ਗੋਆ ’ਚ ਜ਼ਮੀਨ ਦੀ ਲੀਜ਼ ਰੱਦ ਕਰਨ ਨੂੰ ਹਰੀ ਝੰਡੀ, ਵਿਜੀਲੈਂਸ ਨੇ ਵਿੱਢੀ ਜ਼ਮੀਨ ਦੇ ਟੈਂਡਰ ਪ੍ਰਕਿਰਿਆ ਦੀ ਜਾਂਚ
ਕੌਡੀਆਂ ਦੇ ਭਾਅ ਵਿਕੀ ਸੀ ਕਰੋੜਾਂ ਰੁਪਏ ਦੀ ਜ਼ਮੀਨ ਦੀ ਲੀਜ਼
ਚੰਡੀਗੜ੍ਹ - ਪੰਜਾਬ ਸਰਕਾਰ ਨੇ ਗੋਆ ਵਿਚ ਸਮੁੰਦਰ ਦੇ ਨਾਲ ਲਗਦੀ ਕਰੋੜਾਂ ਰੁਪਏ ਦੀ ਬਹੁ-ਕਰੋੜੀ ਜ਼ਮੀਨ ਦੀ ਲੀਜ਼ ਰੱਦ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਹੜੀ ਕਿ ਪੰਜ ਤਾਰਾ ਹੋਟਲ ਨੂੰ ਦਿੱਤੀ ਗਈ ਸੀ। ਜਿਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ ਉਸ ਸਮੇਂ ਗੋਆ ਦੀ ਇਸ ਜ਼ਮੀਨ ਨੂੰ ਲੀਜ਼ ’ਤੇ ਦੇਣ ਲਈ ਟੈਂਡਰ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਕਰੋੜਾਂ ਰੁਪਏ ਦੀ ਇਸ ਜ਼ਮੀਨ ਦੀ ਲੀਜ਼ ਕੌਡੀਆਂ ਦੇ ਭਾਅ ਹੋਈ ਹੈ ਜਿਸ ਨਾਲ ਖ਼ਜ਼ਾਨੇ ਨੂੰ ਘਾਟਾ ਪਿਆ।
ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਅਫ਼ਸਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਕਿ ਟੈਂਡਰ ਹਾਸਲ ਕਰਨ ਵਾਲੀ ਕੰਪਨੀ ਦੀ ਲੀਜ਼ ਦੇ ਟੈਂਡਰਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਸਰਕਾਰ ਨੇ ਨਵੇਂ ਸਿਰਿਓਂ ਟੈਂਡਰ ਸ਼ੁਰੂ ਕਰਨ ਦੀ ਗੱਲ ਕਹੀ ਹੈ। ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਟੈਂਡਰ ਪ੍ਰਕਿਰਿਆ ਜ਼ਰੀਏ ਗੋਆ ਵਿਚਲੀ ਪ੍ਰਾਪਰਟੀ ਲੀਜ਼ ’ਤੇ ਦਿੱਤੀ ਸੀ ਜੋ ਕਿ ਸੈਰ-ਸਪਾਟਾ ਵਿਭਾਗ ਦੀ ਸੰਪਤੀ ਹੈ।
ਸੂਬਾ ਸਰਕਾਰ ਨੇ ਉਦੋਂ ਅੱਠ ਏਕੜ ਪ੍ਰਮੁੱਖ ਜ਼ਮੀਨ ਨੂੰ 15 ਵਰ੍ਹਿਆਂ ਲਈ ਸਿਰਫ਼ 1.13 ਲੱਖ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਲਾਟ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਪ੍ਰਾਈਵੇਟ ਕੰਪਨੀ ਨੂੰ ਨੋਟਿਸ ਦੇਣ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਚਰਚਾ ਕੀਤੀ ਹੈ ਕਿ ਇਹ ਲੀਜ਼ ਰਾਸ਼ੀ ਕਾਫ਼ੀ ਘੱਟ ਹੈ ਅਤੇ ਟੈਂਡਰ ਪ੍ਰਕਿਰਿਆ ਵਿਚ ਤਕਨੀਕੀ ਖ਼ਾਮੀਆਂ ਵੀ ਲੱਭੀਆਂ ਹਨ। ਦੱਸ ਦਈਏ ਕਿ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੀ ਗੋਆ ਤੋਂ ਇਲਾਵਾ ਮਨਾਲੀ, ਮਸੂਰੀ ਅਤੇ ਜੈਪੁਰ ਵਿਚ ਵੀ ਜਾਇਦਾਦ ਹੈ।
ਵਿਜੀਲੈਂਸ ਨੇ ਵਿੱਢੀ ਜਾਂਚ
ਵਿਜੀਲੈਂਸ ਨੇ ਗੋਆ ਵਿਚਲੀ ਜ਼ਮੀਨ ਦੇ ਟੈਂਡਰ ਪ੍ਰਕਿਰਿਆ ਦੀ ਜਾਂਚ ਵਿੱਢ ਦਿੱਤੀ ਹੈ। ਵਿਜੀਲੈਂਸ ਨੇ ਸੈਰ ਸਪਾਟਾ ਵਿਭਾਗ ਤੋਂ ਇਸ ਨਾਲ ਸਬੰਧਿਤ ਰਿਕਾਰਡ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਸੈਰ ਸਪਾਟਾ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਮੁੱਢਲੀ ਜਾਂਚ ਕੀਤੀ ਗਈ ਹੈ ਅਤੇ ਅਧਿਕਾਰੀ ਨੇ ਗੋਆ ਦਾ ਦੌਰਾ ਵੀ ਕੀਤਾ ਹੈ।