ਸਵਾਲ ਲੰਗਾਹ ਦੀ ਪੰਥ ਵਾਪਸੀ ਦਾ ਨਹੀਂ ਬਲਕਿ ਸਿੱਖ ਰਹਿਤ ਮਰਿਆਦਾ ਦਾ ਹੈ : ਸੈਕਰਾਮੈਂਟੋ

ਏਜੰਸੀ

ਖ਼ਬਰਾਂ, ਪੰਜਾਬ

ਸਵਾਲ ਲੰਗਾਹ ਦੀ ਪੰਥ ਵਾਪਸੀ ਦਾ ਨਹੀਂ ਬਲਕਿ ਸਿੱਖ ਰਹਿਤ ਮਰਿਆਦਾ ਦਾ ਹੈ : ਸੈਕਰਾਮੈਂਟੋ

image

ਲੰਗਾਹ ਨੂੰ ਪੰਥ ’ਚ ਸ਼ਾਮਲ ਕਰਨ ਦਾ ਮਾਮਲਾ ‘ਜਥੇਦਾਰਾਂ’ ਲਈ ਬਣਿਆ ਚੁਨੌਤੀ

ਕੋਟਕਪੂਰਾ, 28 ਜੂਨ (ਗੁਰਿੰਦਰ ਸਿੰਘ) : ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜਥੇਦਾਰ ਅਖਵਾਉਣ ਵਾਲੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਪੰਥ ’ਚ ਵਾਪਸ ਸ਼ਾਮਲ ਕਰਨ ਦਾ ਮਾਮਲਾ ਤਖ਼ਤਾਂ ਦੇ ਜਥੇਦਾਰਾਂ ਲਈ ਸਿਰਦਰਦੀ ਅਰਥਾਤ ਚੁਨੌਤੀ ਬਣਦਾ ਜਾ ਰਿਹਾ ਹੈ, ਕਿਉਂਕਿ ਇਕ ਪ੍ਰਵਾਸੀ ਭਾਰਤੀ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਦਾਅਵਾ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਤਖ਼ਤਾਂ ਦੇ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਪੰਥ ’ਚ ਸ਼ਾਮਲ ਕਰ ਸਕਦੇ ਹਨ ਪਰ ਗਿਆਨੀ ਹਰਪ੍ਰੀਤ ਸਿੰਘ ਤੋਂ ਪਹਿਲਾਂ ਵਾਲੇ ਜਥੇਦਾਰਾਂ ਵਲੋਂ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਜਾਂ ਕਿੜ ਕੱਢਣ ਲਈ ਜਾਰੀ ਕੀਤੇ ਗਏ ਹੁਕਮਨਾਮੇ ਅੜਿੱਕਾ ਬਣ ਰਹੇ ਹਨ। ਸਰਬਜੀਤ ਸਿੰਘ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਸੁੱਚਾ ਸਿੰਘ ਲੰਗਾਹ ਮੁੜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 
ਖ਼ਬਰਾਂ ਦਸਦੀਆਂ ਹਨ ਕਿ ਉਹ ਹਰ ਰੋਜ਼ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦਾ ਹੈ। ਇਹ ਵੀ ਪੜ੍ਹਨ-ਸੁਣਨ ਨੂੰ ਮਿਲਦਾ ਹੈ ਕਿ ਉਸ ਦੇ ਬਿਰਧ ਮਾਤਾ-ਪਿਤਾ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਲੰਗਾਹ ਨੂੰ ਬਖ਼ਸ਼ ਦਿਤਾ ਜਾਵੇ ਪਰ ਅਜੇ ਤਾਈਂ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਹੁੰਗਾਰਾ ਨਹੀਂ ਭਰਿਆ। ਜਦੋਂ ਕਿ ਇਹ ਮੁੱਦਾ ਸਿਆਸਤ ਦਾ ਨਹੀਂ ਬਲਕਿ ਨਿਰੋਲ ਮਰਿਆਦਾ ਦਾ ਹੈ। ਸਰਬਜੀਤ ਸਿੰਘ ਨੇ ਉਕਤ ਮਾਮਲੇ ਦਾ ਪਿਛੋਕੜ ਸਾਂਝਾ ਕਰਦਿਆਂ ਦਸਿਆ ਕਿ ਸਾਬਕਾ ਧਰਮ ਪ੍ਰਚਾਰ ਕਮੇਟੀ ਮੈਂਬਰ ਲੰਗਾਹ ਦੀ ਇਕ ਅਸ਼ਲੀਲ ਵੀਡੀਉ ਸਾਹਮਣੇ ਆਉਣ ਪਿੱਛੋਂ ਅਕਤੂਬਰ 2017 ਵਿਚ ਲੰਗਾਹ ਨੂੰ ਪੰਥ ’ਚੋਂ ਛੇਕ ਦਿਤਾ ਗਿਆ ਸੀ। ਰਹਿਤ ਮਰਿਆਦਾ ਮੁਤਾਬਕ ਲੰਗਾਹ ਦੀ ਗ਼ਲਤੀ ਕੁਰਹਿਤਾਂ ’ਚ ਆਉਂਦੀ ਹੈ। ਰਹਿਤ ਮਰਿਆਦਾ ’ਚ ਚਾਰ ਕੁਰਹਿਤਾਂ (ਕੇਸਾਂ ਦੀ ਬੇਅਦਬੀ, ਕੁੱਠਾ ਖਾਣਾ, ਪਰ ਇਸਤਰੀ ਜਾਂ ਪੁਰਸ਼ ਦਾ ਗਮਨ ਅਤੇ ਤਮਾਕੂ ਵਰਤਣਾ)  ਦਰਜ ਹਨ। ਸਿੱਖ ਰਹਿਤ ਮਰਿਆਦਾ ’ਚ ਇਹ ਵੀ ਦਰਜ ਹੈ ਕਿ ਇਨ੍ਹਾਂ ’ਚੋਂ ਕੋਈ ਕੁਰਹਿਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਵੇਗਾ। ਅਪਣੀ ਇੱਛਾ ਵਿਰੁਧ ਅਨਭੋਲ ਹੀ ਕੋਈ ਕੁਰਹਿਤ ਹੋ ਜਾਵੇ ਤਾਂ ਕੋਈ ਦੰਡ ਨਹੀ। ਸਿੱਖ ਰਹਿਤ ਮਰਿਆਦਾ ਸਤੰਬਰ 1998 ਪੰਨਾ 30 ਸੁੱਚਾ ਸਿੰਘ ਲੰਗਾਹ, ਜਿਸ ਨੇ ਅਗੱਸਤ 2020 ਵਿਚ ਮੁੜ ਅੰਮ੍ਰਿਤ ਛਕ ਲਿਆ ਹੈ ਅਤੇ ਜਾਣੇ-ਅਣਜਾਣੇ ਹੋਈਆਂ ਭੁੱਲਾਂ ਲਈ ਮਾਫ਼ੀ ਮੰਗ ਲਈ ਹੈ, ਪੰਥ ਪ੍ਰਵਾਨਤ ਰਹਿਤ ਮਰਿਆਦਾ ਮੁਤਾਬਕ ਮੁੜ ਪੰਥ ’ਚ ਸ਼ਾਮਲ ਹੋਣ ਦਾ ਅਧਿਕਾਰੀ ਕਿਵੇਂ ਨਹੀਂ ਹੈ?