ਮਾਪਿਆਂ ਨੂੰ ਅਪਣੇ ਬੱਚਿਆਂ ਦੇ ਟੀਕਾਕਰਨ ਲਈ ਫ਼ੋਨ ’ਤੇ ਐਸ.ਐਮ.ਐਸ ਅਲਰਟ ਮਿਲੇਗਾ

ਏਜੰਸੀ

ਖ਼ਬਰਾਂ, ਪੰਜਾਬ

ਮਾਪਿਆਂ ਨੂੰ ਅਪਣੇ ਬੱਚਿਆਂ ਦੇ ਟੀਕਾਕਰਨ ਲਈ ਫ਼ੋਨ ’ਤੇ ਐਸ.ਐਮ.ਐਸ ਅਲਰਟ ਮਿਲੇਗਾ

image

ਚੰਡੀਗੜ੍ਹ, 28 ਮਈ (ਭੁੱਲਰ) : ਸੂਬੇ ਭਰ ਦੇ ਬੱਚਿਆਂ ਦਾ ਲਾਜ਼ਮੀ ਟੀਕਾਕਰਨ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 0 ਤੋਂ 5 ਸਾਲ ਦੀ ਉਮਰ ਦੇ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਮੋਬਾਈਲ ਫੋਨਾਂ ’ਤੇ ਟੀਕਾਕਰਨ ਲਈ ਦੀ ਸਮਾਂ-ਸਾਰਣੀ ਬਾਰੇ ਸੰਦੇਸ਼ ਭੇਜਣ ਦੀ ਸ਼ੁਰੂਆਤ ਕੀਤੀ। ਸਿਹਤ ਅਤੇ ਪਰਵਾਰ ਭਲਾਈ ਵਿਭਾਗ ਨੂੰ ਇਸ ਵੱਡੇ ਕਾਰਜ ਨੂੰ ਇਕ ਮੁਹਿੰਮ ਵਜੋਂ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੀਕਾਕਰਨ ਦੀ ਸਮਾਂ-ਸਾਰਣੀ ਅਤੇ ਨਜ਼ਦੀਕੀ ਟੀਕਾਕਰਨ ਕੇਂਦਰ ਦੇ ਵੇਰਵਿਆਂ ਵਾਲਾ ਸੁਨੇਹਾ ਮਾਪਿਆਂ ਦੇ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਆਪਣੇ ਆਪ ਭੇਜ ਦਿਤਾ ਜਾਇਆ ਕਰੇਗਾ। ਇਹ ਸਹੂਲਤ ਪੰਜਾਬ ਦੀ ਟੀਕਾਕਰਨ ਸਥਿਤੀ ਨੂੰ ਸੁਧਾਰਨ ਵਿਚ ਮਦਦਗਾਰ ਸਾਬਤ ਹੋਵੇਗੀ।
ਇਸ ਸਹੂਲਤ ਦੀ ਰੂਪ ਰੇਖਾ ਬਾਰੇ ਗੱਲ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਆਟੋਮੈਟਿਕ ਅਲਰਟ ਸਹੂਲਤ ਦੋਭਾਸ਼ੀ ਭਾਸ਼ਾ (ਪੰਜਾਬੀ ਅਤੇ ਅੰਗਰੇਜ਼ੀ) ਵਿਚ ਉਪਲਬਧ ਹੋਵੇਗੀ। ਇਸ ਸਹੂਲਤ ਦਾ ਉਦੇਸ਼ ਸਾਰੇ ਮਾਪਿਆਂ (ਪੰਜਾਬ ਦੇ ਨਾਗਰਿਕ) ਨੂੰ ਉਨ੍ਹਾਂ ਦੇ ਬੱਚਿਆਂ ਦੇ ਸਮੇਂ ਸਿਰ ਟੀਕਾਕਰਨ ਲਈ ਜਾਗਰੂਕ ਕਰਨਾ ਅਤੇ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਬੱਚਿਆਂ ਦੇ ਟੀਕਾਕਰਨ (31 ਟੀਕਿਆਂ) ਦੀ ਸਮਾਂ-ਸਾਰਣੀ ਦੀ ਨਿਗਰਾਨੀ ਕਰਨਾ ਅਤੇ ਪਤਾ ਲਗਾਉਣਾ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਹੂਲਤ ਰਾਹੀਂ 4 ਲੱਖ ਤੋਂ ਵੱਧ ਰਜਿਸਟਰਡ ਜਨਮਾਂ ਦੇ ਮੌਜੂਦਾ ਸਾਲ ਦੇ ਅੰਕੜਿਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਅਗਲੇ 5 ਸਾਲਾਂ (ਪੂਰੀ ਟੀਕਾਕਰਨ ਉਮਰ) ਲਈ ਉਨ੍ਹਾਂ ਦੇ ਟੀਕਾਕਰਨ ’ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦਸਿਆ ਕਿ ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਲੋਂ ਕੀਤੀ ਜਾ ਰਹੀ ਹੈ।  ਬੁਲਾਰੇ ਨੇ ਦਸਿਆ ਕਿ ਇਹ ਸਹੂਲਤ ਪੰਜਾਬ ਰਾਜ ਵਿਚ ਰਜਿਸਟਰਡ ਜਨਮਾਂ ਦੇ ਅੰਕੜਿਆਂ (ਈ-ਸੇਵਾ) ਨਾਲ ਲਿੰਕ ਕੀਤੀ ਗਈ ਹੈ। ਇਸ ਸਹੂਲਤ ਨੂੰ ਜਾਰੀ ਕਰਨ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸ਼ਾਦ, ਪ੍ਰਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਤੇਜਵੀਰ ਸਿੰਘ, ਸਕੱਤਰ ਸਿਹਤ ਡਾ. ਅਜੋਏ ਸ਼ਰਮਾ ਅਤੇ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ ਵੀ ਮੌਜੂਦ ਸਨ।