ਪੰਜਾਬ ਸਰਕਾਰ ਵਲੋਂ ਹੈਪੇਟਾਈਟਸ-ਸੀ ਦੇ ਮੁਫ਼ਤ ਇਲਾਜ ਲਈ 35 ਨਵੇਂ ਇਲਾਜ ਕੇਂਦਰ ਸਮਰਪਤ : ਬਲਬੀਰ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਹੈਪੇਟਾਈਟਸ ਦੇ ਇਲਾਜ ਦੀ 93 ਫ਼ੀ ਸਦੀ ਇਲਾਜ ਦਰ ਨੂੰ ਵੇਖਦਿਆਂ, ਪੰਜਾਬ ਸਰਕਾਰ ਨੇ ਹੈਪੇਟਾਈਟਸ ਸੀ ਦੇ ਇਲਾਜ ਲਈ ਸੂਬੇ ਨੂੰ 35 ਨਵੇਂ ਇਲਾਜ ਕੇਂਦ...........

Balbir Sidhu

ਚੰਡੀਗੜ੍ਹ, 28 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਸੂਬੇ ਵਿਚ ਹੈਪੇਟਾਈਟਸ ਦੇ ਇਲਾਜ ਦੀ 93 ਫ਼ੀ ਸਦੀ ਇਲਾਜ ਦਰ ਨੂੰ ਵੇਖਦਿਆਂ, ਪੰਜਾਬ ਸਰਕਾਰ ਨੇ ਹੈਪੇਟਾਈਟਸ ਸੀ ਦੇ ਇਲਾਜ ਲਈ ਸੂਬੇ ਨੂੰ 35 ਨਵੇਂ ਇਲਾਜ ਕੇਂਦਰ ਸਮਰਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰੋਗਰਾਮ 25 ਇਲਾਜ ਕੇਂਦਰਾਂ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ 2020 ਵਿਚ ਪੰਜਾਬ ਸੂਬੇ ਨੇ ਇਲਾਜ ਕੇਂਦਰਾਂ ਦੀ ਗਿਣਤੀ ਵਧਾ ਕੇ 60 ਕਰ ਦਿਤੀ ਹੈ। ਇਹ ਪ੍ਰਗਟਾਵਾ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ 'ਵਿਸ਼ਵ ਹੈਪੇਟਾਈਟਸ ਦਿਵਸ' ਮੌਕੇ ਕੀਤਾ।

ਮੰਤਰੀ ਨੇ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿਥੇ ਹੈਪੇਟਾਈਟਸ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ ਗਿਆ ਜਿਸ ਤਹਿਤ ਹੁਣ ਤਕ 1.63 ਲੱਖ ਤੋਂ ਵੱਧ ਵਿਅਕਤੀਆਂ ਦਾ ਟੈਸਟ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 85,000 ਪ੍ਰਭਾਵਤ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚ ਹੈਪੇਟਾਈਟਸ ਦੇ ਮੁਫ਼ਤ ਇਲਾਜ ਦੀ ਸ਼ੁਰੂਆਤ ਕੀਤੀ ਜਿੱਥੇ ਜੇਲਾਂ ਵਿਚ ਹੀ ਪ੍ਰਭਾਵਤ ਕੈਦੀਆਂ ਨੂੰ ਮੁਫ਼ਤ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਲੋਂ ਇਸ ਖੇਤਰ ਵਿਚ ਪੁੱਟੀਆਂ ਪੁਲਾਘਾਂ ਵਿਸ਼ਵ ਅਤੇ ਕੌਮੀ ਨੀਤੀ ਘਾੜਿਆਂ ਲਈ ਮਦਦਗਾਰ ਸਾਬਤ ਹੋਣਗੀਆਂ।

ਉਨ੍ਹਾਂ ਕਿਹਾ ਕਿ ਇਸ ਸਾਲ ਗਰਭਵਤੀ ਔਰਤਾਂ ਦੇ ਟੈਸਟ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ ਹੈਪੇਟਾਈਟਸ ਬੀ ਤੋਂ ਪ੍ਰਭਾਵਤ ਗਰਭਵਤੀ ਔਰਤਾਂ ਦੇ ਬੱÎਚਿਆਂ ਨੂੰ ਵੀ ਕਵਰ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਤੋਂ ਇਲਾਵਾ ਪੰਜਾਬ ਪਹਿਲਾ ਸੂਬਾ ਹੈ ਜਿਸਨੇ ਯੂਨੀਟੇਡ, ਹੈੱਡ, ਫਾਈਂਡ ਅਤੇ ਸੀ.ਐਚ.ਏ.ਆਈ. ਗ਼ੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਐਚ.ਆਈ.ਵੀ. ਤੋਂ ਪ੍ਰਭਾਵਤ ਲੋਕਾਂ ਦਾ ਇਲਾਜ ਸ਼ੁਰੂ ਕੀਤਾ ਹੈ। ਇਸ ਮੁਹਿੰਮ ਤਹਿਤ ਹੁਣ ਤਕ 80 ਫ਼ੀ ਸਦੀ ਪ੍ਰਭਾਵਤ ਮਰੀਜ਼ਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ।

