ਪੰਜਾਬ ਵਿਚ ਕੋਰੋਨਾ ਨੇ ਲਈਆਂ 8 ਹੋਰ ਜਾਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੋਰੋਨਾ ਦਾ ਕਹਿਰ ਐਤਵਾਰ ਨੂੰ ਤਾਲਾਬੰਦੀ ਲਾਗੂ ਹੋਣ ਦੇ ਬਾਵਜੂਦ ਨਹੀਂ ਰੁਕਿਆ

Coronavirus

ਚੰਡੀਗੜ੍ਹ, 28 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਐਤਵਾਰ ਨੂੰ ਤਾਲਾਬੰਦੀ ਲਾਗੂ ਹੋਣ ਦੇ ਬਾਵਜੂਦ ਨਹੀਂ ਰੁਕਿਆ। ਅੱਜ ਸ਼ਾਮ ਤਕ ਜਿਥੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨੇ 8 ਹੋਰ ਜਾਨਾਂ ਲੈ ਲਈਆਂ ਹਨ। ਉਥੇ 170 ਹੋਰ ਨਵੇਂ ਪਾਜ਼ੇਟਿਵ ਮਾਮਲੇ ਵੀ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਆਏ ਹਨ। ਅੱਠ ਹੋਰ ਮੌਤਾਂ ਨਾਲ ਜਿਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 139 ਤਕ ਪਹੁੰਚ ਗਈ ਹੈ,

ਉਥੇ ਕੁਲ ਪਾਜ਼ੇਟਿਵ  ਅੰਕੜਾ ਵੀ 5000 ਤੋਂ ਪਾਰ ਹੋ ਗਿਆ ਹੈ। ਅੱਜ ਲੁਧਿਆਣਆ ਤੇ ਸੰਗਰੂਰ ਜ਼ਿਲ੍ਹਾ ਵਿਚ ਮੁੜ ਕੋਰੋਨਾ ਧਮਾਕਾ ਹੋਇਆ। ਜਿਥੇ ਕ੍ਰਮਵਾਰ 45 ਤੇ 46 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਲਾਜ ਅਧਈਨ 1557 ਮਰੀਜ਼ਾਂ ਵਿਚੋਂ 30 ਗੰਭੀਰ ਹਾਲਤ ਵਾਲੇ ਹਨ। ਇਨ੍ਹਾਂ ਵਿਚੋਂ 23 ਆਕਸੀਜਨ ਅਤੇ 7 ਵੈਂਟੀਲੇਟਰ ਉਪਰ ਹਨ। ਪਟਿਆਲਾ ਸ਼ਹਿਰ ਵਿਚ ਦੋ ਮੌਤਾਂ ਹੋਇਆਂ। 3526 ਮਰੀਜ਼ ਹੁਣ ਤਕ ਠੀਕ ਹੋਏ ਹਨ।

ਅੱਜ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ ਤੇ ਹੁਸ਼ਿਆਪੁਰ ਜ਼ਿਲ੍ਹੇ ਵਿਚ ਕੋਰੋਨਾ ਨਾਲ ਮੌਤਾਂ ਹੋਈਆਂ ਹਨ ਅਤੇ 17 ਜ਼ਿਲ੍ਹਿਆਂ ਵਿਚੋਂ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਸੱਭ ਤੋਂ ਵੱਧ 883 ਹੈ। ਦੂਜੇ ਨੰਬਰ ਉਤੇ ਲੁਧਿਆਣਾ 781, ਤੀਜੇ ਉਤੇ ਜਲੰਧਰ 704 ਹਨ।

ਇਸ ਤੋਂ ਬਾਅਦ ਨਵਾਂ ਹਾਟ ਸਪਾਟ ਜ਼ਿਲ੍ਹਾ ਸੰਗਰੂਰ ਬਣਿਆ ਹੈ, ਜਿਥੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 408 ਤਕ ਪਹੁੰਚ ਚੁੱਕਾ ਹੈ। ਪੰਜਾਬ ਵਿਚ ਹੁਣ ਤਕ ਕੁਲ ਸੈਂਪਲ 2 ਲੱਖ 89 ਹਜ਼ਾਰ 923 ਲਏ ਗਏ ਹਨ। ਹੁਣ ਤਕ ਪੰਜਾਬ ਵਿਚ ਪਾਜ਼ੇਟਿਵ ਮਾਮਲੇ 5222, ਠੀਕ ਹੋਏ ਮਾਮਲੇ 3526, ਇਲਾਜ ਅਧੀਨ ਮਾਮਲੇ 1557 ਅਤੇ ਮੌਤਾਂ ਦੀ ਗਿਣਤੀ 139 ਹੈ।