ਪੁਲਿਸ 'ਤੇ ਇਕਤਰਫ਼ਾ ਕਾਰਵਾਈ ਕਰਨ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇੜਲੇ ਪਿੰਡ ਕੋਟਗੁਰੂ ਦੇ ਦੋ ਕਿਸਾਨਾਂ ਦੇ ਆਪਸੀ ਝਗੜੇ ਵਿਚ ਪੁਲਿਸ ਵਲੋਂ ਇਕ ਧਿਰ ਖਿਲਾਫ ਕੀਤੀ ਕਾਰਵਾਈ ਨੂੰ ਲੈ ਕੇ ਦੂਜੀ ਧਿਰ ਵੱਲੋ ਪ੍ਰਸਾਸਨ ਖਿਲਾਫ.....

People Protesting

ਸੰਗਤ ਮੰਡੀ : ਨੇੜਲੇ ਪਿੰਡ ਕੋਟਗੁਰੂ ਦੇ ਦੋ ਕਿਸਾਨਾਂ ਦੇ ਆਪਸੀ ਝਗੜੇ ਵਿਚ ਪੁਲਿਸ ਵਲੋਂ ਇਕ ਧਿਰ ਖਿਲਾਫ ਕੀਤੀ ਕਾਰਵਾਈ ਨੂੰ ਲੈ ਕੇ ਦੂਜੀ ਧਿਰ ਵੱਲੋ ਪ੍ਰਸਾਸਨ ਖਿਲਾਫ ਨਾਹਰੇਬਾਜੀ ਕੀਤੀ ਅਤੇ ਗੁੰਡਾਗਰਦੀ ਦੀ ਅਰਥੀ ਫੂਕੀ ਗਈ। ਪੀੜਿਤ ਧਿਰ ਦੇ ਹੱਕ ਵਿਚ ਉਤਰੀ ਨੌਜਵਾਨ ਭਾਰਤ ਸਭਾ ਜਸਕਰਨ ਕੋਟਗੁਰੂ ਤੇ ਅਮਰੀਕ ਘੁੱਦਾ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਗੁਰਮੇਲ ਸਿੰਘ ਦਾ ਨੱਥਾ ਸਿੰਘ ਨਾਲ ਪਿਛਲੇ ਲੰਮੇ ਸਮੇਂ ਤੋਂ ਪਾਣੀ ਵਾਲੇ ਖਾਲ ਦਾ ਝਗੜਾ ਚੱਲ ਰਿਹਾ ਹੈ, ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਧਰ ਐਤਕੀਂ ਪਾਣੀ ਦੀ ਵਾਰੀ ਨੂੰ ਲੈ ਕੇ ਜਦੋ ਪੁਲਿਸ ਦੀ ਹਾਜਰੀ ਵਿਚ ਨੱਥਾ ਸਿੰਘ ਜਬਰੀ

ਪਾਣੀ ਲਾ ਰਿਹਾ ਸੀ ਤਦ ਪਤਾ ਲੱਗਣ 'ਤੇ ਗੁਰਮੇਲ ਸਿੰਘ ਅਤੇ ਪਰਿਵਾਰਿਕ ਮੈਂਬਰ ਘਟਨਾ ਸਥਾਨ 'ਤੇ ਪੁੱਜੇ। ਪਰ ਪੁਲਿਸ ਨੇ ਬਿਨਾਂ ਕੋਈ ਗੱਲ ਸੁਣੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਦਿੱਤੀ ਜਦਕਿ ਪੀੜਿਤ ਗੁਰਮੇਲ ਸਿੰਘ ਦੇ ਖੇਤ ਦੇ ਗੁਆਂਢੀ ਬਲਕਰਨ ਸਿੰਘ ਨੇ ਜਦ ਘਟਨਾ ਦੀ ਵੀਡੀਓ ਬਣਾਉਣੀ ਚਾਹੀ ਤਾਂ ਪੁਲਿਸ ਨੇ ਉਸ ਦੀ ਵੀ ਕੁੱਟਮਾਰ ਕਰਕੇ ਉਸ ਨੂੰ ਥਾਣੇ ਲੈ ਗਏ। ਪੀੜਤ ਧਿਰ ਨੇ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ 'ਤੇ ਰਾਜੀਨਾਮੇ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਜਦਕਿ ਅਜਿਹਾ ਨਾ ਕਰਨ 'ਤੇ ਪੁਲਿਸ ਨੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਵਰਗੇ ਸ਼ਬਦਾਂ ਦੀ ਵਰਤੋ ਕੀਤੀ। 

ਪੀੜਤ ਧਿਰ ਦੇ ਪੱਖ ਵਿਚ ਉਤਰੀ ਭਾਰਤੀ ਨੌਜਵਾਨ ਭਾਰਤ ਸਭਾ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਅੱਗੇ ਦੱਸਿਆ ਕਿ ਮਾਮਲੇ ਸਬੰਧੀ ਪੁਲਿਸ ਉਨ੍ਹਾਂ ਨੂੰ ਵੀ ਲੜ ਨਹੀ ਫੜਾ ਰਹੀ ਜਦਕਿ ਅਪਣੇ ਵਲੋ ਕੀਤੀ ਕਾਰਵਾਈ ਨੂੰ ਵਾਜਿਬ ਕਰਾਰ ਦੇ ਰਹੀ ਹੈ। ਜਿਸ ਦੇ ਰੋਸ ਵਜੋਂ ਹੀ ਨੁੰਮਾਇਦਿਆਂ ਵੱਲੋਂ ਪਿੰਡ ਕੋਟਗੁਰੂ ਵਿਚ ਸਿਆਸੀ ਗੁੰਡਾਗਰਦੀ ਦੀ ਅਰਥੀ ਫੂਕਦਿਆਂ ਇਸ ਧੱਕੇਸ਼ਾਹੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ।

ਭਾਕਿਯੂ ਦੇ ਬਲਾਕ ਆਗੂ ਕੁਲਵੰਤ ਸ਼ਰਮਾਂ ਨੇ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ ਨਾ ਦਿੱਤਾ ਗਿਆ ਤਦ ਆਉਦੇਂ ਦਿਨਾਂ ਵਿਚ ਥਾਣੇ ਅੱਗੇ ਧਰਨਾ ਲਾਇਆ ਜਾਵੇਗਾ। ਮਾਮਲੇ ਸਬੰਧੀ ਸੰਗਤ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕਿਸੇ ਨਾਲ ਵੀ ਕੋਈ ਧੱਕਾ ਨਹੀ ਕੀਤਾ ਬਲਕਿ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਹੈ। ਇਸ ਮੌਕੇ ਗੇਜਾ ਸਿੰਘ, ਬਲਕਰਨ ਸਿੰਘ ਬੱਗਾ, ਮਹਿੰਦਰ ਸਿੰਘ ਖਾਲਸਾ, ਜਸਪਾਲ ਕੋਟਗੁਰੂ, ਹਰਵਿੰਦਰ ਗਾਗੀ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।