ਮਾਮਲਾ ਮਈ 2016 ’ਚ ਹੋਈ 267 ਪਾਵਨ ਸਰੂਪਾਂ ਦੀ ਬੇਅਦਬੀ ਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੋ੍ਰਮਣੀ ਕਮੇਟੀ ਨੂੰ ਭੰਗ ਕਰ ਕੇ ਸੇਵਾਮੁਕਤ ਜੱਜ ਨੂੰ ਲਾਇਆ ਜਾਵੇ ਰਸੀਵਰ : ਨੰਗਲ

1

ਕੋਟਕਪੂਰਾ, 29 ਜੂਨ (ਗੁਰਿੰਦਰ ਸਿੰਘ) : ਭਾਵੇਂ ਅਕਾਲੀ ਦਲ ਬਾਦਲ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਦਾ ਲੇਖਾ-ਜੋਖਾ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ, ਕਿਉਂਕਿ ਬਾਦਲ ਪ੍ਰਵਾਰ ਨੇ ਪੰਥ ਦੇ ਨਾਮ 'ਤੇ 5 ਵਾਰ ਸੱਤਾ ਦਾ ਆਨੰਦ ਤਾਂ ਮਾਣਿਆ ਪਰ ਪੰਥ ਦਾ ਸੰਵਾਰਨ ਦੀ ਕਦੇ ਜ਼ਰੂਰਤ ਹੀ ਨਾ ਸਮਝੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਨ ਉਪਰੰਤ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ ਨੇ ਪਿਛਲੇ ਦਿਨੀਂ 'ਰੋਜ਼ਾਨਾ ਸਪੋਕਸਮੈਨ' ਦੇ ਪਹਿਲੇ ਪੰਨੇ ਦੀ ਸੁਰਖੀ ਬਣੀ ਖ਼ਬਰ ਸਬੰਧੀ ਬਾਦਲ ਦਲ ਨੂੰ ਕਟਹਿਰੇ 'ਚ ਖੜਾ ਕਰਦਿਆਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੀ ਮਈ 2016 'ਚ ਹੋਈ ਬੇਅਦਬੀ ਦੀ ਖ਼ਬਰ ਸੁਣ ਕੇ ਦੇਸ਼ ਵਿਦੇਸ਼ 'ਚ ਗੁੱਸਾ, ਰੋਹ ਅਤੇ ਰੋਸ ਪੈਦਾ ਹੋਣਾ ਸੁਭਾਵਕ ਹੈ।

ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਚੁਣੇ ਹੋਏ ਜ਼ਿੰਮੇਵਾਰ ਨੁਮਾਇੰਦਿਆਂ ਅਤੇ ਉਥੇ ਹਾਜ਼ਰ ਅਧਿਕਾਰੀਆਂ ਵਲੋਂ ਇਸ ਘਟਨਾ ਨੂੰ ਛੁਪਾ ਕੇ ਰੱਖਣ ਲਈ ਜ਼ਿੰਮੇਵਾਰ ਮੰਨਿਆ ਜਾਵੇ ਤੇ ਇਸ ਦਾ ਇਕੋ ਇਕ ਹੱਲ ਹੈ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਨੂੰ ਭੰਗ ਕਰ ਕੇ ਪੂਰੀ ਮਰਿਆਦਾ ਰੱਖਣ ਵਾਲੇ ਕਿਸੇ ਪੂਰਨ ਗੁਰਸਿੱਖ ਵਾਲੇ ਸੇਵਾਮੁਕਤ ਜੱਜ ਨੂੰ ਰਸੀਵਰ ਨਿਯੁਕਤ ਕੀਤਾ ਜਾਵੇ।


ਉਨ੍ਹਾਂ ਆਡਿਟ ਕਰਨ ਵਾਲੇ ਕੋਹਲੀ ਦੀ ਟੀਮ ਨੂੰ ਤੁਰਤ ਹਟਾ ਕੇ ਇਸ ਦੀ ਅਸਲੀਅਤ ਸਮੁੱਚੀ ਕੌਮ ਦੇ ਸਾਹਮਣੇ ਲਿਆਉਣ ਦੀ ਵੀ ਮੰਗ ਕੀਤੀ। ਜਥੇਦਾਰ ਨੰਗਲ ਨੇ ਆਖਿਆ ਕਿ ਬਰਗਾੜੀ ਬੇਅਦਬੀ ਕਾਂਡ ਦੀ ਤਰ੍ਹਾਂ 267 ਪਵਿੱਤਰ ਸਰੂਪਾਂ ਦੀ ਬੇਅਦਬੀ ਦੀ ਖ਼ਬਰ ਨੇ ਵੀ ਪੰਥਦਰਦੀਆਂ ਨੂੰ ਚਿੰਤਾ 'ਚ ਪਾ ਦਿਤਾ ਹੈ।