ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 31 ਜੁਲਾਈ ਨੂੰ ਰੇਲ ਰੋਕੋ ਅੰਦੋਲਨ ਦਾ ਸੱਦਾ 

ਏਜੰਸੀ

ਖ਼ਬਰਾਂ, ਪੰਜਾਬ

ਜਾਮ ਕੀਤੇ ਜਾਣਗੇ 12 ਮੁੱਖ ਰੇਲ ਮਾਰਗ  

Call for train stop movement on July 31 by Kisan Mazdoor organization

ਫਿਰੋਜ਼ਪੁਰ (ਮਲਕੀਅਤ ਸਿੰਘ) : ਕਿਸਾਨ ਮਜ਼ਦੂਰ ਜਥੇਬੰਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿ ਕਿਸਾਨਾਂ ਦੀ ਆਮਦਨ ਵਧ ਰਹੀ ਹੈ ਦੀ ਸਖ਼ਤ ਨਿਖੇਧੀ ਕਰਦਿਆਂ 23 ਫ਼ਸਲਾਂ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਤੇ 31 ਜੁਲਾਈ ਨੂੰ ਰੇਲ ਰੋਕੋ ਅੰਦੋਲਨ ਵਿਚ 12 ਮੁੱਖ ਰੇਲ ਮਾਰਗ ਜਾਮ ਕਰਨਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜ: ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਜੁਮਲੇ ਕਹਿਣ ਲਈ ਮਸ਼ਹੂਰ ਹੋ ਚੁੱਕੇ ਹਨ ਨੇ ਬਿਆਨ ਦਿੱਤਾ ਹੈ ਕਿ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧ ਰਹੀ ਹੈ। ਜੋ ਠੋਸ ਹਕੀਕਤਾਂ ਤੇ ਸਫ਼ਾਈ ਤੋਂ ਕੋਹਾਂ ਦੂਰ ਹੈ।

ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਕਿਸਾਨਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਦੇ ਬਰਾਬਰ ਸਮਝਦਿਆ ਸਖ਼ਤ ਨਿਖੇਧੀ ਕੀਤੀ ਹੈ ਤੇ 23 ਫਸਲਾਂ ਦੀ ਖ਼ਰੀਦ ਦਾ ਗਾਰੰਟੀ ਕਾਨੂੰਨ ਤੇ ਲਾਗਤ ਖਰਚਿਆਂ ਨੂੰ 2c ਧਾਰਾ ਮੁਤਾਬਕ ਗਿਣ ਕੇ ਲਾਹੇਵੰਦ ਭਾਅ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ ਵਿੱਚ ਹਰ ਰੋਜ਼ 46 ਕਿਸਾਨ ਮਜ਼ਦੂਰ  ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਦੇਸ਼ ਦੇ ਕਿਸਾਨਾਂ ਦੀ ਪ੍ਰਤੀ ਜੀਅ ਆਮਦਨ 27 ਰੁਪਏ ਰੋਜ਼ ਦੀ ਹੈ। ਦੇਸ਼ ਵਿੱਚ ਕਿਸਾਨ ਪੱਖੀ ਖੇਤੀ ਨੀਤੀ ਨਾ ਹੋਣ ਕਰਕੇ ਖੇਤੀ ਸੰਕਟ ਗੰਭੀਰ ਰੂਪ  ਧਾਰ ਚੁੱਕਾ ਹੈ, ਹਾਕਮਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨਾਲ ਦੇਸ਼ ਦੇ 71 ਕਰੋੜ ਲੋਕਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕਰਨ ਦੀ ਤਿਆਰੀ ਹੋ ਚੁੱਕੀ ਹੈ।

ਇਸ ਸੰਕਟ ਦਾ ਹੱਲ ਤਿੱਖੇ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ 31 ਜੁਲਾਈ ਨੂੰ ਦੇਸ਼ ਵਿਆਪੀ ਅੰਦੋਲਨ ਤਹਿਤ ਜਥੇਬੰਦੀ ਵੱਲੋਂ ਪੰਜਾਬ ਭਰ ਵਿਚ 12 ਥਾਂਵਾਂ ਉੱਤੇ ਮੁੱਖ ਰੇਲ ਮਾਰਗ ਜਾਮ ਕੀਤੇ ਜਾਣਗੇ ਜਿਵੇਂ ਅੰਮ੍ਰਿਤਸਰ (ਵੱਲਾ), ਫਿਰੋਜ਼ਪੁਰ (ਮੱਖੂ, ਮੱਲਾਂਵਾਲਾ,ਬਸਤੀ ਟੈਂਕਾਂ ਵਾਲੀ, ਤਲਵੰਡੀ ਭਾਈ, ਗੁਰੂ ਹਰਸਹਾਏ), ਮੋਗਾ, ਫ਼ਾਜ਼ਿਲਕਾ, ਮਾਨਸਾ, ਤਰਨਤਾਰਨ( ਗੋਹਲਵਾੜ, ਖਡੂਰ ਸਾਹਿਬ,ਘਰਿਆਲਾ) ਆਦਿ ਉੱਤੇ ਹਜ਼ਾਰਾਂ ਕਿਸਾਨ ਮਜ਼ਦੂਰ  ਪਹੁੰਚਣਗੇ ਤੇ ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ ਨੂੰ ਸ਼ਹੀਦੀ ਦਿਨ ਉੱਤੇ ਸਿਜਦਾ ਕਰਨਗੇ ਤੇ ਉਨ੍ਹਾਂ ਦੀ ਧਰਮਾਂ,ਜਾਤਾਂ, ਕੱਟੜਤਾ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਭਲੇ ਲਈ ਰਾਜ ਲਿਆਉਣ ਦੀ ਵਿਚਾਰਧਾਰਾ ਉੱਤੇ ਚੱਲਣ ਦਾ ਪ੍ਰਣ ਕੀਤਾ।