ਬਾਦਲ ਲਾਣੇ ਦੇ ਚੇਲੇ SGPC ਵਾਲੇ ਪਿਛਲੇ 12 ਸਾਲਾਂ ਤੋਂ ਕੌਮ 'ਤੇ ਜੋਕ ਵਾਂਗ ਚਿੰਬੜੇ ਹੋਏ ਹਨ: ਸੁਖਜੀਤ ਖੋਸਾ
ਸੁਖਬੀਰ ਬਾਦਲ ਦੀਆਂ ਹੋਲੀ ਖੇਡਦੇ ਦੀਆਂ ਫੋਟੋਆਂ ਸੋਸਲ ਮੀਡੀਆਂ 'ਤੇ ਸਭ ਨੇ ਦੇਖੀਆਂ ਹਨ ਕਿ ਕਿਵੇਂ ਕੇਸਾਂ ਦੀ ਬੇਦਅਬੀ ਕੀਤੀ ਗਈ ਹੈ, ਪਰ ਸਭ ਨੇ ਅਣਦੇਖਿਆ ਕਰ ਦਿੱਤਾ?
ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਇਜਲਾਸ ਬੁਲਾ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਗੁਰਦੁਆਰਾ ਸੋਧ ਬਿੱਲ ਨੂੰ ਰੱਦ ਕਰਦਿਆਂ ਇਸ ਦੇ ਵਿਰੁੱਧ ਮੋਰਚਾ ਲਗਾਉਣ ਦੇ ਕੀਤੇ ਐਲਾਨ 'ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਖੋਸਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਮਾਮਲੇ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਲਗਾਉਣ ਦੀ ਗੱਲ ਕੌਮ ਨੂੰ ਸਮਝ ਨਹੀਂ ਆ ਰਹੀ
ਅਤੇ ਸਿੱਖ ਕੌਮ ਇੰਨ੍ਹਾ ਤੋਂ ਪਹਿਲਾ ਇਸ ਸਵਾਲ ਦਾ ਜਵਾਬ ਮੰਗਦੀ ਹੈ ਕਿ ਜਦੋਂ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਸਨ ਤੇ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਸ਼ਰੇਆਮ ਚੈਲੰਜ ਕੀਤਾ ਸੀ ਕਿ “ਅਸੀਂ ਸਰੂਪ ਚੋਰੀ ਕੀਤੇ ਹਨ, ਜੇਕਰ ਹਿੰਮਤ ਹੈ ਤਾਂ ਲੱਭ ਲਵੋ" ਇਸ ਤੋਂ 5 ਮਹੀਨੇ ਬਾਅਦ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗਾਂ ਨੂੰ ਗਲੀਆਂ-ਨਾਲੀਆਂ ਵਿਚ ਖਿਲਾਰ ਕੇ ਘੋਰ ਬੇਅਦਬੀ ਕੀਤੀ ਗਈ
ਪਰ ਸ਼੍ਰੋਮਣੀ ਕਮੇਟੀ ਨੇ ਉਦੋਂ ਮੋਰਚਾ ਕਿਉਂ ਨਹੀ ਲਗਾਇਆ? ਬਾਅਦ ਵਿਚ ਬਾਦਲਾਂ ਦੇ ਰਾਜ ਵਿਚ ਕੋਟਕਪੂਰਾ-ਬਹਿਬਲ ਵਿਚ ਗੁਰੂ ਸਾਹਿਬ ਜੀ ਦੀ ਬੇਅਦਬੀ ਖਿਲਾਫ਼ ਇਨਸਾਫ਼ ਮੰਗਦੀਆਂ ਸਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ 'ਤੇ ਸ਼ੇਰਆਮ ਗੋਲੀਆਂ ਚਲਾਈਆਂ ਗਈਆਂ ਤੇ 2 ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ, ਉਸ ਸਮੇਂ ਸ਼੍ਰੋਮਣੀ ਕਮੇਟੀ ਵਾਲੇ ਕਿਉਂ ਚੁੱਪ ਰਹੇ? ਬਾਦਲਕਿਆਂ ਨੇ ਗੁਰੂ ਦੋਖੀ ਸਿਰਸੇ ਵਾਲੇ ਸਾਧ ਦੇ ਹੱਕ ਵਿਚ ਭੁਗਤਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨ੍ਹਾਂ ਮੰਗੇ ਹੀ ਮੁਆਫ਼ੀ ਦਵਾ ਕੇ ਤੇ ਉਦੋਂ ਕਿਸੇ ਨੇ ਜ਼ੁਬਾਨ ਕਿਉਂ ਨਹੀ ਖੋਲ੍ਹੀ?
ਬਸ ਇਥੇ ਹੀ ਕਾਫ਼ੀ ਨਹੀਂ ਜਦ ਸਿੱਖ ਕੌਮ ਨੇ ਮੁਆਫ਼ੀ ਦਾ ਸਖ਼ਤ ਵਿਰੋਧ ਕੀਤਾ ਤਾਂ ਆਪਣੇ ਕੀਤੇ ਨੂੰ ਸਹੀ ਦਿਖਾਉਣ ਲਈ ਇਸੇ ਸ਼੍ਰੋਮਣੀ ਕਮੇਟੀ ਨੇ ਗੁਰੂ ਕੀ ਗੋਲਕ ਵਿਚੋਂ 92 ਲੱਖ ਦੇ ਇਸ਼ਤਿਹਾਰ ਲਗਾਏ, ਪਰ ਅਜਿਹੇ ਨਾਜ਼ੁਕ ਮੌਕਿਆਂ 'ਤੇ ਕਦੇ ਸ਼੍ਰੋਮਣੀ ਕਮੇਟੀ ਨੇ ਕੋਈ ਮੋਰਚਾ ਜਾਂ ਧਰਨਾ ਨਹੀਂ ਲਗਾਇਆ, ਸਗੋਂ ਬਾਦਲਕਿਆਂ ਦੇ ਹੱਕ ਵਿਚ ਖੜਦਿਆਂ ਪੰਥ ਨੂੰ ਖਤਰਾ ਹੋਣ ਦੀ ਦੁਹਾਈ ਦਿੱਤੀ ਗਈ। ਭਾਈ ਖੋਸਾ ਨੇ ਕਿਹਾ ਕਿ ਇੰਨ੍ਹਾਂ ਨੂੰ ਆਪਣੇ ਆਕਾ ਬਾਦਲ ਦੀ ਦਾਹੜੀ ਦਾ ਫਿਕਰ ਤਾਂ ਹੈ, ਪਰ ਜਦੋਂ ਸਿੱਖਾਂ ਦੀਆਂ ਦਾਹੜੀਆਂ-ਕੇਸ ਦਸਤਾਰਾਂ ਰੋਲੀਆਂ ਜਾਂਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਵਾਲੇ ਮੌਨ ਧਾਰ ਲੈਂਦੇ ਹਨ।
ਸੁਖਬੀਰ ਬਾਦਲ ਦੀਆਂ ਹੋਲੀ ਖੇਡਦੇ ਦੀਆਂ ਫੋਟੋਆਂ ਸੋਸਲ ਮੀਡੀਆਂ 'ਤੇ ਸਭ ਨੇ ਦੇਖੀਆਂ ਹਨ ਕਿ ਕਿਵੇਂ ਕੇਸਾਂ ਦੀ ਬੇਦਅਬੀ ਕੀਤੀ ਗਈ ਹੈ, ਪਰ ਸਭ ਨੇ ਅਣਦੇਖਿਆ ਕਰ ਦਿੱਤਾ? ਭਾਈ ਖੋਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਨਾਲੋਂ ਵੱਡਾ ਤੇ ਅਰਬਾਂ-ਖਰਬਾਂ ਦਾ ਹੈ, ਫਿਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਕਿਉਂ ਨਹੀ ਸ਼ੁਰੂ ਕਰਦੀ, ਜਦ 2022 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਕੀਤਾ ਸੀ ਕਿ ਇੱਕ ਮਹੀਨੇ ਦੇ ਅੰਦਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰੇ ਤਾਂ ਜਥੇਦਾਰ ਦਾ ਹੁਕਮ ਕਿਉਂ ਨਹੀਂ ਮੰਨਿਆ ਗਿਆ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਤੇ ਝਾਤੀ ਮਾਰੀਏ ਤਾਂ ਭਾਈ ਲਾਲੋ ਗਰੀਬ ਕਿਰਤੀ ਸਿੰਘਾਂ ਦੇ ਘਰੋਂ ਗੁਰਬਾਣੀ ਦਾ ਮੁਫ਼ਤ ਪ੍ਰਸਾਰਨ ਨਾ ਦਿਖਾਉਣ ਲਈ ਕਿਸ ਨੂੰ ਜ਼ਿੰਮੇਵਾਰ ਮੰਨਿਆ ਜਾਵੇ ਤੇ ਹੁਣ ਪ੍ਰਧਾਨ ਧਾਮੀ ਜੀ ਕਹਿੰਦੇ ਹਨ ਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਤਾਂ ਦਖ਼ਲ ਦੇ ਸਕਦੀ ਹੈ, ਪਰ ਪੰਜਾਬ ਸਰਕਾਰ ਧਰਮ ਵਿਚ ਦਖ਼ਲਅੰਜਾਦੀ ਨਾ ਕਰੇ, ਜਿਸ ਦਾ ਕਿ ਮਤਲਬ ਹੈ ਕਿ ਸਿੰਘਾਂ ਦਾ ਕੂੜਾ ਹੁਣ ਆਰਐਸਐਸ ਦੇ ਹੱਥ ਵਿਚ ਫੜਕੇ ਅਤੇ ਦੂਜਾ ਬਾਦਲਕਿਆਂ ਦਾ ਕਬਜ਼ਾ ਇਤਿਹਾਸਕ ਗੁਰਧਾਮਾਂ ਤੇ ਰੱਖ ਕੇ ਦੋਵੇਂ ਹੱਥੀ ਲੱਡੂ ਰੱਖਣਾ ਚਾਹੁੰਦੇ ਹਨ ਕਿ ਭਾਜਪਾ ਤੇ ਬਾਦਲਕੇ ਅੰਦਰਖਾਤੇ ਘਿਉ-ਖਿਚੜੀ ਹਨ।
ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਜਲਾਸ ਸੱਦਿਆ ਸੀ ਤਾਂ ਸਿਰਫ਼ ਬਾਦਲਾਂ ਨੂੰ ਬਚਾਉਣ ਲਈ ਹੈ, ਸਭ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਆਪਣੀ ਹਿੱਕ 'ਤੇ ਹੱਥ ਮਾਰ ਕੇ ਕਹਿੰਦਾ ਹੈ ਕਿ ਪੀਟੀਸੀ ਚੈਨਲ ਮੇਰਾ ਹੈ ਤਾਂ ਗੁਰਬਾਣੀ ਦਾ ਪ੍ਰਸਾਰਨ ਸਿਰਫ਼ ਇੰਨ੍ਹਾ ਦੇ ਨਿੱਜੀ ਚੈਨਲ 'ਤੇ ਹੀ ਕਿਉਂ ਬਾਕੀ ਚੈਨਲਾਂ 'ਤੇ ਕਿਉਂ ਬੰਦ ਕੀਤਾ ਹੋਇਆ ਹੈ? ਗੁਲਾਮ ਬਣੇ ਸ਼੍ਰੋਮਣੀ ਕਮੇਟੀ ਵਾਲੇ ਆਪਣੇ ਸਿਆਸੀ ਆਕਾ ਨੂੰ ਬਚਾਉਣ ਲਈ ਗੁਰਬਾਣੀ ਪ੍ਰਸਾਰਨ ਨੂੰ ਮੁੱਦਾ ਬਣਾ ਕੇ ਧਰਮ ਦੀ ਜੰਗ ਬਣਾ ਰਹੇ ਹਨ, ਜਿਸ ਦਾ ਵਿਚੋਲਾ ਧਾਮੀ ਹੈ, ਜਿਹੜਾ ਧਰਮ ਦਾ ਵਕੀਲ ਬਣਨ ਦੀ ਬਜਾਏ, ਬਾਦਲਾਂ ਦਾ ਸਿਆਸੀ ਵਕੀਲ ਬਣਾ ਕੇ ਵਿਚੋਲਗਿਰੀ ਦਾ ਕੰਮ ਕਰ ਰਿਹਾ ਹੈ।
