ਜਾਸੂਸੀ ਕਾਂਡ 'ਤੇ ਰਾਹੁਲ ਗਾਂਧੀ ਦਾ ਕੇਂਦਰ ਨੂੰ ਕੇਵਲ ਇਕ ਸਵਾਲ
ਜਾਸੂਸੀ ਕਾਂਡ 'ਤੇ ਰਾਹੁਲ ਗਾਂਧੀ ਦਾ ਕੇਂਦਰ ਨੂੰ ਕੇਵਲ ਇਕ ਸਵਾਲ
ਕੀ ਸਰਕਾਰ ਨੇ ਅਪਣੇ ਲੋਕਾਂ ਵਿਰੁਧ ਪੇਗਾਸਸ ਦੀ ਵਰਤੋਂ ਕੀਤੀ ਹੈ ਜਾਂ ਨਹੀ?
ਨਵੀਂ ਦਿੱਲੀ,28 ਜੁਲਾਈ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੰਸਦ ਦੇ ਬਾਹਰ ਪੇਗਾਸਸ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਕੀਤੀ | ਰਾਹੁਲ ਗਾਂਧੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਇਥੇ ਖੜੀਆਂ ਹਨ | ਸਾਡੀ ਆਵਾਜ਼ ਨੂੰ ਸੰਸਦ ਵਿਚ ਦਬਾਇਆ ਜਾ ਰਿਹਾ ਹੈ | ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੇਗਾਸਸ ਦੀ ਵਰਤੋਂ ਭਾਰਤ ਨਾਲ ਦੇਸ਼ ਧ੍ਰੋਹ ਹੈ | ਰਾਹੁਲ ਸਮੇਤ ਵਿਰੋਧੀ ਧਿਰ ਦੇ ਆਗੂਆਂ ਨੇ ਪੈਗਾਸਸ ਮਾਮਲੇ 'ਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮੁਲਤਵੀ ਪ੍ਰਸਤਾਵ ਦਿਤਾ ਹੈ | ਉਨ੍ਹਾਂ ਨੇ ਇਸ ਮੁੱਦੇ 'ਤੇ ਸੰਸਦ ਵਿਚ ਚਰਚਾ ਕਰਾਉਣ ਦੀ ਮੰਗ ਕੀਤੀ |
ਰਾਹੁਲ ਨੇ ਅੱਗੇ ਕਿਹਾ ਕਿ ਦੇਸ਼ 'ਚ ਮੇਰੇ ਖ਼ਿਲਾਫ਼, ਸੁਪਰੀਮ ਕੋਰਟ, ਮੀਡੀਆ ਕਾਮਿਆਂ ਅਤੇ ਹੋਰ ਲੋਕਾਂ ਖ਼ਿਲਾਫ਼ ਪੈਗਾਸਸ ਦੀ ਵਰਤੋਂ ਕਰ ਕੇ ਜਾਸੂਸੀ ਕੀਤੀ ਜਾ ਰਹੀ ਹੈ | ਸਰਕਾਰ ਨੇ ਅਜਿਹਾ ਕਿਉਂ ਕੀਤਾ ਹੈ, ਉਹ ਇਸ ਦਾ ਜਵਾਬ ਦੇਵੇ | ਅਸੀਂ ਸੰਸਦ ਨੂੰ ਚੱਲਣ ਤੋਂ ਨਹੀਂ ਰੋਕ ਰਹੇ ਸਗੋਂ ਅਪਣੀ ਆਵਾਜ਼ ਚੁੱਕ ਰਹੇ ਹਾਂ | ਉਨ੍ਹਾਂ ਕਿਹਾ ਕਿ, 'ਸਾਡਾ ਸਿਰਫ਼ ਇਕ ਸਵਾਲ ਹੈ |
ਕੀ ਭਾਰਤ ਸਰਕਾਰ ਨੇ ਪੇਗਾਸਸ ਨੂੰ ਖ੍ਰੀਦਿਆ ਹੈ ਜਾਂ ਨਹੀ? ਕੀ ਭਾਰਤ ਦੀ ਸਰਕਾਰ ਨੇ ਅਪਣੇ ਲੋਕਾਂ ਵਿਰੁਧ ਪੇਗਾਸਸ ਦੀ ਵਰਤੋਂ ਕੀਤੀ ਹੈ ਜਾਂ ਨਹੀ? ਅਸੀਂ ਸਿਰਫ਼ ਇਹ ਜਾਣਨਾ ਚਾਹੁੰਦੇ ਹਾਂ | ਸਰਕਾਰ ਨੇ ਕਿਹਾ ਹੈ ਕਿ ਸੰਸਦ ਵਿਚ ਪੇਗਾਸਸ 'ਤੇ ਕੋਈ ਗੱਲ ਨਹੀਂ ਹੋਵੇਗੀ | ਅਸੀਂ ਪੇਗਾਸਸ 'ਤੇ ਚਰਚਾ ਤੋਂ ਪਹਿਲਾਂ ਕਿਤੇ ਨਹੀਂ ਜਾਵਾਂਗੇ ' |
