ਦਰਿਆਈ ਪਾਣੀ, ਸੰਘੀ ਢਾਂਚੇ ਅਤੇ ਵਾਤਾਵਰਣ ਦੇ ਮੁੱਦੇ 'ਤੇ ਕਿਸਾਨ ਕਰਨਗੇ 5 ਅਗੱਸਤ ਨੂੰ ਸੂਬਾ ਪਧਰੀ ਰੈਲੀ : ਰਾਜੇਵਾਲ
ਦਰਿਆਈ ਪਾਣੀ, ਸੰਘੀ ਢਾਂਚੇ ਅਤੇ ਵਾਤਾਵਰਣ ਦੇ ਮੁੱਦੇ 'ਤੇ ਕਿਸਾਨ ਕਰਨਗੇ 5 ਅਗੱਸਤ ਨੂੰ ਸੂਬਾ ਪਧਰੀ ਰੈਲੀ : ਰਾਜੇਵਾਲ
ਪੰਜ ਕਿਸਾਨ ਜਥੇਬੰਦੀਆਂ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਵਿਚ ਕੀਤਾ ਐਲਾਨ
ਚੰਡੀਗੜ੍ਹ, 28 ਜੁਲਾਈ (ਭੁੱਲਰ) : ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਲ ਇੰਡੀਆ ਕਿਸਾਨ ਫ਼ੈਡਰੇਸ਼ਨ, ਭਾਰਤੀ ਕਿਸਾਨ ਯੂਨੀਅਨ (ਮਾਨਸਾ) ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ 5 ਅਗੱਸਤ ਮੋਹਾਲੀ ਵਿਖੇ ਪੰਜਾਬ ਦੇ ਭਖਦੇ ਮਸਲਿਆਂ ਜਿਵੇਂ ਕਿ ਪਾਣੀ ਦਾ ਸੰਕਟ, ਪ੍ਰਦੂਸ਼ਿਤ ਵਾਤਾਵਰਣ ਅਤੇ ਪੰਜਾਬ ਦੇ ਸੰਘੀ ਢਾਂਚੇ ਨੂੰ ਗੰਭੀਰ ਖ਼ਤਰਾ ਆਦਿ ਉਤੇ ਵਿਸ਼ਾਲ ਰੈਲੀ ਕਰਨਗੀਆਂ |
ਬਲਬੀਰ ਸਿੰਘ ਰਾਜੇਵਾਲ, ਕੰਵਲਪ੍ਰੀਤ ਸਿੰਘ ਪੰਨੂ, ਪ੍ਰੇਮ ਸਿੰਘ ਭੰਗੂ, ਬੋਘ ਸਿੰਘ ਮਾਨਸਾ ਅਤੇ ਹਰਜਿੰਦਰ ਸਿੰਘ ਟਾਂਡਾ, ਆਪੋ ਅਪਣੀਆਂ ਉਪਰੋਕਤ ਜਥੇਬੰਦੀਆਂ ਦੇ ਪ੍ਰਧਾਨਾਂ ਨੇ ਇਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਆਉਣ ਵਾਲੇ ਸਮੇਂ ਵਿਚ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨ ਜਾ ਰਿਹਾ ਹੈ ਕਿਉਂਕਿ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਖ਼ਤਮ ਹੋ ਰਿਹਾ ਹੈ ਅਤੇ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਕਾਰਨ ਨਹਿਰੀ ਪਾਣੀ ਅਜਾਈਾ ਜਾ ਰਿਹਾ ਹੈ |
ਰਾਜੇਵਾਲ ਤੇ ਹੋਰ ਆਗੂਆਂ ਉਪਰ ਬੀ.ਕੇ. ਯੂ. ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਲੋਂ ਲਾਏ ਦੋਸ਼ਾਂ ਨੂੰ ਰਾਜੇਵਾਲ ਨੇ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਕਿਸੇ ਚਿੱਠੀ ਉਪਰ ਦਸਤਖ਼ਤ ਨਹੀਂ | ਉਨ੍ਹਾਂ ਕਿਹਾ ਕਿ ਡੱਲੇਵਾਲ ਕਿਸ ਦੇ ਇਸ਼ਾਰੇ 'ਤੇ ਬੋਲ ਰਿਹਾ ਹੈ, ਉਹ ਸੱਭ ਨੂੰ ਪਤਾ ਹੈ ਅਤੇ ਇਸ ਦਾ ਮਕਸਦ ਕਿਸਾਨ ਜਥੇਬੰਦੀਆਂ ਨੂੰ ਮੁੜ ਇਕੱਠਾ ਹੋਣ ਤੋਂ ਰੋਕਣ ਦੀ ਕੋਸ਼ਿਸ਼ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਛੇਤੀ ਹੀ ਸੱਭ ਜਥੇਬੰਦੀਆਂ ਮੁੜ ਇਕੱਠਿਆਂ ਹੋ ਸਕਦੀਆਂ ਹਨ | ਉਨ੍ਹਾਂ 31 ਮਾਰਚ ਦੇ ਰੇਲ ਰੋਕੋ ਬਾਰੇ ਕਿਹਾ ਕਿ ਅਸੀ ਨਾ ਹਮਾਇਤ ਕੀਤੀ ਹੈ ਅਤੇ ਨਾ ਵਿਰੋਧ ਕਰਾਂਗੇ |
ਕਿਸਾਨਾਂ ਦੀ ਮਰਜ਼ੀ ਤੇ ਫ਼ੈਸਲਾ ਛੱਡਿਆ ਹੈ |