ਕੈਪਟਨ ਤੇ ਬਾਦਲ ਦੇ ਆਪਸੀ ਰਲੇਵੇਂ ਕਾਰਨ ਬੇਅਦਬੀ ਕਾਂਡ ਦੇ ਦੋਸ਼ੀਆਂ ਵਿਰੁਧ ਕਾਰਵਾਈ ਨਹੀਂ: ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦਾ ਬੱਚਾ ਬੱਚਾ ਜਾਣਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਵਾਰ ਆਪਸ 'ਚ ਰਲੇ ਹੋਏ ਹਨ

Harpal Cheema

ਸ੍ਰੀ ਅਨੰਦਪੁਰ ਸਾਹਿਬ, 28 ਜੁਲਾਈ (ਭਗਵੰਤ ਸਿੰਘ ਮਟੌਰ) : ਸੂਬੇ ਦਾ ਬੱਚਾ ਬੱਚਾ ਜਾਣਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਵਾਰ ਆਪਸ 'ਚ ਰਲੇ ਹੋਏ ਹਨ, ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਬਾਦਲ ਪਰਵਾਰ ਵਿਰੁਧ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਪਹੁੰਚੇ ਚੀਮਾਂ ਦੇ ਨਾਲ ਇਸ ਦੌਰਾਨ 'ਆਪ' ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਕੁਲਤਾਰ ਸਿੰਘ ਸੰਧਵਾਂ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ) ਵੀ ਹਾਜ਼ਰ ਸਨ।

ਉਨ੍ਹਾਂ ਕਿਹਾ ਕਿ ਜਦੋਂ-ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ, ਇਸੇ ਕਾਰਨ ਅੱਜ ਅਕਾਲੀ ਦਲ ਟੁਕੜੇ-ਟੁਕੜੇ ਹੋਣ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ। ਸਰਕਾਰ ਵਲੋਂ ਸੂਬੇ ਅੰਦਰ ਨਗਰ ਕੌਂਸਲ ਚੋਣਾਂ ਕਰਵਾਉਣ ਦੇ ਦਿਤੇ ਜਾ ਰਹੇ ਬਿਆਨਾਂ ਸਬੰਧੀ ਚੀਮਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਸਮੇਂ ਕੋਰੋਨਾ ਬੜੀ ਤੇਜੀ ਨਾਲ ਫੈਲ ਰਿਹਾ ਹੈ ਤੇ ਪਹਿਲਾਂ ਮਾਹੌਲ ਨੂੰ ਠੀਕ ਹੋਣ ਦਿਤਾ ਜਾਵੇ, ਇਹ ਚੋਣਾਂ ਤਾਂ ਕੁੱਝ ਮਹੀਨਿਆਂ ਬਾਅਦ ਵੀ ਕਰਵਾਈਆਂ ਜਾ ਸਕਦੀਆਂ ਹਨ। 'ਆਪ' ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਦਿੱਲੀ ਨੇ ਇਸ ਦੌਰਾਨ ਦੋਸ਼ ਲਗਾਇਆ ਕਿ ਪੂਰੇ ਸੂਬੇ ਅੰਦਰ ਹੋ ਰਹੀ ਨਾਜਾਇਜ਼ ਮਾਈਨਿੰਗ ਸ਼ਰੇਆਮ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਹੀ ਹੈ, ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ।

ਜਰਨੈਲ ਸਿੰਘ ਨੇ ਅਪਣੇ ਨਾਲ ਖੜੇ ਅਪਣੇ ਵਰਕਰ ਗਗਨਦੀਪ ਸਿੰਘ ਗਿੱਲ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਸਿਆਸੀ ਸ਼ਹਿ 'ਤੇ 'ਆਪ' ਵਲੰਟੀਅਰਾਂ 'ਤੇ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ , ਜੋ ਬਹੁਤ ਜ਼ਿਆਦਾ ਘਟੀਆ ਹਰਕਤ ਹੈ। ਇਸ ਮੌਕੇ ਹਲਕਾ ਇੰਚਾਰਜ ਸੰਜੀਵ ਰਾਣਾ, ਨਰਿੰਦਰ ਸਿੰਘ ਸ਼ੇਰਗਿੱਲ, ਐਡਵੋਕੇਟ ਦਿਨੇਸ਼ ਚੱਢਾ, ਜਸਵੀਰ ਸਿੰਘ ਅਰੋੜਾ, ਦਵਿੰਦਰ ਸਿੰਘ ਛਿੰਦੂ, ਜਗਜੀਤ ਸਿੰਘ ਜੱਗੀ, ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਵਰਕਰ ਹਾਜ਼ਰ ਸਨ।