ਸ੍ਰੀ ਮੁਕਤਸਰ ਸਾਹਿਬ : ਜਜ਼ਬੇ ਨੂੰ ਸਲਾਮ, ਹੱਥਾਂ ਤੋਂ ਅਪਾਹਜ ਹੋਣ ਦੇ ਬਾਵਜੂਦ ਪੈਰਾਂ ਸਹਾਰੇ ਹਾਸਲ ਕੀਤੀ ਕਾਮਯਾਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਨੇ 10ਵੀਂ 'ਚੋਂ 91 ਫ਼ੀਸਦੀ ਅੰਕ ਕੀਤੇ ਹਾਸਲ

PHOTO

 

ਸ੍ਰੀ ਮੁਕਤਸਰ ਸਾਹਿਬ - ਕੁਦਰਤ ਜਦੋਂ ਕਿਸੇ ਨਾਲ ਬੇਇਨਸਾਫ਼ੀ ਕਰਦੀ ਹੈ ਤਾਂ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨਾਲ ਲੜ ਕੇ ਅੱਗੇ ਵਧਣ ਦੀ ਹਿੰਮਤ ਅਤੇ ਜਜ਼ਬਾ ਵੀ ਦਿੰਦੀ ਹੈ। ਜਿਸ ਨੇ ਇਹ ਸਮਝ ਲਿਆ, ਉਹ ਅੱਗ ਵਿਚ ਸੜ ਕੇ ਸ਼ੁੱਧ ਸੋਨਾ ਬਣ ਜਾਂਦਾ ਹੈ। ਠੀਕ ਇੰਝ ਹੀ ਸ੍ਰੀ ਮੁਕਤਸਰ ਸਾਹਿਬ ਦੇ ਸੁਖਬੀਰ ਸਿੰਘ ਨੇ ਸਾਬਤ ਕਰ ਦਿਖਾਇਆ ਹੈ। ਸੁਖਬੀਰ ਨੇ ਹਾਲ ਹੀ 'ਚ 10ਵੀਂ 'ਚ 91 ਫ਼ੀਸਦੀ ਅੰਕ ਹਾਸਲ ਕੀਤੇ ਹਨ, ਜਿਸ ਦੇ ਦੋਵੇਂ ਹੱਥ ਕੰਮ ਨਹੀਂ ਕਰਦੇ ਅਤੇ ਲਿਖਣ ਤੋਂ ਅਸਮਰੱਥ ਹੈ ਅਤੇ ਉਹ ਪੈਰਾਂ ਨਾਲ ਲਿਖਦਾ ਹੈ। 

ਸਕੂਲ ਦੇ ਪ੍ਰਿੰਸੀਪਲ ਨੇ ਦਸਿਆ ਕਿ ਸੁਖਬੀਰ ਸਿੰਘ ਨੇ 2017 ਵਿਚ ਉਨ੍ਹਾਂ ਦੇ ਸਕੂਲ ਵਿਚ ਦਾਖ਼ਲਾ ਲਿਆ ਸੀ। ਜਿਵੇਂ-ਜਿਵੇਂ ਸਮਾਂ ਨਿਕਲਦਾ ਰਿਹਾ ਉਸੇ ਤਰ੍ਹਾਂ ਸੁਖਬੀਰ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੁੰਦਾ ਗਿਆ। 

ਸੁਖਬੀਰ ਦੇ ਪਿਤਾ ਹਰਦੇਵ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਬਚਪਨ ਤੋਂ ਹੀ ਅਜਿਹਾ ਸੀ। ਜਦੋਂ ਉਹ ਵੱਡਾ ਹੋਇਆ ਤਾਂ ਉਸ ਨੂੰ ਬਠਿੰਡਾ ਰੋਡ ’ਤੇ ਸਥਿਤ ਪ੍ਰਾਇਮਰੀ ਸਕੂਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਨੇ ਪੰਜਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਫਿਰ ਛੇਵੀਂ ਜਮਾਤ 'ਚ ਉਸ ਨੂੰ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਦਾਖ਼ਲ ਕਰਵਾਇਆ। ਸੁਖਬੀਰ ਦੇ ਅਧਿਆਪਕ ਵੀ ਹਮੇਸ਼ਾ ਉਸ ਦੀ ਤਾਰੀਫ਼ ਕਰਦੇ ਰਹਿੰਦੇ ਹਨ।

 ਉਨ੍ਹਾਂ ਦਸਿਆ ਕਿ ਪੁੱਤਰ ਨੂੰ ਸਰਕਾਰ ਤੋਂ ਪੈਨਸ਼ਨ ਤੋਂ ਇਲਾਵਾ ਕੋਈ ਵਿਸ਼ੇਸ਼ ਸਹਾਇਤਾ ਨਹੀਂ ਮਿਲੀ।

ਪਿਤਾ ਹਰਦੇਵ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਯੂਟਿਊਬ ਚੈਨਲ ਬਣਾਇਆ ਹੋਇਆ ਹੈ। ਜਿਸ ਦਾ ਨਾਮ ਹੈ ਹਿੰਮਤ ਅਤੇ ਜਨੂੰਨ। ਜਿਸ 'ਤੇ ਉਹ ਮੋਟੀਵੇਸ਼ਨਲ ਵੀਡੀਓ ਅਪਲੋਡ ਕਰਦਾ ਹੈ ਅਤੇ ਕਾਫ਼ੀ ਲੋਕ ਪਸੰਦ ਵੀ ਕਰਦੇ ਹਨ। ਉਨ੍ਹਾਂ ਦਸਿਆ ਕਿ ਉਸ ਦਾ ਪੁੱਤਰ ਆਪਣੇ ਪੈਰਾਂ ਨਾਲ ਵੀਡੀਓ ਐਡਿਟ ਕਰ ਕੇ ਯੂਟਿਊਬ 'ਤੇ ਪਾਉਂਦਾ ਹੈ। ਬੀਤੇ ਦਿਨ ਮੋਹਾਲੀ ਵਿਖੇ ਵਿਕਲਾਂਗ ਬੱਚਿਆਂ ਦੀਆਂ ਰਾਸ਼ਟਰੀ ਖੇਡਾਂ ਕਰਵਾਈਆਂ ਗਈਆਂ, ਜਿਸ 'ਚ ਉਸ ਦੇ ਪੁੱਤਰ ਨੇ 5ਵਾਂ ਸਥਾਨ ਹਾਸਲ ਕੀਤਾ। ਡਿਪਟੀ ਕਮਿਸ਼ਨਰ ਨੇ ਸੁਖਬੀਰ ਸਿੰਘ ਦਾ ਸਨਮਾਨ ਵੀ ਕੀਤਾ ਹੈ।