ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲੋਕਾਂ ਨੂੰ ਧਾਗਿਆਂ ਤੇ ਪਾਖੰਡਾਂ 'ਚ ਪਾ ਕੇ ਕਰ ਰਿਹਾ ਸੀ ਗੁਮਰਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਖੰਡੀ ਬਾਬੇ ਦਾ ਹੋਇਆ ਪਰਦਾ ਫ਼ਾਸ਼

File Photo

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੁਗੋਵਾਲ ਵਿਖੇ ਪਿਛਲੇ ਕਰੀਬ 40-45 ਸਾਲ ਤੋਂ ਉਂਕਾਰ ਸਿੰਘ ਉਰਫ਼ ਕਾਰੀ ਬਾਬਾ ਅਪਣੇ ਘਰ ਵਿਚ ਹੀ ਲੋਕਾਂ ਨੂੰ ਧਾਗ਼ੇ, ਰੁੱਖਾਂ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਪਾਖੰਡਾਂ, ਵਹਿਮਾਂ- ਭਰਮਾਂ ਵਿਚ ਪਾ ਕਿ ਗੁਮਰਾਹ ਕਰ ਰਿਹਾ ਸੀ।  ਅੱਜ ਇਸ ਸਾਰੇ ਮਾਮਲੇ ਦਾ ਪਰਦਾ ਉਸ ਸਮੇਂ ਉਠਿਆ ਜਦੋਂ ਕਪੂਰਥਲਾ ਨਿਵਾਸੀ ਇਕ ਪਤੀ-ਪਤਨੀ ਨੇ ਇਨ੍ਹਾਂ ਪਾਸੋਂ ਸਹਿਜ ਪਾਠ ਕਰਵਾਉਣ ਬਾਰੇ ਪੁੱਛਿਆ ਤੇ ਜਿਥੇ ਇਨ੍ਹਾਂ ਨੇ ਸਹਿਜ ਪਾਠ ਸਾਹਿਬ ਕਰਨ ਦੀ ਭੇਟਾ 15 ਹਜ਼ਾਰ ਰੁਪਏ ਦਸੀ। ਉਥੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਘਰ ਵਿਚ ਕੋਈ ਕਸਰ (ਜੂੜ) ਹੈ ਅਤੇ ਹੋਰ ਵੀ ਕਈ ਤਰ੍ਹਾਂ ਦੀ ਗੱਲਬਾਤ ਕੀਤੀ ਜਿਹੜੀ ਕਿ ਉਨ੍ਹਾਂ ਮੋਬਾਇਲ ਵਿਚ ਰੀਕਾਰਡ ਕਰ ਕੇ ਇਸ ਸਬੰਧੀ ਸਤਿਕਾਰ ਕਮੇਟੀ ਪੰਜਾਬ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਮੁੱਛਲ ਨਾਲ ਸਾਂਝੀ ਕੀਤੀ ਤੇ ਫਿਰ ਇਸ ਹਲਕੇ ਦੇ ਇੰਚਾਰਜ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਕਿਹਾ।

ਉਸ ਨੇ ਸਾਰੀ ਜਾਣਕਾਰੀ ਇਕੱਠੀ ਕਰ ਕੇ ਸਤਿਕਾਰ ਕਮੇਟੀ ਨੂੰ ਭੇਜੀ ਜਿਸ ਤੇ ਜਥੇਦਾਰ ਬਲਬੀਰ ਸਿੰਘ ਮੁੱਛਲ ਤੇ ਉਨ੍ਹਾਂ ਦੇ ਸਾਥੀ ਸਿੰਘ ਪੁਲਿਸ ਥਾਣਾ ਮਹਿਲਪੁਰ ਪਹੁੰਚੇ ਤੇ ਇਸ ਸਬੰਧੀ ਦਰਖ਼ਾਸਤ ਦਿਤੀ ਜਿਸ 'ਤੇ ਥਾਣਾ ਮਹਿਲਪੁਰ ਦੇ ਸਬ ਇੰਸਪੈਕਟਰ ਅਪਣੀ ਪੁਲਿਸ ਪਾਰਟੀ ਨਾਲ ਸਤਿਕਾਰ ਕਮੇਟੀ ਨਾਲ ਉਪਰੋਕਤ ਪਾਖੰਡੀ ਬਾਬੇ ਦੇ ਘਰ ਗਏ ਜਿਥੇ ਉਸ ਨੇ ਅਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਸੀ। ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਪੰਚਾਇਤ, ਪਿੰਡ ਨਿਵਾਸੀ ਤੇ ਹੋਰ ਲੋਕਾਂ ਦੀ ਹਾਜ਼ਰੀ ਵਿਚ ਉਪਰੋਕਤ ਪਾਖੰਡੀ ਬਾਬੇ ਨਾਲ ਧਾਗੇ ਤੇ ਹੋਰ ਗੁਮਰਾਹਕੁੰਨ ਪ੍ਰਚਾਰ ਸਬੰਧੀ ਗੱਲਬਾਤ ਕੀਤੀ। ਇਸੀ ਦੌਰਾਨ ਪਾਖੰਡੀ ਬਾਬੇ ਉਂਕਾਰ ਸਿੰਘ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਮਾਫ਼ੀ ਮੰਗੀ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਕਿ ਅੱਗੇ ਤੋਂ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰੇਗਾ। ਇਸ ਤੋਂ ਬਾਅਦ ਸਤਿਕਾਰ ਕਮੇਟੀ ਦੇ ਮੈਂਬਰ ਗੁਰੂ ਗੰ੍ਰਥ ਸਾਹਿਬ ਦੇ ਸਰੂਪ ਬੜੇ ਸਤਿਕਾਰ ਨਾਲ ਅਪਣੇ ਨਾਲ ਲੈ ਗਏ।