ਨੌਕਰੀ ਦਿਵਾਉਣ ਦਾ ਵਾਅਦਾ ਕਰ ਦੁਬਈ ਬੁਲਾ ਕੇ ਲੜਕੀ ਨਾਲ ਕੀਤੀ ਕੁੱਟਮਾਰ, ਫਿਰ ਮਸਕਟ 'ਚ ਵੇਚਿਆ

ਏਜੰਸੀ

ਖ਼ਬਰਾਂ, ਪੰਜਾਬ

ਦੋਸ਼ੀ ਔਰਤ, ਉਸਦੀ ਮਾਂ ਅਤੇ ਭਰਾ 'ਤੇ ਮਾਮਲਾ ਦਰਜ

PHOTO

 

ਹੁਸ਼ਿਆਰਪੁਰ : ਗਰੀਬ ਪਰਿਵਾਰਾਂ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਅਮੀਰ ਪਰਿਵਾਰਾਂ ਦੇ ਘਰਾਂ 'ਚ ਕੰਮ ਦਿਵਾਉਣ ਦੇ ਬਹਾਨੇ ਦੁਬਈ ਅਤੇ ਮਸਕਟ 'ਚ ਲਿਆਂਦੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਦੀ ਦੁਬਈ 'ਚ ਰਹਿਣ ਵਾਲੀ ਇਕ ਲੜਕੀ ਨੇ ਆਪਣੇ ਘਰ ਪਹੁੰਚ ਕੇ ਆਪਣੇ ਮਾਤਾ-ਪਿਤਾ ਅਤੇ ਭਰਾ ਨੂੰ ਆਪਣੀ ਹੱਡਬੀਤੀ ਦੱਸੀ।

ਲੜਕੀ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਦੇ ਪਿੰਡ ਦੀ ਹੀ ਇਕ ਔਰਤ ਨੇ ਫਸਾਇਆ ਹੈ। ਔਰਤ ਨੇ ਪਹਿਲਾਂ ਜ਼ਿੱਦ ਕਰਕੇ ਉਸ ਨੂੰ ਦੁਬਈ ਬੁਲਾਇਆ। ਉੱਥੇ ਪਹੁੰਚ ਕੇ 22 ਦਿਨਾਂ ਤੱਕ ਆਪਣੇ ਕੋਲ ਰੱਖਿਆ ਅਤੇ ਕੁੱਟਮਾਰ ਕਰਦੀ ਸੀ। ਫਿਰ ਮਸਕਟ ਦੇ ਇੱਕ ਪਰਿਵਾਰ ਨੂੰ ਵੇਚ ਦਿਤਾ।

ਪੀੜਤ ਲੜਕੀ ਕਰੀਬ 5 ਮਹੀਨਿਆਂ ਬਾਅਦ ਕਿਸੇ ਤਰ੍ਹਾਂ ਆਪਣੇ ਪਿੰਡ ਪਰਤੀ। ਉਸ ਨੇ ਦਸਿਆ ਕਿ ਪਿੰਡ ਦੀ ਇੱਕ ਔਰਤ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਉਸ ਦੇ ਚੁੰਗਲ ਵਿਚੋਂ ਛੁਟ ਕੇ ਬੜੀ ਮੁਸ਼ਕਲ ਨਾਲ ਘਰ ਪਹੁੰਚੀ। ਦੋਸ਼ੀ ਔਰਤ ਇਕ ਵੱਡੇ ਗਿਰੋਹ ਨਾਲ ਮਿਲ ਕੇ ਲੜਕੀਆਂ ਅਤੇ ਔਰਤਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨੂੰ ਇੱਥੇ ਲਿਆ ਕੇ ਅੱਗੇ ਵੇਚ ਰਹੀ ਹੈ ਅਤੇ ਉਸ ਨੇ ਅਜੇ ਵੀ 30 ਦੇ ਕਰੀਬ ਅਜਿਹੀਆਂ ਜਬਰੀ ਲੜਕੀਆਂ ਨੂੰ ਫਸਾਇਆ ਹੋਇਆ ਹੈ।

ਡੀਐਸਪੀ ਸਿਟੀ ਪਲਵਿੰਦਰ ਸਿੰਘ ਨੇ ਦਸਿਆ ਕਿ ਪਿੰਡ ਸ਼ੇਰਗੜ੍ਹ ਦੀ ਲੜਕੀ ਨੇ ਲਿਖਤੀ ਸ਼ਿਕਾਇਤ ਦਿਤੀ ਸੀ ਕਿ ਜਨਵਰੀ ਮਹੀਨੇ ਵਿਚ ਦੁਬਈ ਵਿਚ ਰਹਿੰਦੀ ਇਸੇ ਪਿੰਡ ਦੀ ਊਸ਼ਾ ਰਾਣੀ ਨੇ ਕਈ ਵਾਰ ਫੋਨ ਕਰ ਕੇ ਕਿਹਾ ਕਿ ਜੇਕਰ ਉਹ ਦੁਬਈ ਆ ਜਾਵੇ ਤਾਂ ਉਸ ਨੂੰ ਚੰਗੀ ਨੌਕਰੀ ਮਿਲ ਜਾਵੇਗੀ। ਉਸ ਨੇ ਕਿਹਾ ਕਿ ਮੇਰੇ ਕੋਲ ਕੁਵੈਤ ਦਾ ਵੀਜ਼ਾ ਹੈ ਪਰ ਉਹ ਨਹੀਂ ਮੰਨੀ।

ਆਪਣੇ ਭਰਾ ਬੱਲੂ ਅਤੇ ਮਾਂ ਗੀਤਾ ਨੂੰ ਮਿਲਣ ਲਈ ਕਿਹਾ। ਉਸ ਨੇ ਗੱਲਾਂ ਵਿਚ ਆ ਕੇ 30 ਹਜ਼ਾਰ ਰੁਪਏ ਦੇ ਦਿਤੇ। ਉਹ 5 ਜਨਵਰੀ ਨੂੰ ਦੁਬਈ ਪਹੁੰਚੀ ਸੀ। ਉਹ ਊਸ਼ਾ ਕੋਲ 22 ਦਿਨ ਰਹੀ। ਇਸ ਦੌਰਾਨ ਕੋਈ ਕੰਮ ਨਾ ਦਿਤਾ ਅਤੇ ਮਾਰਕੁੱਟ ਕਰਨੀ ਸ਼ੁਰੂ ਕਰ ਦਿਤੀ। ਮੈਂ ਉਸ ਨੂੰ ਘਰ ਭੇਜਣ ਲਈ ਕਿਹਾ ਤੇ ਉਹ 2 ਲੱਖ ਰੁਪਏ ਮੰਗਣ ਲੱਗੀ।

ਫਿਰ ਉਸ ਨੂੰ ਮਸਕਟ ਭੇਜ ਦਿਤਾ ਗਿਆ ਅਤੇ ਉੱਥੇ ਨੀਜਾ ਨਾਂ ਦੀ ਔਰਤ ਨੇ ਉਸ ਨੂੰ ਘਰ ਵਿਚ ਬੰਧਕ ਬਣਾ ਕੇ ਰੱਖਿਆ। ਉਹ ਸਾਰਾ ਦਿਨ ਕੰਮ ਕਰਵਾਉਂਦੀ ਸੀ ਪਰ ਪੈਸੇ ਮੰਗਣ 'ਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਉੱਥੇ ਪਤਾ ਲਗਾ ਕਿ ਉਸ ਨੂੰ ਇਥੇ ਵੇਚ ਦਿਤਾ ਗਿਆ ਸੀ। ਇਕ ਦਿਨ ਉਹ ਗੁਪਤ ਰੂਪ ਵਿਚ ਘਰ ਛੱਡ ਕੇ ਗੁਰਦੁਆਰਾ ਸਾਹਿਬ ਚਲੀ ਗਈ। ਉਥੇ ਉਸ ਨੇ ਪ੍ਰਬੰਧਕਾਂ ਨੂੰ ਸਾਰੀ ਗੱਲ ਦੱਸੀ।

ਜਿਸ ਨੇ ਪਾਸਪੋਰਟ ਬਣਵਾ ਕੇ ਭਾਰਤ ਪਹੁੰਚਣ ਵਿਚ ਮਦਦ ਕੀਤੀ ਹੈ। ਉਹ 25 ਮਈ 2023 ਨੂੰ ਆਪਣੇ ਘਰ ਵਾਪਸ ਆ ਗਈ ਹੈ। ਉਸ ਨੇ ਪੁਲਿਸ ਤੋਂ ਊਸ਼ਾ ਅਤੇ ਉਸ ਦੀ ਮਾਂ ਤੇ ਭਰਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ਕਾਰਨ ਪੁਲਿਸ ਨੇ ਉਸ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।

ਦੋਸ਼ੀ ਔਰਤ, ਉਸਦੀ ਮਾਂ ਅਤੇ ਭਰਾ 'ਤੇ ਮਾਮਲਾ ਦਰਜ

ਪੁਲਿਸ ਨੇ ਪੀੜਤਾ ਵਾਸੀ ਸ਼ੇਰਗੜ੍ਹ ਦੇ ਬਿਆਨਾਂ 'ਤੇ ਮੁਲਜ਼ਮਾਂ ਊਸ਼ਾ ਰਾਣੀ ਪੁੱਤਰੀ ਸੋਹਣ ਲਾਲ, ਗੀਤਾ ਰਾਣੀ ਪਤਨੀ ਸੋਹਣ ਲਾਲ ਅਤੇ ਬੱਲੂ ਪੁੱਤਰ ਸੋਹਣ ਲਾਲ ਵਾਸੀ ਸ਼ੇਰਗੜ੍ਹ ਦੇ ਖ਼ਿਲਾਫ਼ ਧਾਰਾ 420, 370-ਏ, 120-ਬੀ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਦੋਵੇਂ ਮੁਲਜ਼ਮ ਫ਼ਰਾਰ, ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ 

ਡੀਐਸਪੀ ਸਿਟੀ ਪਲਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਮੁੱਖ ਦੋਸ਼ੀ ਊਸ਼ਾ ਰਾਣੀ ਵਿਦੇਸ਼ 'ਚ ਹੈ, ਜਦਕਿ ਉਸ ਦੀ ਮਾਂ ਅਤੇ ਭਰਾ ਘਰੋਂ ਫਰਾਰ ਹਨ। ਦੋਵਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।