆ ਲਗਦਾ ਹੈ 
-ਇਸ 'ਚ ਲਾਰੇਂਸ ਬਿਸ਼ਨੋਈ ਗੈਂਗ ਦਾ ਹੱਥ ਹੈ 
-ਘੱਲੂਘਾਰਾ ਦੇ ਮੱਦੇਨਜ਼ਰ ਹਰ ਸਾਲ ਦੀ ਤਰ੍ਹਾਂ ਸੁਰੱਖਿਆ 'ਚ ਕੀਤੀ ਗਈ ਸੀ ਕਟੌਤੀ
-ਸਿੱਧੂ ਆਪਣੇ 2 ਕਮਾਂਡੋ ਨੂੰ ਨਹੀਂ ਲੈ ਕੇ ਗਏ ਨਾਲ
-ਸਿੱਧੂ ਆਪਣੀ ਪ੍ਰਾਈਵੇਟ ਬੁਲੇਟ ਪਰੂਫ਼ ਗੱਡੀ 'ਚ ਨਹੀਂ ਗਏ
ਚੰਡੀਗੜ੍ਹ :
ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਅੱਜ ਫਾਇਰਿੰਗ ਹੋਈ ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਇਸ ਕਤਲ ਮਾਮਲੇ ਵਿਚ ਪੰਜਾਬ ਦੇ ਡੀ. ਜੀ. ਪੀ. ਵੀ. ਕੇ. ਭਵਰਾ ਵੱਲੋਂ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿਤੀ ਗਈ ਹੈ। ਡੀਜੀਪੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਉਹ ਪੂਰੇ ਮਾਮਲੇ ਦੀ ਜਾਂਚ ਕਰੇਗੀ।

ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਲਾਰੇਂਸ ਬਿਸ਼ਨੋਈ ਗੈਂਗ ਦੀ ਮੀਟਿੰਗ ਕਰਨ ਵਾਲੇ ਲੱਕੀ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਡੀਜੀਪੀ ਭਵਰਾ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਤਿੰਨ ਵੱਖ-ਵੱਖ ਬੋਰ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਸੀ ਉਹ ਘੱਲੂਘਾਰਾ ਦੇ ਮੱਦੇਨਜ਼ਰ ਹਰ ਸਾਲ ਦੀ ਤਰ੍ਹਾਂ ਹੀ ਕੀਤੀ ਗਈ ਹੈ। ਡੀਜੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ ਮੂਸੇਵਾਲਾ ਕੋਲ ਪਹਿਲਾਂ 4 ਕਮਾਂਡੋ ਸਨ ਜਿਨ੍ਹਾਂ ਵਿਚੋਂ 2 ਕਮਾਂਡੋ ਅਜੇ ਵੀ ਉਨ੍ਹਾਂ ਦੇ ਨਾਲ ਹੀ ਸਨ ਪਰ ਅੱਜ ਘਰੋਂ ਨਿਕਲਣ ਸਮੇਂ ਸਿੱਧੂ ਮੂਸੇਵਾਲਾ ਉਨ੍ਹਾਂ ਨੂੰ ਨਾਲ ਨਹੀਂ ਲੈ ਕੇ ਗਏ ਅੱਗੋਂ ਉਨ੍ਹਾਂ ਨੂੰ ਨਾਲ ਨਾ ਆਉਣ ਲਈ ਵੀ ਕਿਹਾ।

ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਕੋਲ ਪ੍ਰਾਈਵੇਟ ਬੁਲੇਟ ਪਰੂਫ਼ ਗੱਡੀ ਵੀ ਹੈ ਪਰ ਮੂਸੇਵਾਲਾ ਅੱਜ ਉਸ ਗੱਡੀ ਵਿਚ ਨਹੀਂ ਗਏ ਅਤੇ ਪਿੰਡ ਜਵਾਹਰਕੇ ਵਿਖੇ ਹਮਲਾਵਰਾਂ ਨੇ ਗੋਲੀਆਂ ਚਲਾ ਦਿਤੀਆਂ। ਡੀਜੀਪੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਖੁਦ ਕਾਰ ਚਲਾ ਕੇ ਘਰੋਂ ਨਿਕਲਿਆ ਸੀ। ਉਸ ਦੇ ਨਾਲ ਦੋ ਹੋਰ ਲੋਕ ਵੀ ਸਨ। ਜਦੋਂ ਉਹ ਮਾਨਸਾ ਜ਼ਿਲ੍ਹੇ ਵਿੱਚ ਜਾ ਰਿਹਾ ਸੀ ਤਾਂ ਉਸ ਦੀ ਕਾਰ ਦੇ ਅੱਗੇ ਦੋ ਕਾਰਾਂ ਆ ਗਈਆਂ। ਉਨ੍ਹਾਂ ‘ਚ ਬੈਠੇ ਬਦਮਾਸ਼ਾਂ ਨੇ ਮੂਸੇਵਾਲਾ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਗੈਂਗਵਾਰ 'ਚ ਹੋਇਆ ਲਗਦਾ ਹੈ।