ਸਿਹਤ ਮੰਤਰੀ ਨੇ ਅੱਗੇ ਦਸਿਆ ਕਿ ਸਬ ਡਵੀਜ਼ਨ ਹਸਪਤਾਲ ਬਟਾਲਾ ਵਿਖੇ ਟੈਸਟਿੰਗ ਤੇ ਇਲਾਜ ਦੀ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਉਪਰਾਲੇ ਨਾਲ ਲੋਕਾਂ ਨੂੰ ਵੱਡੇ ਪੱਧਰ 'ਤੇ ਰਾਹਤ ਪਹੁੰਚੇਗੀ ਅਤੇ ਹੈਪੇਟਾਈਟਸ ਤੋਂ ਪ੍ਰਭਾਵਤ ਮਰੀਜ਼ਾਂ ਲਈ ਨਵੇਂ ਰਾਹ ਖੁਲ੍ਹਣਗੇ। ਕੈਬਨਿਟ ਮੰਤਰੀ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਰੀਆਂ ਪ੍ਰਾਪਤੀਆਂ ਕੇਵਲ ਸਿਹਤ ਕਰਮੀਆਂ ਦੀ ਸਖ਼ਤ ਮਿਹਨਤ ਤੇ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਹੈਪੇਟਾਈਟਸ ਦੀ ਲੜਾਈ ਜਿੱਤ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਪੂਰਾ ਵਿਸ਼ਵ ਕੋਵਿਡ-19 ਦੇ ਨਾਲ ਲੜ ਰਿਹਾ ਹੈ ਅਤੇ ਇਸ ਸਮੇਂ ਨੇ ਸਾਨੂੰ ਸਿਖਾਇਆ ਹੈ ਕਿ ਸਰਕਾਰੀ ਸਿਹਤ ਪ੍ਰਣਾਲੀ ਦਾ ਇਕ ਅਹਿਮ ਰੋਲ ਰੋਲ ਹੈ। ਅੱਜ ਇਥੇ ਲੋੜ ਹੈ ਕਿ ਸੰਯੁਕਤ ਯਤਨਾਂ, ਸਹਿਯੋਗ ਅਤੇ ਇੱਕਜੁੱਟਤਾ ਨਾਲ ਮੌਜੂਦਾ ਸਿਹਤ ਸੰਭਾਲ ਪ੍ਰਣਾਲੀ ਦੀ ਸੁਚਾਰੂ ਵਰਤੋਂ ਕਰਦੇ ਹੋਏ ਵੱਖ-ਵੱਖ ਚੱਲ ਰਹੇ

ਸਿਹਤ ਪ੍ਰੋਗਰਾਮਾਂ ਵਿਚ ਨਿਰੰਤਰ ਤਾਲਮੇਲ ਬਣਾਉਣ ਦੀ ਲੋੜ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਸਮੇਂ ਅਨੁਸਾਰ ਸਾਰੀਆਂ ਸਿਹਤ ਸੇਵਾਵਾਂ ਮੁਹੱਈਆ ਹੋ ਸਕਣ।
ਸ. ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਪੀ.ਜੀ.ਆਈ. ਅਤੇ ਸੀ.ਐਚ.ਏ.ਆਈ. ਦੇ ਸਹਿਯੋਗ ਨਾਲ ਇਕ ਰਿਸਰਚ ਪ੍ਰਾਜੈਕਟ ਸ਼ੁਰੂ ਕਰਨ ਜਾ ਰਹੀ ਹੈ ਤਾਂ ਜੋ ਹੈਪੇਟਾਈਟਸ ਦੇ ਨਾਲ ਸਬੰਧਤ ਜੋਖਮ ਤੱਥਾਂ ਨੂੰ ਸਹੀ ਤਰੀਕੇ ਨਾਲ ਸਮਝਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਗਲੇ 18 ਮਹੀਨਿਆਂ ਵਿੱਚ ਮਾਹਿਰ ਅਪਣੀ ਰਿਸਰਚ ਦੀ ਰੀਪੋਰਟ ਪੇਸ਼ ਕਰਨਗੇ ਤਾਂ ਜੋ ਜੋਖ਼ਮ ਤੱਥਾਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਵਿਚ ਹੈਪੇਟਾਈਟਸ ਸੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਹੈਪੇਟਾਈਟਸ ਮੁਕਤ ਭਵਿੱਖ ਨੂੰ ਹਾਸਲ ਕਰਨ ਲਈ ਸਾਰਿਆਂ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਉਣ ਲਈ ਵਚਨਬੱਧ ਹੈ।

ਇਸ ਮੌਕੇ ਸਿਹਤ ਮੰਤਰੀ ਅਤੇ ਮੁੱਖ ਵਧੀਕ ਸਕੱਤਰ ਸਿਹਤ ਸ੍ਰੀ ਅਨੁਰਾਗ ਅਗਰਵਾਲ ਵੱਲੋਂ ਹੈਪੇਟਾਈਟਸ ਸੀ ਦੀਆਂ ਪ੍ਰਾਪਤੀਆਂ ਸਬੰਧੀ ਪੋਸਟਰ ਤੇ ਪੈਂਫਲੇਟ ਆਦਿ ਵੀ ਜਾਰੀ ਕੀਤੇ ਗਏ। ਇਸ ਮੌਕੇ ਐਮ.ਡੀ. ਐਨ.ਐਚ.ਐਮ. ਸ੍ਰੀ ਕੁਮਾਰ ਰਾਹੁਲ, ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰੀਮਤੀ ਤਨੁ ਕਸ਼ਿਅਪ, ਸਟੇਟ ਪ੍ਰੋਗਰਾਮ ਹੈਪੇਟਾਈਟਸ ਸੀ, ਅਫ਼ਸਰ ਡਾ. ਗਗਨਦੀਪ ਗਰੋਵਰ ਵੀ ਹਾਜ਼ਰ ਸਨ।