ਰੋਡਵੇਜ਼ ਪਨਬਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਨੇ ਸ਼ੁਰੂ ਕੀਤੀ ਤਿੰਨ ਰੋਜ਼ਾ ਹੜਤਾਲ

ਏਜੰਸੀ

ਖ਼ਬਰਾਂ, ਪੰਜਾਬ

ਰੋਡਵੇਜ਼ ਪਨਬਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਨੇ ਸ਼ੁਰੂ ਕੀਤੀ ਤਿੰਨ ਰੋਜ਼ਾ ਹੜਤਾਲ

image

ਅੱਜ ਪਟਿਆਲਾ 'ਚ ਰਾਜ ਪਧਰੀ ਰੈਲੀ ਤੋਂ ਬਾਅਦ ਮੋਤੀ ਮਹਿਲ ਵਲ ਕੂਚ ਕਰਨਗੇ ਇਹ ਕਾਮੇ


ਚੰਡੀਗੜ੍ਹ, 28 ਜੂਨ (ਗੁਰਉਪਦੇਸ਼ ਭੁੱਲਰ) :  ਪੰਜਾਬ ਰੋਡਵੇਜ਼ ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਨੇ ਅਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਅੱਜ ਤਿੰਨ ਦਿਨ ਦੀ ਹੜਤਾਲ ਸ਼ੁਰੂ ਕਰ ਦਿਤੀ ਹੈ | ਜ਼ਿਕਰਯੋਗ ਹੈ ਕਿ ਇਸ ਸਮੇਂ ਪਨਬਸ ਤੇ ਪੀ.ਆਰ.ਟੀ.ਸੀ. ਦੇ ਬੇੜੇ 'ਚ ਸ਼ਾਮਲ ਹਜ਼ਾਰਾਂ ਬਸਾਂ 'ਚੋਂ 90 ਫ਼ੀ ਸਦੀ ਦੇ ਕਰੀਬ ਕੱਚੇ ਕਾਮੇ ਹੀ ਚਲਾ ਰਹੇ ਹਨ | ਇਸ ਕਾਰਨ ਸੂਬੇ ਭਰ 'ਚ ਸਰਕਾਰੀ ਬਸਾਂ ਦਾ ਪਹੀਆ ਜਾਮ ਹੋਣ ਕਾਰਨ ਮੁਸਾਫਿਰਾਂ ਨੂੰ  ਭਾਰੀ ਪ੍ਰੇਸ਼ਾਨੀਆਂ 'ਚੋਂ ਅੱਜ ਗੁਜ਼ਰਨਾ ਪਿਆ | ਇਸ ਦਾ ਪ੍ਰਾਈਵੇਟ ਬਸਾਂ ਤੇ ਟੈਕਸੀ ਵਾਲਿਆਂ ਨੇ ਖੂਬ ਲਾਹਾ ਲਿਆ ਹੈ | ਅੱਜ ਹੜਤਾਲ ਦੇ ਪਹਿਲੇ ਦਿਨ ਚਾਰ ਘੰਟੇ ਲਈ ਸੂਬੇ ਭਰ 'ਚ ਬੱਸ ਅੱਡੇ ਵੀ ਬੰਦ ਰੱਖੇ ਗਏ ਅਤੇ ਵਿਸ਼ਾਲ ਰੋਸ ਰੈਲੀਆਂ ਹੋਈਆਂ | ਇਨ੍ਹਾਂ 'ਚ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਵੀ ਸ਼ਾਮਲ ਹੋ ਕੇ ਰੋਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਕੱਚੇ ਕਾਮਿਆਂ ਦੇ ਅੰਦੋਲਨ ਦਾ ਸਮਰਥਨ ਕੀਤਾ ਹੈ | ਚੰਡੀਗੜ੍ਹ ਦੇ ਸੈਕਟਰ 43 ਸਥਿਤ ਅੰਤਰਰਾਜੀ ਬੱਸ ਅੱਡੇ ਉਪਰ ਵੀ ਹੜਤਾਲੀ ਕਾਮਿਆਂ ਦੀ ਰੈਲੀ ਹੋਈ | ਰੋਡਵੇਜ਼ ਦੇ ਚੰਡੀਗੜ੍ਹ ਡਿਪੂ 'ਚ ਹੜਤਾਲੀ ਕਾਮਿਆਂ ਨੂੰ  ਸੰਬੋਧਨ ਕਰਨ ਵਾਲਿਆਂ 'ਚ ਯੂਨੀਅਨ ਦੇ ਸਰਪ੍ਰਸਤ ਕਮਲ ਕੁਮਾਰ, ਪ੍ਰਧਾਨ ਰੇਸ਼ਮ ਸਿੰਘ ਗਿੱਲ, ਸਕੱਤਰ ਬਲਜੀਤ ਸਿੰਘ ਗਿੱਲ, ਮੀਤ ਪ੍ਰਧਾਨ ਜੋਧ ਸਿੰਘ ਤੇ ਪ੍ਰਦੀਪ ਕੁਮਾਰ ਸ਼ਾਮਲ ਸਨ | ਹੜਤਾਲੀ ਕਾਮਿਆਂ ਨੇ 29 ਜੂਨ ਨੂੰ  ਪਟਿਆਲਾ 'ਚ ਰਾਜ ਪਧਰੀ ਰੈਲੀ ਤੋਂ ਬਾਅਦ ਮੋਤੀ ਮਹਿਲ ਵਲ ਕੂਚ ਕਰਨ ਦਾ ਵੀ ਐਲਾਨ ਕੀਤਾ | ਮੰਗਾਂ ਨਾ ਮੰਨੇ ਜਾਣ 'ਤੇ ਤਿੰਨ ਦਿਨ ਦੀ ਹੜਤਾਲ ਬਾਅਦ ਅੰਦੋਲਨ ਨੂੰ  ਹੋਰ ਤੇਜ਼ ਕਰਨ ਦੀ ਗੱਲ ਆਖੀ ਗਈ ਹੈ |