ਭਾਈ ਖੋਸਾ ਨੇ ਕਿਹਾ ਕਿ ਜਦ ਹਰਿਆਣਾ ਕਮੇਟੀ ਤੇ ਦਿੱਲੀ ਕਮੇਟੀ ਨੂੰ ਭੰਗ ਕਰਕੇ ਤੋੜਿਆ ਗਿਆ ਤਾਂ ਧਰਮ ਤੇ ਬਿਪਤਾ ਪਈ, ਉਦੋਂ ਕੋਈ ਮੋਰਚਾ ਜਾਂ ਧਰਨਾ ਨਹੀਂ ਲਗਾਇਆ ਗਿਆ? ਭਾਈ ਸੁਖਰਾਜ ਸਿੰਘ ਨਿਆਜਮੀਵਾਲਾ ਪਿਛਲੇ 2 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ ਪਰ ਕਿਸੇ ਨੇ ਉਸ ਦੇ ਹੱਕ ਵਿੱਚ ਹਾਂ ਦਾ ਨਆਰਾ ਨਹੀਂ ਮਾਰਿਆ? ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਕਿਸ ਨੇ, ਕਿਥੇ ਤੇ ਕਿਉ ਭੇਜੇ, ਹੁਣ ਸਰੂਪ ਕਿਹੜੇ ਹਾਲਾਤਾਂ ਵਿਚ ਹਨ, ਇੰਨ੍ਹਾ ਬਾਰੇ ਸਿੱਖ ਸੰਗਤਾਂ ਨੂੰ ਕੋਈ ਹਿਸਾਬ ਨਹੀਂ ਦਿੱਤਾ ਗਿਆ, ਦੂਜਾ ਪੰਜਾਬ ਸਰਕਾਰ ਨੂੰ ਗੁਰਬਾਣੀ ਪ੍ਰਸਾਰਨ ਦੇ ਮਾਮਲੇ ਵਿਚ ਦਖ਼ਲ ਦੇਣ ਦੀ ਨੌਬਤ ਕਿਉਂ ਆਈ, ਜਿਸ ਲਈ ਵੀ ਸ਼੍ਰੋਮਣੀ ਕਮੇਟੀ ਵਾਲੇ ਜ਼ਿੰਮੇਵਾਰ ਹਨ?
ਅੰਤ ਵਿਚ ਭਾਈ ਖੋਸਾ 'ਤੇ ਤੰਜ਼ ਕੱਸਦਿਆ ਉਹਨਾਂ ਨੇ ਕਿਹਾ ਕਿ ਬਾਦਲ ਲਾਣੇ ਦੇ ਚੇਲੇ ਸ਼੍ਰੋਮਣੀ ਕਮੇਟੀ ਵਾਲੇ ਪਿਛਲੇ 12 ਸਾਲਾਂ ਤੋਂ ਕੌਮ 'ਤੇ ਜੋਕ ਵਾਂਗ ਚੁੰਬੜੇ ਹੋਏ ਹਨ, ਇੰਨ੍ਹਾ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ੇ ਦੇ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਤੇ ਨਰੈਣੂ ਮਹੰਤ ਦੀ ਸੋਚ ਦਾ ਤਿਆਗ ਕਰਦਿਆਂ ਵੋਟ ਤੇ ਨੋਟ ਦੀ ਰਾਜਨੀਤੀ ਨੂੰ ਛੱਡ ਕੇ ਗੁਰੂ ਸਾਹਿਬਾਨਾਂ ਦੇ ਸਾਂਝੇ ਸਿੱਖੀ ਸਿਧਾਂਤ ਤੇ ਗੁਰਧਾਮਾਂ ਨੂੰ ਆਜ਼ਾਦ ਕਰਨਾ ਚਾਹੀਦਾ ਹੈ। ਫਿਰ ਆਵਾਮ ਬਾਦਲਕਿਆਂ ਨੂੰ ਪੰਜਾਬ ਦੀ ਸੱਤਾ ਵਾਂਗ ਧਰਮ ਦੇ ਵਿਹੜੇ ਵਿਚੋਂ ਵੀ ਬਾਹਰ ਕੱਢ ਦੇਣਗੇ।