Ferozpur News: ਫ਼ਿਰੋਜ਼ਪੁਰ ’ਚ ਕ੍ਰਿਕਟ ਖੇਡਦਿਆਂ ਨੌਜਵਾਨ ਦੀ ਮੌਤ
ਸ਼ਾਟ ਮਾਰਨ ਮਗਰੋਂ ਪਿਆ ਦਿਲ ਦਾ ਦੌਰਾ
Ferozpur News: ਫ਼ਿਰੋਜ਼ਪੁਰ ਵਿਚ ਕ੍ਰਿਕਟ ਖੇਡਦਿਆਂ ਨੌਜਵਾਨ ਹਰਜੀਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਰੋਡ 'ਤੇ ਸਥਿਤ ਕ੍ਰਿਕਟ ਮੈਦਾਨ 'ਚ ਹਰਜੀਤ ਸਿੰਘ ਮੈਚ ਖੇਡ ਰਿਹਾ ਸੀ। ਹਰਜੀਤ ਸਿੰਘ ਨੇ ਜਦੋਂ ਸ਼ਾਟ ਮਾਰਿਆ ਤਾਂ ਉਹ ਅਚਾਨਕ ਮੈਦਾਨ ਵਿਚ ਹੀ ਬੈਠ ਗਿਆ।
ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਨੂੰ ਗਰਮੀ ਬਹੁਤ ਲੱਗਦੀ ਪਈ ਹੈ। ਇੰਨੀ ਗੱਲ ਕਹਿ ਕੇ ਉਹ ਮੈਦਾਨ 'ਚ ਹੀ ਲੰਮਾ ਪੈ ਗਿਆ। ਮੈਦਾਨ 'ਤੇ ਮੌਜੂਦ ਸਾਥੀਆਂ ਨੇ ਉਸ ਨੂੰ ਪਾਣੀ ਪਿਲਾਇਆ ਅਤੇ ਹਾਰਟ ਨੂੰ ਪੰਪ ਕੀਤਾ ਅਤੇ ਉਸ ਨੂੰ ਚੁੱਕ ਕੇ ਹਸਪਤਾਲ 'ਚ ਲੈ ਕੇ ਆਏ। ਇੱਥੇ ਡਾਕਟਰ ਨੇ ਚੈੱਕ ਕੀਤਾ ਤਾਂ ਉਸ ਨੇ ਹਰਜੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ।
ਦੱਸਣਯੋਗ ਹੈ ਕਿ ਹਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਕ੍ਰਿਕਟ ਖੇਡਦਾ ਸੀ ਅਤੇ ਉਹ ਵਿਆਹੁਤਾ ਸੀ। ਉਸ ਦਾ ਇੱਕ 5 ਸਾਲ ਦੇ ਕਰੀਬ ਪੁੱਤਰ ਹੈ। ਉਹ ਸ਼ਹਿਰ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ਵਿਖੇ ਰਹਿੰਦਾ ਸੀ। ਉਸ ਦੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੈ।