ਸਿਵਲ ਹਸਪਤਾਲ 'ਚ ਔਟ ਕਲੀਨਿਕ ਖੋਲ੍ਹਿਆ
ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਛਡਾਉ ਮੁਹਿੰਮ ਤਹਿਤ ਸਥਾਨਕ ਸਹਿਰ ਦੇ ਸਿਵਲ ਹਸਪਤਾਲ....
ਰਾਏਕੋਟ : ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਛਡਾਉ ਮੁਹਿੰਮ ਤਹਿਤ ਸਥਾਨਕ ਸਹਿਰ ਦੇ ਸਿਵਲ ਹਸਪਤਾਲ 'ਚ ਔਟ ਕਲੀਨਿਕ ਖੋਲ੍ਹਿਆ ਗਿਆ ਹੈ ਤਾਂ ਜੋ ਨਸ਼ਾ ਮੁਕਤੀ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਬਾਰੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਵੇਸ਼ ਮਹਿਤਾ ਨੇ ਦਸਿਆ ਕਿ ਔਟ ਕਲੀਨਿਕ ਉਨ੍ਹਾਂ ਮਰੀਜ਼ਾਂ ਦੀ ਸਹੂਲਤ ਲਈ ਖੋਲ੍ਹੇ ਗਏ ਹਨ ਜੋ ਹੈਰੋਇਨ ਜਾਂ ਅਫ਼ੀਮ ਜਾਂ ਅਫ਼ੀਮ ਤੋਂ ਤਿਆਰ ਪਦਾਰਥਾਂ ਦਾ ਨਸ਼ਾ ਛੱਡਣਾ ਚਾਹੁੰਦੇ ਹਨ। ਉਨ੍ਹਾਂ ਦਸਿਆ ਕਿ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ ਅਪਣੀ ਰਜਿਸਟ੍ਰੇਸ਼ਨ ਔਟ ਕਲੀਨਿਕ ਵਿਚ ਕਰਵਾ ਸਕਦੇ ਹਨ
ਜਿਥੇ ਉਨ੍ਹਾਂ ਦਾ ਲੈਬਾਰਟਰੀ ਟੈਸਟ ਕੀਤਾ ਜਾਵੇਗਾ ਅਤੇ ਇਹ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਹੀ ਮਨੋਚਿਕਤਿਸਕ ਮਾਹਰ ਡਾਕਟਰ ਦੀ ਦੇਖ-ਰੇਖ ਹੇਠ ਉਨ੍ਹਾਂ ਦੀ ਦਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਦਵਾਈ ਦੀ ਮਾਤਰਾ ਸੈੱਟ ਹੋਣ ਤੋਂ ਬਾਅਦ ਮਰੀਜ਼ ਕਿਸੇ ਵੀ ਔਟ ਕਲੀਨਿਕ 'ਤੇ ਅਪਣਾ ਯੂ.ਆਈ.ਡੀ. ਨੰਬਰ ਦੱਸ ਕੇ ਦਵਾਈ ਲੈ ਸਕੇਗਾ। ਉਨ੍ਹਾਂ ਦਸਿਆ ਕਿ ਨਸ਼ਾ ਮੁਕਤੀ ਦੀ ਦਵਾਈ ਦੇ ਨਾਲ-ਨਾਲ ਮਰੀਜ਼ਾਂ ਨਾਲ ਕੌਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਮਰੀਜ਼ਾਂ ਨੂੰ ਇਨ੍ਹਾਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।