ਰਾਹੁਲ ਗਾਂਧੀ ਨੇ ਕਿਹਾ, 'ਸਾਡੇ ਬਾਰੇ ਕਿਹਾ ਜਾਂਦਾ ਹੈ ਕਿ ਅਸੀਂ ਸੰਸਦ ਦੀ ਕਾਰਵਾਈ ਚੱਲਣ ਨਹੀਂ ਦੇ ਰਹੇ | ਤੁਹਾਨੂੰ ਦੱਸਾਂਗੇ ਕਿ ਸਾਡੀ ਸਰਕਾਰ ਕੋਲੋਂ ਕੀ ਮੰਗ ਹੈ? ਜਿਸ ਹਥਿਆਰ ਨੂੰ ਅਤਿਵਾਦੀਆਂ ਅਤੇ ਦੇਸ਼ ਧ੍ਰੋਹੀਆਂ ਵਿਰੁਧ ਵਰਤਿਆ ਜਾਣਾ ਚਾਹੀਦਾ ਹੈ, ਨਰਿਦਰ ਮੋਦੀ ਜੀ ਨੇ ਉਸ ਦੀ ਵਰਤੋਂ ਭਾਰਤੀ ਸੰਸਥਾਵਾਂ ਅਤੇ ਲੋਕਤੰਤਰ ਵਿਰੁਧ ਕਿਉਂ ਕੀਤੀ?
ਕਾਂਗਰਸ ਆਗੂ ਨੇ ਕਿਹਾ ਕਿ ਅਸੀਂ ਸੰਸਦ ਵਿਚ ਸਿਰਫ਼ ਇਸ ਮੁੱਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ | ਇਹ ਸਾਡੇ ਲਈ ਰਾਸ਼ਟਰਵਾਦ ਦਾ ਮਾਮਲਾ ਹੈ | ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਦੇਸ਼ ਦੀ ਆਤਮਾ ਨੂੰ ਦੁੱਖ ਦਿਤਾ ਹੈ | ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਹਾਂ ਕਿ ਕੀ ਸਰਕਾਰ ਨੇ ਪੇਗਾਸਸ ਦੀ ਵਰਤੋਂ ਕੀਤੀ ਹੈ ਜੇ ਹਾਂ ਤਾਂ ਕਿਸ-ਕਿਸ ਉੱਤੇ ਕੀਤੀ?
ਵਿਰੋਧੀ ਧਿਰਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ ਨੇ ਕਿਹਾ ਕਿ ਸਾਡੀ ਫ਼ੌਜ ਕਿੱਥੇ ਜਾ ਰਹੀ ਹੈ, ਹਥਿਆਰ ਕਿੱਥੇ ਜਾ ਰਹੇ ਹਨ...ਇਹ ਚੀਜ਼ਾਂ ਜੇਕਰ ਸੁਣੀਆਂ ਜਾ ਰਹੀਆਂ ਤਾਂ ਇਹ ਚਿੰਤਾਜਨਕ ਹੈ | ਅਸੀਂ ਇਸ ਬਾਰੇ ਚਰਚਾ ਚਾਹੁੰਦੇ ਹਾਂ |
ਇਸ ਤੋਂ ਇਲਾਵਾ ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ | ਅਸੀਂ ਵੀ ਭਾਜਪਾ ਨਾਲ ਕੰਮ ਕੀਤਾ ਹੈ | ਕਿੰਨੀ ਵਾਰ ਅਸੀਂ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਚੁੱਕਿਆ ਹੈ | ਜੇਕਰ ਸਰਕਾਰ ਰਾਸ਼ਟਰੀ ਸੁਰੱਖਿਆ ਦੇ ਮੁੱਦੇ 'ਤੇ ਗੱਲ ਨਹੀਂ ਕਰਨਾ ਚਾਹੁੰਦੀ ਤਾਂ ਫਿਰ ਕਿਸ ਚੀਜ਼ 'ਤੇ ਗੱਲ ਹੋਵੇਗੀ | (ਏਜੰਸੀ)