ਅਕਾਲੀ ਦਲ ਅੰਮ੍ਰਿਤਸਰ ਨੇ ਥਾਣਾ ਮੁਖੀਆਂ ਨੂੰ ਦਿਤੇ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਨੌਜਵਾਨਾਂ ਦੀ ਫੜੋ-ਫੜੀ ਦਾ ਵਿਰੋਧ

File Photo

ਬਠਿੰਡਾ, 28 ਜੁਲਾਈ (ਸੁਖਜਿੰਦਰ ਮਾਨ) : ਸਿੱਖ ਰੈਫ਼ਰਡੈਂਮ 2020 ਨੂੰ ਲੈ ਕੇ ਸਿੱਖ ਨੌਜਵਾਨਾਂ ਦੀ ਬਿਨਾਂ ਗੱਲੋਂ ਫੜੋ-ਫੜਾਈ ਤੇ ਜਬਰੀ ਉਨ੍ਹਾਂ ਨੂੰ ਥਾਣਿਆਂ ਵਿਚ ਲਿਆਉਣ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵਲੋਂ ਥਾਣਾ ਮੁਖੀਆਂ ਰਾਹੀ ਡੀਜੀਪੀ ਨੂੰ ਮੰਗ ਪੱਤਰ ਭੇਜੇ ਗਏ। ਇਨ੍ਹਾਂ ਮੰਗ ਪੱਤਰਾਂ ਰਾਹੀ ਤੁਰਤ ਪੁਲਿਸ ਧੱਕੇਸ਼ਾਹੀਆਂ ਬੰਦ ਕਰਨ ਅਤੇ ਨੌਜਵਾਨਾਂ ਵਿਰੁਧ ਦਰਜ ਕੀਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ। ਬਠਿੰਡਾ 'ਚ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਅਗਵਾਈ ਹੇਠ ਇਕੱਠੇ ਹੋਏ ਆਗੂਆਂ ਨੇ ਸਥਾਨਕ ਸ਼ਹਿਰ ਦੇ ਥਾਣਾ ਕੋਤਵਾਲੀ , ਥਾਣਾ ਸਦਰ ਅਤੇ ਥਾਣਾ ਸਿਵਲ ਲਾਈਨ ਦੇ ਮੁਖੀਆਂ ਨੂੰ ਵਫ਼ਦ ਨਾਲ ਜਾ ਕੇ ਇਹ ਮੰਗ ਪੱਤਰ ਦਿੱਤੇ ਗਏ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਾਲਿਆਵਾਲੀ ਨੇ ਦਾਅਵਾ ਕੀਤਾ ਕਿ ਸਿੱਖ ਨੌਜਵਾਨਾਂ ਨਾਲ ਇਹ ਧੱਕੇਸ਼ਾਹੀਆਂ ਉਪਰਲੀਆਂ ਹਦਾਇਤਾਂ ਤੋਂ ਬਿਨ੍ਹਾਂ ਨਹੀਂ ਹੋ ਸਕਦੀਆਂ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਪੁਲਿਸ ਬੇਕਸੂਰ ਸਿੱਖ ਨੌਜਵਾਨਾਂ 'ਤੇ ਝੂਠੇ ਕੇਸ ਦਰਜ ਕਰਨ ਤੋਂ ਨਾ ਹਟੀ ਤਾਂ ਪਾਰਟੀ ਅਪਣੀ ਅਗਲੀ ਕਾਨੂੰਨੀ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਵੱਡਾ ਸੰਘਰਸ ਵੀ ਵਿਢਿਆ ਜਾਵੇਗਾ। ਇਸ ਮੌਕੇ ਪਾਰਟੀ ਆਗੂ ਸੁਖਦੇਵ ਸਿੰਘ ਕਾਲਾ, ਹਰਫ਼ੂਲ ਸਿੰਘ, ਮਹਿੰਦਰ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਦਲ ਖ਼ਾਲਸਾ ਆਦਿ ਆਗੂ ਹਾਜ਼ਰ ਸਨ।

