ਦਫ਼ਤਰੀ ਕਾਮੇ ਪਖ਼ਾਨਿਆਂ 'ਚ ਲੁਕ ਕੇ ਬੀੜੀ, ਸਿਗਰਟਾਂ ਤੇ ਤਮਾਕੂ ਦਾ ਕਰਦੇ ਨੇ ਸੇਵਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਅਧਿਕਾਰੀ ਨੇ ਪਿੰਡ ਗੋਦ ਲਿਆ ਹੈ। ਅਧਿਕਾਰੀ ਵਲੋਂ ਅਪਣੇ ਪੱਧਰ 'ਤੇ ਜਦ- ਜਹਿਦ...

Old Man Taking Cigarettes

ਐਸ.ਏ.ਐਸ. ਨਗਰ :  ਜ਼ਿਲ੍ਹਾ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਅਧਿਕਾਰੀ ਨੇ ਪਿੰਡ ਗੋਦ ਲਿਆ ਹੈ। ਅਧਿਕਾਰੀ ਵਲੋਂ ਅਪਣੇ ਪੱਧਰ 'ਤੇ ਜਦ- ਜਹਿਦ ਕਰ ਕੇ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਜ਼ਿਲ੍ਹੇ ਦੇ ਡਿਪਟੀ ਕਮਿਸਨਰ ਸਾਹਿਬ, ਐਸ.ਐਸ.ਪੀ. ਸਾਹਿਬ, ਏ.ਡੀ.ਸੀ. ਸਾਹਿਬ, ਐਸ.ਡੀ.ਐਮ. ਸਾਹਿਬ, ਤਹਿਸੀਲਦਾਰ ਸਾਹਿਬ, ਨਾਇਬ ਤਹਿਸੀਲਦਾਰ  ਆਦਿ  ਨੇ ਜ਼ਿਲ੍ਹਾ ਮੋਹਾਲੀ ਦੇ ਵੱਖ-ਵੱਖ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਗੋਦ ਲਿਆ ਹੈ

ਪਰ ਇਨ੍ਹਾਂ ਅਧਿਕਾਰੀਆ ਦੇ ਦਫ਼ਤਰਾਂ ਦੇ ਕਰਮਚਾਰੀ ਪਖ਼ਾਨਿਆ ਵਿਚ ਬੀੜੀ, ਸਿਗਰਟਾਂ ਤੇ ਤਮਾਕੂ ਦਾ ਸੇਵਨ ਕਰਦੇ ਹਨ। ਸਰਕਾਰੀ ਦਫ਼ਤਰਾਂ ਵਿਚ ਆਉਣ-ਜਾਣ ਵਾਲੇ ਬਹੁਤੇ ਲੋਕ ਅਧਿਕਾਰੀਆਂ ਦੇ ਦਫ਼ਤਰਾਂ ਦੇ ਇਰਦ-ਗਿਰਧ ਖੜੇ ਹੋ ਕੇ ਸਿਗਰਟ-ਬੀੜੀ ਤੇ ਤਮਾਕੂ ਦਾ ਸੇਵਨ ਕਰਦੇ ਆਮ ਵੇਖੇ ਜਾ ਸਕਦੇ ਹਨ। ਅਧਿਕਾਰੀ ਇਨ੍ਹਾਂ ਵਿਰੁਧ ਤਾਂ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ। 'ਦੀਵੇ ਹੇਠ ਹਨੇਰੇ' ਵਾਲੀ ਗੱਲ ਹੈ ਪਰ ਪੁਲਿਸ ਵਿਭਾਗ, ਜ਼ਿਲ੍ਹੇ ਦੇ ਵੱਖ-ਵੱਖ ਦੇ ਅਧਿਕਾਰੀ, ਹੈਲਥ ਵਿਭਾਗ ਵਲੋਂ ਰੈਲੀ ਕੱਢ ਕੇ ਤੇ ਜਾਗਰੂਕ ਕੈਂਪ ਲਾ ਕੇ ਲੋਕਾਂ ਜਾਗਰੂਕ ਕੀਤਾ ਜਾ ਰਿਹਾ ਹੈ। 

ਇਸੇ ਤਰ੍ਹਾ ਹੀ ਬੂਥਗੜ੍ਹ ਪ੍ਰਾਇਮਰੀ ਹੈਲਥ ਸੈਂਟਰ ਦੇ ਸੀਨੀਅਰ ਅਧਿਕਾਰੀ ਵਲੋਂ ਵੱਡੇ ਪੱਧਰ 'ਤੇ ਅਪਣੇ ਹੀ ਕਰਮਚਾਰੀਆਂ ਨੂੰ ਬੁਲਾ ਕੇ ਕੈਂਪ ਲਾ ਕੇ ਜਾਗਰੂਕ ਕਰਨ ਦੀ ਕੋਸ਼ਿਸ਼ ਵਿਚ ਹਨ। ਸੀਨੀਅਰ ਅਧਿਕਾਰੀ ਵਲੋਂ ਕਈ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ ਸਰਟੀਫ਼ੀਕੇਟ ਵੀ ਦਿਤਾ ਗਿਆ ਪਰ ਜਿਨ੍ਹਾਂ ਪਿੰਡਾਂ ਨੂੰ ਨਸ਼ਾ ਮੁਕਤੀ ਦਾ ਸਰਟੀਫ਼ੀਕੇਟ ਦਿਤਾ ਗਿਆ ਹੈ,

ਉਨ੍ਹਾਂ ਪਿੰਡਾਂ ਦੇ ਨੌਜਵਾਨ ਤੇ ਬਜ਼ੁਰਗ ਤਮਾਕੂ ਦਾ ਸੇਵਨ ਅੱਜ ਵੀ ਕਰ ਰਹੇ ਹਨ। ਨਸ਼ੇ ਵਿਰੁਧ ਰੈਲੀਆਂ, ਜਾਗਰੂਕਤਾ ਕੈਂਪ  ਲਾਉਣ, ਪਿੰਡ ਗੋਦ ਲੈਣ ਨਾਲ ਸਿਰਫ਼ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਰਕਾਰ ਨੂੰ ਖ਼ੁਸ਼ ਕੀਤਾ ਜਾ ਸਕਦਾ ਹੈ ਪਰ ਇਸ ਤਰ੍ਹਾ ਨਸ਼ਾ ਮੁਕਤ ਪੰਜਾਬ ਨਹੀਂ ਹੋ ਸਕਦਾ ।