ਮੁੱਖ ਮੰਤਰੀ ਦੇ ਫ਼ਾਰਮ ਹਾਊਸ ਦਾ ਘਿਰਾਉ ਕਰਨ ਪਹੁੰਚੇ ਬੇਰੁਜ਼ਗਾਰ ਅਧਿਆਪਕ, ਪੁਲਿਸ ਨੂੰ ਪਈਆਂ ਭਾਜੜਾਂ
ਮੁੱਖ ਮੰਤਰੀ ਦੇ ਫ਼ਾਰਮ ਹਾਊਸ ਦਾ ਘਿਰਾਉ ਕਰਨ ਪਹੁੰਚੇ ਬੇਰੁਜ਼ਗਾਰ ਅਧਿਆਪਕ, ਪੁਲਿਸ ਨੂੰ ਪਈਆਂ ਭਾਜੜਾਂ
ਮੁੱਲਾਂਪੁਰ ਗਰੀਬਦਾਸ, 28 ਜੂਨ (ਰਵਿੰਦਰ ਸਿੰਘ ਸੈਣੀ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫ਼ਾਰਮ ਹਾਊਸ ਮਹਿੰਦਰਾ ਬਾਗ ਵਿਖੇ ਅੱਜ ਨੌਕਰੀ ਮੰਗਦੇ ਵੱਡੀ ਗਿਣਤੀ ਬੇਰੁਜਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਧੱਕੇ ਹੀ ਮਿਲੇ। 9ਵੇਂ ਦਿਨ ’ਚ ਮਰਨ ਵਰਤ ਦੌਰਾਨ ਟਾਵਰ ’ਤੇ ਬੈਠੇ ਬੇਰੁਜ਼ਗਾਰ ਅਧਿਆਪਕ ਸਾਥੀ ਸੁਰਿੰਦਰਪਾਲ ਸਿੰਘ ਗੁਰਦਾਸਪੁਰ ਦੀ ਨਾਜ਼ੁਕ ਹਾਲਤ ਦੇ ਚਲਦਿਆਂ ਮੁੱਖ ਮੰਤਰੀ ਨਾਲ ਮੀਟਿੰਗ ਦੀ ਆਸ ਰੱਖ ਕੇ ਊਬੜ ਖਾਬੜ ਰਸਤਿਆਂ ਰਾਹੀਂ ਆਏ ਸਨ। 200 ਤੋਂ ਵੱਧ ਗਿਣਤੀ ਵਿਚ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ।
ਮੁੱਖ ਮੰਤਰੀ ਦੇ ਫ਼ਾਰਮ ਹਾਊਸ ਮੂਹਰੇ ਰੋਸ ਪ੍ਰਦਰਸ਼ਨ ਕਰਦਿਆਂ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਪ੍ਰਸ਼ਾਸਨ ਨੂੰ ਇਕ ਵਾਰ ਤਾਂ ਹੱਥਾਂ-ਪੈਰਾਂ ਦੀ ਪਾ ਦਿਤੀ, ਪਰ ਮੌਕਾ ਸੰਭਾਲਦਿਆਂ ਹੀ ਸੁਰੱਖਿਆਂ ਦੇ ਨਾਂਅ ’ਤੇ ਪੁਲਿਸ ਨੇ ਬਸਾਂ ਤੇ ਹੋਰ ਵਾਹਨਾਂ ਰਾਹੀਂ ਉਚ ਅਧਿਕਾਰੀਆਂ ਨਾਲ ਮੀਟਿੰਗ ਦਾ ਭਰੋਸਾ ਦੇ ਕੇ ਬੇਰੰਗ ਮੋੜ ਦਿਤਾ।
ਅਧਿਆਪਕ ਯੂਨੀਅਨ ਦੇ ਆਗੂਆਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵੇਲੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲਾਂ ਦੇ ਅਰਸੇ ਦੌਰਾਨ ਕੋਈ ਵੀ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ’ਤੇ ਨਹੀਂ ਲਾਇਆ। ਬੁਢਾਪਾ, ਵਿਧਵਾ ਪੈਨਸ਼ਨਾਂ ਵਧਾਉਣ ਵਰਗੇ ਹੋਰ ਦਮਗਜ਼ੇ ਮਾਰ ਕੇ ਸਿਰਫ਼ ਤੇ ਸਿਰਫ਼ ਵੋਟ ਰਾਜਨੀਤੀ ਕਰ ਰਹੇ ਨੇ।
ਉਨ੍ਹਾਂ ਆਖਿਆ ਕਿ ਫ਼ਾਰਮ ਹਾਊਸ ਵਿਚ ਪੰਜਾਬ ਤੋਂ ਬੇਫ਼ਿਕਰ ਹੋ ਕੇ ਸੁੱਤੇ ਪਏ ਮੁੱਖ ਮੰਤਰੀ ਨੂੰ ਜਗਾਉਣ ਲਈ ਅਸੀਂ ਇੱਕਠੇ ਹੋ ਕੇ ਆਏ ਸੀ ਤਾਕਿ ਨੌਕਰੀ ਲਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸੁਰਿੰਦਰਪਾਲ ਦੀ ਪੁਕਾਰ ਸੁਣਾ ਸਕੀਏ ਤੇ ਉਸ ਦੀ ਜਾਨ ਬਚਾਈ ਜਾ ਸਕੇ, ਪਰ ਸੀ.ਐਮ. ਦੀ ਸੁਰੱਖਿਆ ਫੋਰਸ ਨੇ ਅਧਿਆਪਕ ਸਾਥੀਆਂ ਦੀ ਇਕ ਨਾ ਸੁਣੀ ਤੇ ਜਬਰੀ ਬਸਾਂ ਵਿਚ ਲਿਜਾ ਕੇ ਅੱਗੇ ਕੁੱਝ ਦੂਰੀ ’ਤੇ ਰਿਹਾਅ ਕਰ ਦਿਤੇ। ਇਸ ਧੱਕਾ ਮੁੱਕੀ ਦੌਰਾਨ ਇਕ ਲੜਕੀ ਦੇ ਗੁੱਟ ’ਤੇ ਸੱਟ ਵੀ ਲੱਗੀ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਮਲੋਆ ਨੇ ਵੀ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ’ਤੇ ਬੈਠੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸਰਕਾਰ ਦੀ ਨੁਕਤਾਚਨੀ ਕੀਤੀ ਤੇ ਮੰਗ ਕੀਤੀ ਕਿ ਬੇਰੁਜ਼ਗਾਰ ਅਧਿਆਪਕਾਂ ਦੀ ਪੁਕਾਰ ਸੁਣਦਿਆਂ ਉਨ੍ਹਾਂ ਨੂੰ ਨੌਕਰੀਆਂ ਦਿਤੀਆਂ ਜਾਣ। ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਆਖਿਆ ਕਿ ਸੀ.ਐਮ. ਸਾਹਿਬ ਦੀ ਰਿਹਾਇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਫੋਰਸ ਨੇ ਤੁਰਤ ਹਰਕਤ ਵਿਚ ਆਉਂਦਿਆਂ ਅਮਨ-ਅਮਾਨ ਨਾਲ ਬੇਰੁਜ਼ਗਾਰ ਅਧਿਆਪਕਾਂ ਨੂੰ ਘਰੋਂ ਘਰੀ ਤੋਰ ਦਿਤਾ ਹੈ।
ਫੋਟੌ ਕੈਪਸਨ ਬੇਰੁਜਗਾਰ ਅਧਿਆਪਕ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸਨ ਕਰਦੇ ਹੋਏ
ਫੋਟੌ ਸੈਣੀ03