ਡੀਐਸਪੀ ਪਾਤੜਾਂ ਨੂੰ ਦਿਤਾ ਮੈਮੋਰੰਡਮ- ਪਾਤੜਾਂ, 28 ਜੁਲਾਈ (ਪਿਆਰਾ ਸਿੰਘ): ਪੰਜਾਬ ਭਰ ਵਿਚ ਬੋਦੇਸ਼ੇ ਨੌਜਵਾਨਾਂ ਦੀ ਹੋ ਰਹੀ ਫੜੋ-ਫੜਾਈ ਸਬੰਧੀ ਅੱਜ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਤੜਾਂ ਵਿਖੇ ਜਿਲ਼ਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਬਲਕਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਡੀ. ਐਸ. ਪੀ. ਦਫ਼ਤਰ ਵਿਖੇ ਸਦਰ ਥਾਣਾ ਪਾਤੜਾਂ ਦੇ ਇੰਸਪੈਕਟਰ ਅਤੇ ਸਿਟੀ ਥਾਣਾ ਪਾਤੜਾਂ ਨੂੰ ਸਾਂਝੇ ਤੌਰ ਤੇ ਮੈਮੋਰੰਡਮ ਦਿਤਾ ਗਿਆ, ਜੋ ਕਿ ਭਾਰਤੀ ਵਿਧਾਨ ਦੀ ਧਾਰਾ 21 ਇਥੋਂ ਦੇ ਸੱਭ ਨਾਗਰਿਕਾਂ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਅਮਨਮਈ ਇਕੱਤਰਤਾਵਾ ਕਰਨ, ਆਜ਼ਾਦੀ ਨਾਲ ਇੰਡੀਆ ਦੇ ਕਿਸੇ ਵੀ ਹਿੱਸੇ ਵਿਚ ਆਉਣ-ਜਾਣ, ਕਿਸੇ ਵੀ ਹਿੱਸੇ ਵਿੱਚ ਰਹਿਣ ਅਤੇ ਸਥਾਪਿਤ ਹੋਣ, ਕਿਸੇ ਵੀ ਸਥਾਨ ਤੇ ਅਪਣੇ ਕਾਰੋਬਾਰ, ਵਪਾਰ ਕਰਨ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ।

ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਥੇ. ਭੁੱਲਰ ਨੇ ਕਿਹਾ ਕਿ ਆਰਟੀਕਲ 12 ਆਫ਼ ਦਾ ਯੂਨੀਵਰਸਲ ਡੈਕਲੇਰੇਸ਼ਨ ਆਫ਼ ਹਿਊਮਨ ਰਾਈਟਸ 1948 ਅਨੁਸਾਰ: ਕਿਸੇ ਵੀ ਨਾਗਰਿਕ ਦੀ ਪਰਿਵਾਰਿਕ, ਘਰੇਲੂ, ਚਿੱਠੀ-ਪੱਤਰ ਵਿਚ ਦਖਲ ਅੰਦਾਜੀ ਅਤੇ ਉਸ ਦੇ ਮਾਣ-ਇੱਜ਼ਤ ਨੂੰ ਠੇਸ ਪਹੁੰਚਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ। ਹਰ ਇਕ ਨੂੰ ਕਾਨੂੰਨ ਅਨੁਸਾਰ ਅਪਣੀ ਰਖਿਆ ਕਰਨ ਜਾਂ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਦਾ ਕਾਨੂੰਨੀ ਅਧਿਕਾਰ ਹੈ। ਇਸ ਮੌਕੇ ਜਥੇ. ਭੁੱਲਰ ਸਮੇਤ ਸਤਪਾਲ ਸਿੰਘ ਗਰੇਵਾਲ, ਬਾਈ ਪਿਆਰਾ ਸਿੰਘ, ਗੁਰਨਾਮ ਸਿੰਘ ਪੈਂਦ, ਹਰਭਜਨ ਸਿੰਘ ਪੰਨੂ, ਜੈਮਲ ਸਿੰਘ ਅਤਾਲਾਂ, ਅਮੀਰ ਸਿੰਘ ਅਤਾਲਾਂ, ਮਨਜੀਤ ਸਿੰਘ ਢਿਲੋਂ, ਦਰਬਾਰਾ ਸਿੰਘ, ਜਥੇਦਾਰ ਸਾਧਾ ਸਿੰਘ, ਸੁਖਚੈਨ ਸਿੰਘ ਵਿਰਕ ਆਦਿ ਆਗੂ ਅਤੇ ਵਰਕਰਜ਼ ਹਾਜ਼ਰ ਸਨ।