ਆਰਡੀਨੈਂਸ ਦਾ ਅਸਰ : ਹੁਣ ਇਕ ਭਾਜਪਾ ਆਗੂ ਨੇ ਵੀ ਮੰਗਿਆ ਹਰਸਿਮਰਤ ਬਾਦਲ ਕੋਲੋਂ ਅਸਤੀਫ਼ਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਭਾਜਪਾ ਆਗੂ ਦੇ ਬਿਆਨ 'ਤੇ ਜਿਤਾਇਆ ਇਤਰਾਜ

Harsimrat Kaur Badal

ਬਠਿੰਡਾ : ਕੇਂਦਰ ਦੀ ਮੋਦੀ ਸਰਕਾਰ ਦੁਆਰਾ ਪਿਛਲੇ ਦਿਨਾਂ ਦੌਰਾਨ ਖੇਤੀ ਸਬੰਧੀ ਜਾਰੀ ਤਿੰਨ ਆਰਡੀਨੈਸਾਂ 'ਤੇ ਚੱਲ ਰਹੇ ਵਾਦ-ਵਿਵਾਦ ਦੌਰਾਨ ਹੁਣ ਪੰਜਾਬ ਭਾਜਪਾ ਨੇ ਅਕਾਲੀ ਦਲ ਉਪਰ ਦੋਹਰੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਆਗੂਆਂ ਨੇ ਸਪੱਸ਼ਟ ਤੌਰ 'ਤੇ ਅਕਾਲੀ ਦਲ ਦੇ ਇਸ ਸਟੈਂਡ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵਜਾਰਤ ਤੋਂ ਬਾਹਰ ਆਉਣ ਦੀ ਚੁਣੌਤੀ ਦੇ ਦਿਤੀ ਹੈ। ਪਿਛਲੇ ਦਿਨਾਂ 'ਚ ਭਾਜਪਾ ਵਲੋਂ ਇਕੱਲੇ ਚੱਲਣ ਦੀਆਂ ਕੰਨਸੋਆਂ ਦੌਰਾਨ ਹਰਸਿਮਰਤ ਕੋਲੋਂ ਅਸਤੀਫ਼ਾ ਮੰਗਣ ਦੀ ਅਵਾਜ਼ ਵੀ ਬਠਿੰਡਾ 'ਚੋਂ ਉਠੀ ਹੈ ਤੇ ਇਹ ਆਵਾਜ਼ ਭਾਜਪਾ ਦੇ ਸੂਬਾਈ ਬੁਲਾਰੇ ਸੁਖ਼ਪਾਲ ਸਿੰਘ ਸਰਾਂ ਵਲੋਂ ਉਠਾਈ ਗਈ ਹੈ।

ਅੱਜ ਇਥੇ ਜਾਰੀ ਇਕ ਬਿਆਨ ਵਿਚ ਇਸ ਬਿੱਲ ਉਪਰ ਰਾਜਨੀਤੀ ਕਰਨ 'ਤੇ ਸਖ਼ਤ ਜਤਾਉਂਦਿਆਂ ਭਾਜਪਾ ਦੇ ਪ੍ਰਦੇਸ਼ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਤੇ ਵੀ ਕਿਸਾਨਾਂ ਦਾ ਨੁਕਸਾਨ ਨਹੀਂ ਕੀਤਾ ਗਿਆ ਅਤੇ ਵਾਰ ਵਾਰ ਕੇਂਦਰ ਸਰਕਾਰ ਦੇ ਮੰਤਰੀ ਇਹ ਸਪੱਸ਼ਟ ਕਰ ਰਹੇ ਹਨ ਕਿ ਇਸ ਬਿੱਲ ਰਾਹੀਂ ਕਿਸੇ ਵੀ ਕਿਸਾਨ ਜਾਂ ਆੜ੍ਹਤੀ ਨੂੰ ਕੋਈ ਘਾਟਾ ਨਹੀਂ ਹੋਵੇਗਾ।

