Punjab School Holidays News : ਪੰਜਾਬ ਦੇ ਸਕੂਲਾਂ 'ਚ ਨਹੀਂ ਵੱਧਣਗੀਆਂ ਗਰਮੀ ਦੀਆਂ ਛੁੱਟੀਆਂ ! 1 ਜੁਲਾਈ ਤੋਂ ਮੁੜ ਖੁੱਲ੍ਹਣਗੇ ਸਕੂਲ
ਛੁੱਟੀਆਂ ਵਧਾਉਣ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ
Punjab School Holidays News : ਪੰਜਾਬ 'ਚ ਹੀਟਵੇਵ ਤੋਂ ਬਾਅਦ ਹੁਣ ਮਾਨਸੂਨ ਨੇ ਵੀ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਭ ਦੇ ਵਿਚਕਾਰ 1 ਜੁਲਾਈ ਤੋਂ ਬੱਚਿਆਂ ਦੇ ਸਕੂਲ ਵੀ ਖੁੱਲ੍ਹਣ ਜਾ ਰਹੇ ਹਨ। ਇਸ ਸਥਿਤੀ ਨੂੰ ਦੇਖਦੇ ਹੋਏ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਚਿੰਤਤ ਹਨ।
ਇਸ ਦੌਰਾਨ ਕਈ ਬੱਚਿਆਂ ਅਤੇ ਮਾਪਿਆਂ ਦੇ ਮਨਾਂ ਵਿੱਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਭਵਿੱਖ ਵਿੱਚ ਵੀ ਸਕੂਲਾਂ ਦੀਆਂ ਛੁੱਟੀਆਂ ਵੱਧਣਗੀਆਂ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ 'ਚ ਸੂਬੇ 'ਚ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ,ਜੋ ਬੱਚਿਆਂ ਦੇ ਮਨਾਂ 'ਚ ਛੁੱਟੀਆਂ ਵਧਣ ਦੀ ਉਮੀਦ ਜਗਾ ਰਿਹਾ ਹੈ ਪਰ ਅਜਿਹਾ ਕੁੱਝ ਵੀ ਨਹੀਂ ਹੈ ,ਕਿਉਂਕਿ ਛੁੱਟੀਆਂ ਵਧਾਉਣ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਅਜਿਹੇ 'ਚ ਮੌਸਮ 'ਚ ਆਏ ਨਵੇਂ ਬਦਲਾਅ ਨਾਲ ਗਰਮੀਆਂ ਦੀਆਂ ਛੁੱਟੀਆਂ ਵਧਣ ਦੀ ਸੰਭਾਵਨਾ ਘਟਦੀ ਜਾ ਰਹੀ ਹੈ। ਗਰਮੀਆਂ ਦੀਆਂ ਛੁੱਟੀਆਂ 30 ਜੂਨ ਨੂੰ ਖਤਮ ਹੋਣ ਜਾ ਰਹੀ ਹੈ। ਸੂਬੇ ਦੇ ਸਾਰੇ ਸਕੂਲ 1 ਜੁਲਾਈ ਤੋਂ ਆਪਣੇ ਨਿਰਧਾਰਤ ਸਮੇਂ 'ਤੇ ਮੁੜ ਸ਼ੁਰੂ ਹੋ ਸਕਦੇ ਹਨ। ਹਾਲਾਂਕਿ ਕਈ ਸਕੂਲਾਂ ਵੱਲੋਂ ਬੱਚਿਆਂ ਨੂੰ ਸਕੂਲ ਆਉਣ ਲਈ ਨੋਟੀਫਿਕੇਸ਼ਨ ਵੀ ਭੇਜੇ ਜਾ ਰਹੇ ਹਨ।
ਸਿੱਖਿਆ ਵਿਭਾਗ ਵੱਲੋਂ ਕੋਈ ਅਪਡੇਟ ਨਹੀਂ
ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਸੂਨ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ ਹੈ। ਜਿਸ ਦਾ ਮਤਲਬ ਹੈ ਕਿ ਪੰਜਾਬ ਵਿੱਚ 1 ਜੁਲਾਈ ਤੋਂ ਸਕੂਲ ਸ਼ੁਰੂ ਹੋ ਜਾਣਗੇ। ਪੰਜਾਬ 'ਚ ਬਾਰਿਸ਼ ਨੂੰ ਧਿਆਨ 'ਚ ਰੱਖਦਿਆਂ ਸਿੱਖਿਆ ਬੋਰਡ ਨਵੇਂ ਹੁਕਮ ਜਾਰੀ ਕਰ ਸਕਦਾ ਹੈ।
ਪੰਜਾਬ 'ਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ
ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਦਿਨਾਂ ਤੱਕ ਬਾਰਿਸ਼ ਨੂੰ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਨੂੰ ਅਲਰਟ ਕੀਤਾ ਹੈ। ਇਸ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਪਿਆ ਹੈ। ਵਿਭਾਗ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ 29 ਅਤੇ 30 ਜੂਨ, ਪੰਜਾਬ ਵਿੱਚ 30 ਜੂਨ ਅਤੇ 1 ਜੁਲਾਈ ਅਤੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ 29 ਜੂਨ ਤੋਂ 1 ਜੁਲਾਈ ਤੱਕ ਭਾਰੀ ਮੀਂਹ ਪੈ ਸਕਦਾ ਹੈ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਾਲ 1 ਜੂਨ 2023 ਤੋਂ 2 ਜੁਲਾਈ 2023 ਤੱਕ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਸਨ। ਹਾਲਾਂਕਿ ਇਸ ਵਾਰ ਅਪ੍ਰੈਲ ਵਿਚ ਹੀ ਗਰਮੀ ਨੇ ਵੱਟ ਕੱਢ ਦਿੱਤੇ ਸਨ। ਇਸ ਕਰਕੇ ਪੰਜਾਬ ਵਿਚ 23 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ।