ਐਕਸਾਈਜ਼ ਅਫ਼ਸਰਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਨੇ ਹਾਈ ਕੋਰਟ ਕੀਤੀ ਪਹੁੰਚ

ਏਜੰਸੀ

ਖ਼ਬਰਾਂ, ਪੰਜਾਬ

ਐਕਸਾਈਜ਼ ਅਫ਼ਸਰਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਨੇ ਹਾਈ ਕੋਰਟ ਕੀਤੀ ਪਹੁੰਚ

image

ਚੰਡੀਗੜ੍ਹ, 28 ਜੁਲਾਈ (ਸੁਰਜੀਤ ਸਿੰਘ ਸੱਤੀ) : ਐਕਸਾਈਜ਼ ਵਿਭਾਗ ਦੇ  ਮੁਲਾਜ਼ਮਾਂ ਵਲੋਂ ਮਾਨਸਾ ਵਿਚ ਪਿਛਲੇ ਸਾਲ 18 ਜੂਨ ਨੂੰ  ਪਵਨ ਕੁਮਾਰ  ਨਾਮਕ ਇਕ ਵਿਅਕਤੀ ਨੂੰ  ਉਸ ਦੇ ਘਰੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਚੁੱਕ ਕੇ ਉਸ 'ਤੇ ਤਸ਼ੱਦਦ ਕਰਨ ਦੇ ਮਾਮਲੇ ਵਿਚ ਹਾਈ ਕੋਰਟ ਪਹੁੰਚ ਕੀਤੀ ਗਈ ਹੈ | ਤਸ਼ੱਦਦ ਉਪਰੰਤ ਪਵਨ ਹੁਣ ਲਕਵੇ ਦਾ ਸ਼ਿਕਾਰ ਹੋ ਗਿਆ ਸੀ ਤੇ ਹੁਣ ਉਸ ਨੇ ਦਸ ਲੱਖ ਰੁਪਏ ਮੁਆਵਜ਼ਾ ਦੇਣ ਅਤੇ ਇਸ ਦੇ ਦੋਸ਼ੀ ਮੁਲਾਜ਼ਮਾਂ ਤੇ ਅਫ਼ਸਰਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ | 
ਜਸਟਿਸ ਲੀਜਾ ਗਿੱਲ ਨੇ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ, ਡੀਜੀਪੀ, ਐਸਐਸਪੀ ਮਾਨਸਾ ਅਤੇ ਸਬੰਧਤ ਐਸਐਚਓ  ਨੂੰ  1 ਨਵੰਬਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ | ਪਵਨ ਕੁਮਾਰ ਅਤੇ ਉਸ ਦੀ ਪਤਨੀ ਕਾਂਤਾ ਰਾਣੀ ਨੇ ਐਡਵੋਕੇਟ ਐਚ.ਸੀ. ਅਰੋੜਾ ਜਰੀਏ ਦਾਖ਼ਲ ਪਟੀਸ਼ਨ ਵਿਚ ਕਿਹਾ ਹੈ ਕਿ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਨੇ ਪਵਨ ਨੂੰ  ਪਿਛਲੇ ਸਾਲ 18 ਜੂਨ ਨੂੰ  ਉਸ ਦੇ ਘਰ ਤੋਂ ਚੁੱਕ ਲਿਆ ਸੀ, ਜਦਕਿ ਉਸ ਵਿਰੁਧ ਕੋਈ ਵੀ ਕੇਸ ਦਰਜ ਤਕ ਨਹੀਂ ਕੀਤਾ ਗਿਆ | ਉਸ ਨੂੰ  ਗ਼ੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿਚ ਰਖਿਆ ਗਿਆ ਅਤੇ ਉਸ 'ਤੇ ਬੁਰੀ ਤਰ੍ਹਾਂ ਨਾਲ ਤਸ਼ੱਦਦ ਕੀਤਾ ਗਿਆ |  ਹਾਲਤ ਵਿਗੜਨ ਦੇ ਬਾਅਦ ਉਸ ਨੂੰ  ਸਟ੍ਰੈਚਰ ਉਤੇ ਹਸਪਤਾਲ ਭੇਜ ਦਿਤਾ ਗਿਆ, ਜਿਥੇ ਉਸ ਦਾ ਇਲਾਜ ਤਾਂ ਹੋਇਆ ਲੇਕਿਨ ਬੁਰੀ ਤਰ੍ਹਾਂ ਨਾਲ ਕੀਤੇ ਅਣਮਨੁੱਖੀ ਤਸ਼ੱਦਦ ਕਾਰਨ ਹੁਣ ਉਹ ਸਥਾਈ ਤੌਰ ਉੱਤੇ ਲਕਵੇ ਦਾ ਸ਼ਿਕਾਰ ਹੋ ਚੁੱਕਿਆ ਹੈ | ਇਸ ਮਾਮਲੇ ਵਿਚ ਉਸ ਦੀ ਸ਼ਿਕਾਇਤ ਉੱਤੇ ਐਸਆਈਟੀ ਬਣਾ ਦਿਤੀ ਗਈ ਸੀ, ਜਿਸ ਨੇ ਸਿਰਫ਼ ਇੰਸਪੈਕਟਰ ਮਨਜੀਤ ਸਿੰਘ ਵਿਰੁਧ ਹੀ ਗ਼ੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿਚ ਰੱਖਣ ਅਤੇ ਤਸ਼ੱਦਦ ਕਰਨ ਨੂੰ  ਲੈ ਕੇ ਐਫਆਈਆਰ  ਦਰਜ ਕਰਨ ਦਾ ਹੁਕਮ ਦਿਤਾ |
ਪਟੀਸ਼ਨਰ ਦਾ ਕਹਿਣਾ ਹੈ ਕਿ ਉਸ ਨੂੰ  ਤਸੀਹੇ ਦੇਣ ਵਾਲੇ ਚਾਰ ਅਫ਼ਸਰ ਸਨ,  ਅਜਿਹੇ ਵਿਚ ਉਨ੍ਹਾਂ ਸਾਰਿਆਂ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ  ਬੁਰੀ ਤਰ੍ਹਾਂ ਨਾਲ ਤਸੀਹੇ ਦੇਣ ਅਤੇ ਇਸ ਕਾਰਨ ਹੁਣ ਲਕਵੇ ਦਾ ਸ਼ਿਕਾਰ ਹੋਣ ਉੱਤੇ ਉਸ ਨੂੰ  10 ਲੱਖ ਰੁਪਏ ਮੁਆਵਜ਼ਾ ਦਿਤਾ ਜਾਵੇ |