ਜ਼ੀਰਕਪੁਰ 'ਚ ਨਕਲੀ ਦਵਾਈਆਂ ਬਣਾਉਣ ਵਾਲਿਆਂ 'ਤੇ ਛਾਪੇਮਾਰੀ: ਪੁਲਿਸ ਨੇ ਦਫਤਰ 'ਚ ਦਾਖਲ ਹੋ ਕੇ ਸਾਮਾਨ ਕੀਤਾ ਜ਼ਬਤ

ਏਜੰਸੀ

ਖ਼ਬਰਾਂ, ਪੰਜਾਬ

ਘਰ ਦੀ ਚੈਕਿੰਗ ਕਰ ਕੇ ਇੱਕ ਮੁਲਜ਼ਮ ਫੜਿਆ

photo

 

ਜ਼ੀਰਕਪੁਰ : ਪੰਜਾਬ ਪੁਲਿਸ ਨੇ ਜ਼ੀਰਕਪੁਰ ਦੇ ਬਿਸ਼ਨਪੁਰਾ 'ਚ ਨਕਲੀ ਦਵਾਈਆਂ ਬਣਾਉਣ ਵਾਲਿਆਂ 'ਤੇ ਛਾਪੇਮਾਰੀ ਕੀਤੀ ਹੈ। ਆਯੁਰਵੈਦਿਕ ਕੰਪਨੀ ਲਾਈਫ ਅਵੇਦਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਨਕਲੀ ਦਵਾਈਆਂ ਬਣਾਉਣ ਵਾਲੇ ਹਰਪ੍ਰੀਤ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਥਾਣਾ ਜ਼ੀਰਕਪੁਰ ਦੇ ਐਸਐਚਓ ਦੀਆਂ ਹਦਾਇਤਾਂ ’ਤੇ ਏਐਸਆਈ ਨਾਇਬ ਸਿੰਘ ਪੁਲਿਸ ਟੀਮ ਸਮੇਤ 28 ਜੂਨ ਦੀ ਦੇਰ ਸ਼ਾਮ ਮੁਲਜ਼ਮ ਕੰਪਨੀ ਦੇ ਸੰਚਾਲਕ ਹਰਪ੍ਰੀਤ ਸਿੰਘ ਦੇ ਜ਼ੀਰਕਪੁਰ ਦਫ਼ਤਰ ਪੁੱਜੇ। ਇੱਥੇ ਕੁਝ ਸੈਕਿੰਡ ਤੱਕ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਨੂੰ ਕਾਰ ਵਿਚ ਬਿਠਾ ਲਿਆ। ਇਸ ਦੇ ਨਾਲ ਹੀ ਇੱਕ ਬੈਗ ਅਤੇ ਹੋਰ ਸਮਾਨ ਵੀ ਥਾਣਾ ਜ਼ੀਰਕਪੁਰ ਵਿਖੇ ਲੈ ਗਏ, ਪਰ ਪ੍ਰਵਾਰ ਵਲੋਂ ਬੀਤੀ ਰਾਤ 3 ਵਜੇ ਫੋਨ ਕਰ ਕੇ ਦੋਸ਼ੀ ਹਰਪ੍ਰੀਤ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਦੀ ਸੂਚਨਾ ਦਿਤੀ ਗਈ।

ਮੁਲਜ਼ਮ ਹਰਪ੍ਰੀਤ ਵਿਰੁਧ ਕਾਰਵਾਈ ਕਰਨ ਤੋਂ ਬਾਅਦ ਥਾਣਾ ਜ਼ੀਰਕਪੁਰ ਦੇ ਤਿੰਨ ਪੁਲਿਸ ਮੁਲਾਜ਼ਮ 28 ਜੂਨ ਦੀ ਰਾਤ ਹੀ ਉਸ ਦੇ ਬਿਸ਼ਨਪੁਰਾ ਸਥਿਤ ਦਫ਼ਤਰ ਵਿਚ ਪੁੱਜੇ। ਇੱਥੇ ਕੰਪਨੀ ਦੇ ਮੁਲਾਜ਼ਮ ਹਰਸ਼ ਤੋਂ ਪੁੱਛਗਿੱਛ ਕਰਨ ਉਪਰੰਤ ਉਸ ਤੋਂ ਦਵਾਈਆਂ ਦੇ ਸੈਂਪਲ ਥਾਣੇ ਬੁਲਾਏ ਗਏ। ਇਸ ਦੇ ਨਾਲ ਹੀ ਏਐਸਆਈ ਨਾਇਬ ਸਿੰਘ ਦੇ ਕਹਿਣ ’ਤੇ ਪੁਲਿਸ ਮੁਲਾਜ਼ਮ ਦਫ਼ਤਰ ਵਿਚ ਮੌਜੂਦ ਪੀ.ਸੀ. ਚੁੱਕ ਕੇ ਲੈ ਗਏ।

ਇਸ ਤੋਂ ਬਾਅਦ ਅੱਜ ਸਵੇਰੇ ਪੁਲਿਸ ਮੁਲਾਜ਼ਮ ਕੰਪਨੀ ਮੁਲਾਜ਼ਮ ਹਰਸ਼ ਦੇ ਘਰ ਪੁੱਜੇ ਅਤੇ ਤਲਾਸ਼ੀ ਲੈਣ ਮਗਰੋਂ ਉਸ ਨੂੰ ਆਪਣੇ ਨਾਲ ਲੈ ਗਏ। ਐਸਐਚਓ ਜ਼ੀਰਕਪੁਰ ਨੇ ਮੁਲਜ਼ਮ ਹਰਪ੍ਰੀਤ ਸਿੰਘ ਵਿਰੁਧ ਕੇਸ ਦਰਜ ਕਰਨ ਦੀ ਗੱਲ ਆਖੀ। ਹਾਲਾਂਕਿ ਉਨ੍ਹਾਂ ਮਾਮਲੇ ਨਾਲ ਸਬੰਧਤ ਹੋਰ ਤੱਥਾਂ ਅਤੇ ਕਾਰਵਾਈ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ।