ਕੋਰੋਨਾ ਤੋਂ ਸਿਹਤਯਾਬ ਹੋਏ 40 ਪੁਲਿਸ ਮੁਲਾਜ਼ਮਾਂ ਨੇ ਪਲਾਜ਼ਮਾ ਦਾਨ ਲਈ ਕੀਤੀ ਪੇਸ਼ਕਸ਼
ਕੋਵਿਡ -19 ਦੀ ਲਾਗ ਤੋਂ ਸਿਹਤਯਾਬ ਹੋਏ 40 ਪੁਲਿਸ ਮੁਲਾਜ਼ਮਾਂ ਨੇ ਮਾਰੂ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਦੂਜੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਅਪਣੇ ਖੂਨ ਦਾ ਪਲਾਜ਼ਮਾ ਦਾਨ ....
ਚੰਡੀਗੜ੍ਹ, 28 ਜੁਲਾਈ (ਨੀਲ ਭਲਿੰਦਰ) : ਕੋਵਿਡ -19 ਦੀ ਲਾਗ ਤੋਂ ਸਿਹਤਯਾਬ ਹੋਏ 40 ਪੁਲਿਸ ਮੁਲਾਜ਼ਮਾਂ ਨੇ ਮਾਰੂ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਦੂਜੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਅਪਣੇ ਖੂਨ ਦਾ ਪਲਾਜ਼ਮਾ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਸ੍ਰੀ ਦਿਨਕਰ ਗੁਪਤਾ ਨੇ ਦਸਿਆ ਕਿ ਜ਼ਿਆਦਾਤਰ ਮਰੀਜ਼ ਜਲੰਧਰ ਦਿਹਾਤੀ ਇਲਾਕੇ ਨਾਲ ਸਬੰਧਤ ਹਨ ਅਤੇ ਐਸਐਸਪੀ ਨਵਜੋਤ ਸਿੰਘ ਮਾਹਲ ਖ਼ੁਦ ਇਸ ਲਾਗ ਤੋਂ ਠੀਕ ਹੋਣ ਬਾਅਦ ਹੋਰਨਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਤੋਂ ਸਿਹਤਯਾਬ ਹੋਏ ਅਪਣੇ ਸਾਥੀ ਅਧਿਕਾਰੀਆਂ ਅਤੇ ਹੋਰਨਾਂ ਕੋਲ ਨਿਜੀ ਤੌਰ 'ਤੇ ਜਾ ਕੇ ਉਨ੍ਹਾਂ ਨੂੰ ਦੋ ਹਫ਼ਤਿਆਂ ਦੀ ਰਿਕਵਰੀ ਦਾ ਸਮਾਂ ਖ਼ਤਮ ਹੋਣ ਮਗਰੋਂ ਹੋਰਨਾਂ ਸ਼ਰਤਾਂ ਅਨੁਸਾਰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ। ਸ੍ਰੀ ਗੁਪਤਾ ਨੇ ਪ੍ਰਗਟਾਵਾ ਕੀਤਾ ਕਿ ਐਸਐਸਪੀ ਜਲੰਧਰ ਦਿਹਾਤੀ ਦੇ ਪਲਾਜ਼ਮਾ ਦਾਨ ਲਈ ਵਚਨਬੱਧ ਹੋਣ ਤੋਂ 24 ਘੰਟਿਆਂ ਦੇ ਅੰਦਰ, 40 ਹੋਰ ਪੁਲਿਸ ਮੁਲਾਜ਼ਮਾਂ ਨੇ ਵੀ ਸਵੈ-ਇੱਛਾ ਨਾਲ ਪਲਾਜ਼ਮਾ ਦਾਨ ਕੀਤਾ, ਜਿਸ ਤੋਂ ਬਾਅਦ ਕਈ ਹੋਰ ਵੀ ਅੱਗੇ ਆਏ।
ਦੋ ਹੋਰ ਪੁਲਿਸ ਮੁਲਾਜ਼ਮਾਂ ਏਐਸਆਈ ਰਾਮ ਲਾਲ ਅਤੇ ਪੀਐਚਜੀ ਲਖਵਿੰਦਰ ਸਿੰਘ ਦਾ ਪਲਾਜ਼ਮਾ ਪਹਿਲਾਂ ਹੀ ਲਿਆ ਜਾ ਚੁੱਕਾ ਸੀ। ਡੀਜੀਪੀ ਨੇ ਕਿਹਾ ਕਿ ਜਲੰਧਰ ਦਿਹਾਤੀ ਦੇ ਕੋਵਿਡ -19 ਤੋਂ ਸਿਹਤਯਾਬ ਹੋਏ ਸਾਰੇ 33 ਕਰਮਚਾਰੀਆਂ ਨੇ ਪਲਾਜ਼ਮਾ ਦਾਨ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਹੋਰ ਜ਼ਿਲ੍ਹਿਆਂ ਵਿਚ ਵੀ ਪੁਲਿਸ ਵਿਭਾਗ ਵਲੋਂ ਪਲਾਜ਼ਮਾ ਦਾਨ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਬਟਾਲਾ ਵਿਚ ਵੀ, ਦੋਵੇਂ ਸਿਹਤਯਾਬ ਹੋਏ ਪੁਲਿਸ ਮੁਲਾਜ਼ਮਾਂ ਨੇ ਪਲਾਜ਼ਮਾ ਦਾਨ ਕਰਨ ਲਈ ਸਵੈ-ਇੱਛਾ ਦਰਸਾਈ ਹੈ
ਜਦਕਿ ਗੁਰਦਾਸਪੁਰ ਵਿਚ ਪ੍ਰਭਾਵਿਤ ਦੋ ਵਿਅਕਤੀਆਂ ਵਿਚੋਂ ਇਕ ਸਿਹਤਯਾਬ ਹੋ ਕੇ ਅਪਣਾ ਪਲਾਜ਼ਮਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਕਪੂਰਥਲਾ ਵਿਚ ਸੰਕਰਮਿਤ ਹੋਏ 14 ਪੁਲਿਸ ਮੁਲਾਜ਼ਮਾਂ ਵਿਚੋਂ 10 ਸਿਹਤਯਾਬ ਹੋ ਚੁੱਕੇ ਹਨ ਅਤੇ ਉਨ੍ਹਾਂ ਵਿਚੋਂ ਤਿੰਨ ਨੂੰ ਵਲੰਟੀਅਰਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ ਜਦਕਿ ਬਾਕੀ 7 ਨੂੰ ਇਸ ਪ੍ਰਕਿਰਿਆ ਤੋਂ ਬਾਹਰ ਰਹਿਣਾ ਪਿਆ ਕਿਉਂਕਿ ਉਹ ਸਹਿ-ਰੋਗ ਦੀ ਸਥਿਤੀ ਵਿਚ ਪਾਏ ਗਏ ਸਨ। ਇਸ ਸਮੇਂ ਜਲੰਧਰ ਦਿਹਾਤੀ 'ਚ 7 ਅਤੇ ਬਟਾਲਾ 'ਚ 4 ਐਕਟਿਵ ਕੇਸ ਹਨ। ਡੀਜੀਪੀ ਅਨੁਸਾਰ, ਬੀਮਾਰੀ ਨਾਲ ਜੂਝ ਰਹੇ ਦੂਜੇ ਮਰੀਜ਼ਾਂ ਦੀ ਮਦਦ ਲਈ ਪਲਾਜ਼ਮਾ ਦਾਨ ਕਰਨ ਵਾਲੇ ਵਲੰਟੀਅਰਾਂ ਲਈ ਪੰਜਾਬ ਪੁਲਿਸ ਵਲੋਂ ਇਕ ਵਿਸ਼ੇਸ਼ ਲਿੰਕ ਬਣਾਇਆ ਗਿਆ ਹੈ।