ਉਨ੍ਹਾਂ ਦੋਸ਼ ਲਗਾਇਆ ਕਿ ਐਨਡੀਏ ਵਿਚ ਸ਼ਾਮਲ ਅਕਾਲੀ ਦਲ ਦੇ ਆਗੂ ਇਸ ਮੁੱਦੇ 'ਤੇ ਰਾਜਨੀਤਕ ਬਿਆਨਬਾਜ਼ੀ ਕਰ ਰਹੇ ਹਨ, ਜਦਕਿ ਸੰਸਦ ਵਿਚ ਇਸ ਬਿੱਲ ਉਪਰ ਅਕਾਲੀ ਦਲ ਨੇ ਸਪੱਸ਼ਟ ਹਿਮਾਇਤ ਦਿਤੀ ਸੀ। ਉਨ੍ਹਾਂ ਅਕਾਲੀ ਦਲ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਝੂਠ ਦੀ ਰਾਜਨੀਤੀ ਬੰਦ ਕਰੇ ਜਾਂ ਫਿਰ ਕੇਂਦਰ ਵਿਚੋਂ ਮੰਤਰੀ ਦਾ ਅਹੁਦਾ ਛੱਡੇ।

ਭਾਜਪਾ ਆਗੂ ਨੇ ਦੋਸ਼ਾਂ ਦੀ ਲੜੀ ਜਾਰੀ ਰਖਦਿਆਂ ਕਿਹਾ ਅਕਾਲੀ ਦਲ ਤੇ ਹੋਰ ਕਿਸਾਨਾਂਂ ਨੂੰ ਗੁੰਮਰਾਹ ਕਰਕੇ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ ਨੇ ਭਾਜਪਾ ਸਰਕਾਰ ਨੂੰ ਬਦਨਾਮ ਕਰਨ ਦੀ ਰਾਜਨੀਤੀ ਬੰਦ ਨਾ ਕੀਤੀ ਤਾਂ ਅਕਾਲੀ ਦਲ ਨਾਲੋਂ ਭਾਜਪਾ ਨੂੰ ਨਾਤਾ ਤੋੜਨਾ ਪਵੇਗਾ ਅਤੇ ਭਾਜਪਾ ਇਕੱਲੀ ਪੰਜਾਬ ਵਿਚ ਚੋਣ ਲੜੇਗੀ।

ਉਧਰ ਅਕਾਲੀ ਦਲ ਨੇ ਭਾਜਪਾ ਦੇ ਸੁਬਾਈ ਆਗੂ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਅਕਾਲੀ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਭਾਜਪਾ ਇਕ ਕੌਮੀ ਪਾਰਟੀ ਹੈ ਤੇ ਇਸ ਦੇ ਸੂਬਾਈ ਆਗੂਆਂ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਹੈ। ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦਾ ਸਿੱਧਾ ਸਮਝੌਤਾ ਭਾਜਪਾ ਹਾਈਕਮਾਂਡ ਨਾਲ ਹੈ ਤੇ ਜੇਕਰ ਇਸ ਦੇ ਕੁੱਝ ਆਗੂਆਂ ਨੂੰ ਇਹ ਚੰਗਾ ਨਹੀਂ ਲਗਦਾ ਤਾਂ ਉਹ ਹਾਈਕਮਾਂਡ ਤੋਂ ਇਹ ਬਿਆਨ ਦਿਵਾ ਦੇਣ। ਉਨ੍ਹਾਂ ਮੰਗ ਕੀਤੀ ਕਿ 50 ਸਾਲਾਂ ਤੋਂ ਦੋਵਾਂ ਪਾਰਟੀਆਂ 'ਚ ਚੱਲ ਰਹੀ ਭਾਈਚਾਰਕ ਸਾਂਝ ਨੂੰ ਤਾਰੋਪੀਡ ਕਰਨ ਵਾਲੇ ਆਗੂਆਂ 'ਤੇ ਭਾਜਪਾ ਨੂੰ ਨਕੇਲ ਕੱਸਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।