ਪੇਗਾਸਸ 'ਤੇ ਹੋਏ ਹੰਗਾਮੇ ਦੌਰਾਨ ਸਾਂਸਦਾਂ ਨੇ ਸਪੀਕਰ ਵਲ ਸੁੱਟੇ ਪਰਚੇ

ਏਜੰਸੀ

ਖ਼ਬਰਾਂ, ਪੰਜਾਬ

ਪੇਗਾਸਸ 'ਤੇ ਹੋਏ ਹੰਗਾਮੇ ਦੌਰਾਨ ਸਾਂਸਦਾਂ ਨੇ ਸਪੀਕਰ ਵਲ ਸੁੱਟੇ ਪਰਚੇ

image


ਰਵਨੀਤ ਬਿੱਟੂ, ਗੁਰਜੀਤ ਔਜਲਾ ਸਣੇ 10 ਸੰਸਦ ਮੈਂਬਰਾਂ ਵਿਰੁਧ ਹੋ ਸਕਦੀ ਹੈ ਕਾਰਵਾਈ

ਨਵੀਂ ਦਿੱਲੀ, 28 ਜੁਲਾਈ : ਪੇਗਾਸਸ ਜਾਸੂਸੀ ਮਾਮਲਾ, ਮਹਿੰਗਾਈ ਅਤੇ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ 'ਤੇ ਸੰਸਦ ਵਿਚ ਵਿਰੋਧੀ ਧਿਰਾਂ ਦਾ ਹੰਗਾਮਾ ਬੁਧਵਾਰ ਨੂੰ  ਵੀ ਜਾਰੀ ਰਿਹਾ | ਲੋਕ ਸਭਾ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਪੀਕਰ 'ਤੇ ਪਰਚੇ ਸੁੱਟੇ ਅਤੇ 'ਖੇਲਾ ਹੋਬੇ' ਦੇ ਨਾਹਰੇ ਲਗਾਏ | ਇਸ ਕਾਰਨ ਪਹਿਲਾਂ ਸਦਨ ਦੀ ਕਾਰਵਾਈ ਦੁਪਹਿਰ 12.30 ਵਜੇ ਅਤੇ ਫਿਰ ਦੁਪਹਿਰ 2 ਵਜੇ ਤਕ ਮੁਲਤਵੀ ਕੀਤੀ ਗਈ | ਜਦੋਂ ਕਾਰਵਾਈ 2 ਵਜੇ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਫਿਰ ਹੰਗਾਮਾ ਸ਼ੁਰੂ ਕਰ ਦਿਤਾ | ਅਜਿਹੀ ਸਥਿਤੀ ਵਿਚ ਕਾਰਵਾਈ ਦੁਪਹਿਰ 3 ਵਜੇ ਅਤੇ ਫਿਰ ਸ਼ਾਮ 4 ਵਜੇ ਤਕ ਮੁਲਤਵੀ ਕਰਨੀ ਪਈ | ਜਦੋਂ ਸ਼ਾਮ 4 ਵਜੇ ਸਦਨ ਸ਼ੁਰੂ ਹੋਣ ਤੋਂ ਬਾਅਦ ਵੀ ਹੰਗਾਮਾ ਨਾ ਰੁਕਿਆ ਤਾਂ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ |
ਦੂਜੇ ਪਾਸੇ, ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸਪੀਕਰ ਵਲ ਪਰਚੇ ਸੁੱਟਣ ਅਤੇ ਗ਼ਲਤ ਵਿਵਹਾਰ ਕਰਨ ਲਈ ਲੋਕ ਸਭਾ ਦੇ 10 ਸੰਸਦ ਮੈਂਬਰਾਂ ਨੂੰ  ਸਦਨ ਤੋਂ ਮੁਅੱਤਲ ਕੀਤਾ ਜਾ ਸਕਦਾ ਹੈ | ਏ.ਐਨ.ਆਈ. ਅਨੁਸਾਰ ਸੰਸਦ ਮੈਂਬਰਾਂ ਗੁਰਜੀਤ ਸਿੰਘ ਔਜਲਾ, ਟੀ.ਐੱਨ. ਪ੍ਰਤਾਪਨ, ਮਨੀਕਾਮ ਟੈਗੋਰ, ਰਵਨੀਤ ਸਿੰਘ ਬਿੱਟੂ, ਹਿਬੀ ਈਡਨ, ਜੋਤੀ ਮਨੀ ਸੇਨਮਲਾਈ, ਸਪਤਾਗੀਰੀ ਸੰਕਰ ਉਲਕਾ, ਵੀ. ਵੈਥਲਿੰਗਮ ਅਤੇ ਏ.ਐੱਮ. ਆਰਿਫ਼ ਨੂੰ  ਮੁਅੱਤਲ ਕੀਤਾ ਜਾ ਸਕਦਾ ਹੈ | 
ਦੂਜੇ ਪਾਸੇ ਰਾਜ ਸਭਾ ਵਿਚ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰਾਂ ਨੇ ਹੰਗਾਮਾ ਸ਼ੁਰੂ ਕਰ ਦਿਤਾ | ਇਸ ਕਾਰਨ ਕਾਰਵਾਈ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ | ਕਾਰਵਾਈ 12 ਵਜੇ ਦੁਬਾਰਾ ਸ਼ੁਰੂ ਹੋਈ, ਪਰ ਹੰਗਾਮਾ ਜਾਰੀ ਰਿਹਾ | ਅਜਿਹੀ ਸਥਿਤੀ ਵਿਚ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤਕ ਮੁਲਤਵੀ ਕਰਨੀ ਪਈ | ਜਦੋਂ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਹੋਈ, ਤਾਂ ਜੁਵੀਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਸੋਧ ਬਿੱਲ-2021 ਨੂੰ  ਸਦਨ ਵਿਚ ਪਾਸ ਕਰ ਦਿਤਾ ਗਿਆ | ਪਰ ਨਿਰੰਤਰ ਹੰਗਾਮੇ ਕਾਰਨ ਵੀਰਵਾਰ ਨੂੰ  ਸਵੇਰੇ 11 ਵਜੇ ਤਕ ਕਾਰਵਾਈ ਮੁਲਤਵੀ ਕਰ ਦਿਤੀ ਗਈ |