ਪੰਜਾਬ ਅੰਦਰ ਬਿਜਲੀ ਦੀ ਖਪਤ ਸਿਖਰਲੇ ਅੰਕੜੇ 12651 ਮੈਗਾਵਾਟ ਤਕ ਪਹੁੰਚੀ
ਪੰਜਾਬ ਅੰਦਰ ਬਿਜਲੀ ਦੀ ਖਪਤ ਸਿਖਰਲੇ ਅੰਕੜੇ 12651 ਮੈਗਾਵਾਟ ਤਕ ਪਹੁੰਚੀ
ਪੰਜਾਬ ਅੰਦਰ ਸਥਾਪਤ ਸਰਕਾਰੀ ਤੇ ਨਿਜੀ ਤਾਪ ਬਿਜਲੀ ਘਰਾਂ ਦਾ ਉਤਪਾਦਨ 4157 ਮੈਗਾਵਾਟ ਦੇ ਨੇੜੇ
ਪਟਿਆਲਾ, 28 ਜੂਨ (ਜਸਪਾਲ ਸਿੰਘ ਢਿੱਲੋਂ) : ਪੰਜਾਬ ਅੰਦਰ ਤਾਪਮਾਨ ਵੀ ਲੋਕਾਂ ਦੇ ਵੱਟ ਕੱਢ ਰਿਹਾ ਹੈ | ਇਸ ਦਾ ਸਿੱਧਾ ਅਸਰ ਪੰਜਾਬ ਅੰਦਰ ਬਿਜਲੀ ਦੀ ਖਪਤ 'ਤੇ ਪਿਆ ਹੈ | ਇਸ ਵੇਲੇ ਬਿਜਲੀ ਦੀ ਖਪਤ ਦਾ ਅੰਕੜਾ 12651 ਮੈਗਾਵਾਟ ਦੇ ਅੱਜ ਤਕ ਦੇ ਸਿਖਰਲੇ ਅੰਕੜੇ 'ਤੇ ਪੁੱਜ ਗਿਆ ਹੈ | ਇਸ ਦੇ ਸਿੱਟੇ ਵਜੋਂ ਪੰਜਾਬ ਬਿਜਲੀ ਨਿਗਮ ਦੇ ਸਰਕਾਰੀ ਤੇ ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਨੂੰ ਚਲਾਇਆ ਗਿਆ ਹੈ | ਇਸ ਦੇ ਨਾਲ ਹੀ ਪਣ ਬਿਜਲੀ ਘਰਾਂ ਨੂੰ ਵੀ ਸਿਖਰਲੇ ਲੋਡ 'ਤੇ ਚਲਾਇਆ ਜਾ ਰਿਹਾ ਹੈ | ਸਰਕਾਰੀ ਤੇ ਨਿੱਜੀ ਖੇਤਰ ਦੇ ਤਾਪ ਬਿਜਲੀ ਘਰ ਬਿਜਲੀ ਪੂਰਤੀ ਲਈ 4157 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਹੇ ਹਨ |
ਪੰਜਾਬ ਦੇ ਸਰਕਾਰੀ ਤਾਪ ਬਿਜਲੀ ਘਰਾਂ ਤੋਂ ਇਸ ਵੇਲੇ 1379 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ, ਇਸ ਵਿਚ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਤੋਂ 526 ਮੈਗਾਵਾਟ ਅਤੇ ਲਹਿਰਾ ਮੁਹੱਬਤ ਦੇ ਤਾਪ ਬਿਜਲੀ ਘਰ ਤੋਂ 852 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਜੇਕਰ ਨਿੱਜੀ ਤਾਪ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ 'ਤੇ ਝਾਤੀ ਮਾਰੀ ਜਾਵੇ ਤਾਂ ਇਨ੍ਹਾਂ ਤੋਂ ਵੀ 2773 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਇਸ ਵਿਚ ਰਾਜਪੁਰਾ ਦੇ ਨਲਾਸ ਦੇ ਤਾਪ ਬਿਜਲੀ ਘਰ ਤੋਂ 1321 ਮੈਗਾਵਾਟ, ਤਲਵੰਡੀ ਸਾਬੋ ਦੇ ਵਣਾਂਵਾਲੀ ਤਾਪ ਬਿਜਲੀ ਘਰ ਤੋਂ 959 ਮੈਗਾਵਾਟ ਅਤੇ ਜੀਵੀਕੇ ਤਾਪ ਬਿਜਲੀ ਘਰ ਗੋਇੰਦਵਾਲ ਸਾਹਿਬ ਤੋਂ ਵੀ 496 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ |
ਹੁਣ ਜੇ ਪਣ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ ਨੂੰ ਵੇਖਿਆ ਜਾਵੇ ਇਹ ਅੰਕੜਾ 1000 ਮੈਗਾਵਾਟ ਦਾ ਹੈ | ਇਸ ਵਿਚ ਰਣਜੀਤ ਸਾਗਰ ਡੈਮ ਤੋਂ 542 ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਪਣ ਬਿਜਲੀ ਘਰ ਤੋਂ 85 ਮੈਗਾਵਾਟ, ਆਨੰਦਪੁਰ ਸਾਹਿਬ ਪਣ ਬਿਜਲੀ ਘਰਾਂ ਤੋਂ 117 ਮੈਗਾਵਾਟ, ਹਿਮਾਚਲ ਪ੍ਰਦੇਸ਼ ਸਥਿਤ ਸਾਨਨ ਪਣ ਬਿਜਲੀ ਘਰ ਤੋਂ 91 ਮੈਗਾਵਾਟ ਬਿਜਲੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ |
ਇਸ ਦੇ ਨਾਲ ਹੀ ਨਵਿਆਉਣਯੋਗ ਸਰੋਤ ਵੀ ਇਸ ਵੇਲੇ 241 ਮੈਗਾਵਾਟ ਦਾ ਯੋਗਦਾਨ ਪਾ ਰਹੇ ਹਨ | ਇਸ ਵਿਚ ਸੌਰ ਊੁਰਜਾ ਦੇ ਪ੍ਰਾਜੈਕਟਾਂ ਤੋਂ 183 ਮੈਗਾਵਾਟ ਅਤੇ ਗੈਰ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 57 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਇਸ ਵੇਲੇ ਗਰੌਸ ਬਿਜਲੀ ਦਾ ਅੰਕੜਾ 5379 ਮੈਗਾਵਾਟ ਹੈ |