ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮਹਿੰਦਰ ਕੌਰ ਦਾ ਦਿਹਾਂਤ, ਮੁੱਖ ਮੰਤਰੀ ਨੇ ਜਤਾਇਆ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

91 ਸਾਲ ਦੀ ਉਮਰ 'ਚ ਚੰਡੀਗੜ੍ਹ ਲਏ ਆਖਰੀ ਸਾਹ

Death of Mahinder Kaur, wife of late Jathedar Jagdev Singh Talwandi

ਲੁਧਿਆਣਾ:  ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਸਰਦਾਰਨੀ ਮਹਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ। ਉਹਨਾਂ ਨੇ  91 ਸਾਲ ਦੀ ਉਮਰ ਵਿਚ ਚੰਡੀਗੜ੍ਹ ਵਿਖੇ ਆਖਰੀ ਸਾਹ ਲਏ। ਜ਼ਿਕਰਯੋਗ ਹੈ ਕਿ ਸਰਦਾਰਨੀ ਮਹਿੰਦਰ ਕੌਰ ਤਲਵੰਡੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹਨਾਂ ਦਾ ਪੀ.ਜੀ.ਆਈ ਚੰਡੀਗੜ੍ਹ 'ਚ ਇਲਾਜ  ਚੱਲ  ਰਿਹਾ ਸੀ। ਉਨਾਂ ਨੂੰ ਵੈਂਟੀਲੇਟਰ ਜ਼ਰੀਏ ਸਾਹ ਦਿਵਾਇਆ ਜਾ ਰਿਹਾ ਸੀ।

ਪੰਜਾਬ ਸਰਕਾਰ ਵੱਲੋਂ ਮਾਤਾ ਮਹਿੰਦਰ ਕੌਰ ਨੂੰ ਇਕ ਕੈਬਨਿਟ ਵਜ਼ੀਰ ਵਾਲੀਆਂ ਸਹੂਲਤਾਂ ਦੇ ਕੇ ਸਨਮਾਨਿਆ ਹੋਇਆ ਸੀ। ਮਾਤਾ ਮਹਿੰਦਰ ਕੌਰ ਤਲਵੰਡੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਮੁੱਖ ਮੰਤਰੀ ਨੇ ਜਤਾਇਆ ਦੁੱਖ

ਚੰਡੀਗੜ, 29 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮੋਹਿੰਦਰ ਕੌਰ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ 91 ਵਰਿਆਂ ਦੇ ਸਨ ਜਿਨਾਂ ਦਾ ਬੀਤੀ ਰਾਤ ਪੀ.ਜੀ.ਆਈ. ਵਿਖੇ ਲੰਮੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਦੋ ਧੀਆਂ ਅਤੇ ਦੋ ਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਛੱਡ ਗਏ ਹਨ।

ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, ‘‘ਮੈਨੂੰ ਸਰਦਾਰਨੀ ਮੋਹਿੰਦਰ ਕੌਰ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਜੋ ਕਿ ਉੱਚ ਗੁਣਾਂ ਦੀ ਧਾਰਨੀ ਅਤੇ ਨੇਕ ਨੀਅਤ ਵਾਲੀ ਸਖ਼ਸ਼ੀਅਤ ਸਨ।’’

ਮੁੱਖ ਮੰਤਰੀ ਨੇ ਦੁਖੀ ਪਰਿਵਾਰ, ਸਾਕ-ਸਨੇਹੀਆਂ ਤੇ ਦੋਸਤਾਂ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।