ਪਿਓ ਨੂੰ ਹੋਇਆ ਅਧਰੰਗ, ਧੀ ਡੇਢ ਸਾਲ ਰਹੀ ਕੋਮਾ 'ਚ, ਇਲਾਜ ਵਿਚ ਵਿਕ ਗਿਆ ਘਰ
ਜਿਉਣ ਦੀ ਚਾਹਤ 'ਚ ਮੁਸਕਾਨ ਨੇ ਕਿਵੇਂ ਦਿੱਤੀ ਮੌਤ ਨੂੰ ਮਾਤ?
ਬਰਨਾਲਾ ( ਲਖਵੀਰ ਚੀਮਾ) ਬਰਨਾਲਾ ਦੇ ਕਸਬਾ ਧਨੌਲਾ ਦੀ 19 ਸਾਲਾ ਮੁਸਕਾਨ ਦਾ ਸੁਪਨਾ ਡਾਕਟਰ ਬਣਨਾ ਹੈ, ਤਾਂ ਜੋ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰ ਸਕੇ ਪਰ ਉਸ ਦੇ ਹਾਲਾਤ ਸਾਥ ਨਹੀਂ ਦੇ ਰਹੇ। ਮੁਸਕਾਨ ਲਗਭਗ ਡੇਢ ਸਾਲ ਕੋਮਾ 'ਚ ਰਹੀ ਅਤੇ ਮੌਤ ਨੂੰ ਹਰਾਉਣ ਮਗਰੋਂ ਵਾਪਸ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।
ਕੁਝ ਸਾਲ ਪਹਿਲਾਂ ਮੁਸਕਾਨ ਦੇ ਪਿਤਾ ਫਲ-ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਅਧਰੰਗ ਹੋ ਗਿਆ, ਜਿਸ ਕਾਰਨ ਉਹ ਮੰਜੇ 'ਤੇ ਪੈ ਗਏ। ਪਿਓ ਦੀ ਹਾਲਤ ਤੇ ਘਰ ਦੀ ਗਰੀਬੀ ਕਰਕੇ ਮੁਸਕਾਨ ਵੀ ਸਦਮੇ 'ਚ ਬੀਮਾਰ ਹੋ ਗਈ। ਡੇਢ ਸਾਲ ਤੱਕ ਕੋਮਾ 'ਚ ਰਹਿਣ ਦੌਰਾਨ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ।
ਮੁਸਕਾਨ ਦਾ ਭਾਰ 58 ਕਿੱਲੋ ਤੋਂ ਘੱਟ ਕੇ ਸਿਰਫ਼ 10 ਕਿੱਲੋ ਰਹਿ ਗਿਆ ਸੀ। ਪੂਰੇ ਸਰੀਰ 'ਤੇ ਡੂੰਘੇ ਜ਼ਖ਼ਮ ਅਤੇ ਸਿਰ ਦੇ ਵਾਲ ਤਕ ਝੜ ਗਏ ਸਨ ਪਰ ਉਸ ਨੇ ਜਿਉਣ ਦੀ ਚਾਹਤ ਨਾ ਛੱਡੀ ਅਤੇ ਮੌਤ ਨੂੰ ਮਾਤ ਦੇਣ ਤੋਂ ਬਾਅਦ ਹੁਣ ਮੁਸਕਾਨ ਕੁੱਝ ਠੀਕ ਹੈ।
ਮੁਸਕਾਨ ਜ਼ਮੀਨ ਉੱਤੇ ਘਿਸੜ-ਘਿਸੜ ਕੇ ਚੱਲਦੀ ਹੈ ਅਤੇ ਵ੍ਹੀਲ ਚੇਅਰ 'ਤੇ ਜ਼ਿੰਦਗੀ ਕੱਟ ਰਹੀ ਹੈ। ਪਿਓ-ਧੀ ਦੇ ਇਲਾਜ 'ਚ ਘਰ ਵਿਕ ਗਿਆ। ਹੁਣ ਹਿੰਮਤ ਜੁਟਾ ਮੁਸਕਾਨ ਦੁਬਾਰਾ ਮੈਡੀਕਲ ਦੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੀ ਹੈ। ਜ਼ਿਆਦਾਤਰ ਸਮਾਂ ਮੁਸਕਾਨ ਦਾ ਮੈਡੀਕਲ ਦੀਆਂ ਕਿਤਾਬਾਂ ਪੜ੍ਹਨ ਵਿੱਚ ਗੁਜਰ ਰਿਹਾ ਹੈ।
ਮੁਸਕਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦੇ ਇਲਾਜ ਲਈ ਕੋਈ ਕਸਰ ਨਹੀਂ ਛੱਡੀ। ਸਾਰੀ ਜਮਾਂ ਪੂੰਜੀ ਅਤੇ ਘਰ ਤੱਕ ਵੇਚ ਦਿੱਤਾ। ਉਹ ਖੁਦ ਵੀ ਅਧਰੰਗ ਕਾਰਨ ਕੋਈ ਮਿਹਨਤ-ਮਜ਼ਦੂਰੀ ਵਾਲਾ ਕੰਮ ਨਹੀਂ ਕਰ ਸਕਦੇ। ਪਿੰਡ ਵਾਸੀਆਂ ਨੇ ਵੀ ਗੱਲ ਕਰਦਿਆਂ ਦੱਸਿਆ ਕਿ ਇਸ ਪਰਿਵਾਰ ਦਾ ਬੀਮਾਰੀ ਦੇ ਚੱਲਦੇ ਘਰ ਵਾਰ ਕੰਮ ਧੰਦਾ ਸਭ ਵਿਕ ਚੁੱਕਿਆ ਹੈ। ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਹੀ ਤਰਸਯੋਗ ਹਨ।
ਬਰਨਾਲਾ ਦੇ ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਮੁਸਕਾਨ ਦੇ ਪਰਿਵਾਰ ਦੇ ਹਾਲਾਤ ਜਾਨਣ ਦੇ ਬਾਅਦ ਕਿਹਾ ਕਿ ਉਸਦੇ ਪਰਵਾਰ ਦੇ ਹਾਲਾਤ ਕਾਫ਼ੀ ਤਰਸਯੋਗ ਹਨ। ਪ੍ਰਸ਼ਾਸਨ ਦੇ ਵੱਲੋਂ ਹਰ ਤਰੀਕੇ ਦੀ ਮਦਦ ਇਸ ਪਰਵਾਰ ਨੂੰ ਦਿੱਤੀ ਜਾਵੇਗੀ। ਉਥੇ ਮੁਸਕਾਨ ਦੇ ਹੌਂਸਲੇ ਨੂੰ ਸਲਾਮ ਕਰਦੇ ਐਸਡੀਐਮ ਬਰਨਾਲਾ ਨੇ ਕਿਹਾ ਕਿ ਮੁਸਕਾਨ ਦੇ ਹਿੰਮਤ ਅਤੇ ਹੌਸਲੇ ਦੀ ਦਾਦ ਦੇਣੀ ਚਾਹੀਦੀ ਹੈ ਕਿ ਉਹ ਇੰਨੀ ਖਤਰਨਾਕ ਬੀਮਾਰੀ ਦੇ ਬਾਅਦ ਅੱਜ ਮੁੜ ਇੱਕ ਵਾਰ ਫਿਰ ਜਿੰਦਗੀ ਜਿਉਣ ਦਾ ਹੌਂਸਲਾ ਕਰ ਰਹੀ ਹੈ ਅਤੇ ਆਪਣੇ ਪੈਰਾਂ ਉੱਤੇ ਖੜੇ ਹੋਕੇ ਡਾਕਟਰ ਬਨਣਾ ਚਾਹੁੰਦੀ ਹੈ ਅਤੇ ਲੋਕਾਂ ਦੀ ਫਰੀ ਸੇਵਾ ਕਰਨਣ ਦੀ ਭਾਵਨਾ ਰੱਖਦੀ ਹੈ, ਜੋ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ।