ਕੁਲਦੀਪ ਸਿੰਘ ਧਾਲੀਵਾਲ ਨੇ ਭਗਤੂਪੁਰਾ ਜ਼ਮੀਨ ਘਪਲੇ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

ਏਜੰਸੀ

ਖ਼ਬਰਾਂ, ਪੰਜਾਬ

ਕੁਲਦੀਪ ਸਿੰਘ ਧਾਲੀਵਾਲ ਨੇ ਭਗਤੂਪੁਰਾ ਜ਼ਮੀਨ ਘਪਲੇ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

image

ਚੰਡੀਗੜ੍ਹ, 28 ਜੁਲਾਈ (ਸਸਸ) : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਸ਼ਾਮ ਨੂੰ  ਅੰਮਿ੍ਤਸਰ ਦੇ ਪਿੰਡ ਭਗਤੂਪੁਰਾ ਜ਼ਮੀਨ ਘੁਟਾਲੇ ਦੀ ਜਾਂਚ ਟੀਮ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ  ਸੌਂਪੀ ਦਿਤੀ ਹੈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਦਸਿਆ ਕਿ ਪੰਚਾਇਤ ਵਿਭਾਗ ਨੇ 20 ਮਈ ਨੂੰ  ਤਿੰਨ ਮੈਂਬਰੀ ਜਾਂਚ ਟੀਮ ਬਣਾਈ ਸੀ | ਇਸ ਟੀਮ ਵਲੋਂ  ਜਾਂਚ  ਪੂਰੀ ਕਰ ਲਈ ਗਈ ਹੈ ਜਿਸ ਦੀ ਰਿਪੋਰਟ ਅਗਲੇਰੀ ਕਾਰਵਾਈ ਹਿਤ ਮੁੱਖ ਮੰਤਰੀ ਨੂੰ  ਸੌਂਪ ਦਿਤੀ ਹੈ |
ਕੁਲਦੀਪ ਸਿੰਘ ਧਾਲੀਵਾਲ ਨੇ ਦਸਿਆ ਕਿ ਅੰਮਿ੍ਤਸਰ ਦੇ ਪਿੰਡ ਭਗਤੂਪੁਰਾ ਦੀ ਪੰਚਾਇਤ ਵਲੋਂ ਅਲਫ਼ਾ ਇੰਟਰਨੈਸ਼ਨਲ ਸਿਟੀ ਨੂੰ  ਅਪਣੀ ਜ਼ਮੀਨ ਵੇਚੀ ਗਈ ਸੀ | ਸਰਕਾਰ ਬਣਦਿਆਂ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਸੀ ਕਿ ਇਸ ਜ਼ਮੀਨ ਨੂੰ  ਵੇਚਣ ਲਈ ਕਰੋੜਾਂ ਰੁਪਏ ਦਾ ਚੂਨਾ ਸਰਕਾਰ ਨੂੰ  ਲਾਇਆ ਗਿਆ ਹੈ ਅਤੇ ਹੋਰ ਕਈ ਤਕਨੀਕੀ ਗੜਬੜੀਆਂ ਕੀਤੀਆਂ ਗਈਆ ਹਨ | ਉਨ੍ਹਾਂ ਇਸ ਮਾਮਲੇ ਦੀ ਗੰਭੀਰਤਾ ਨੂੰ  ਦੇਖਦਿਆਂ ਵਿਭਾਗ ਦੇ ਤਿੰਨ ਸੀਨੀਅਰ ਅਫ਼ਸਰਾਂ 'ਤੇ ਆਧਾਰਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਕੇ ਇਸ ਮਾਮਲੇ ਨੁੰ ਨਿਰਪੱਖਤਾ ਨਾਲ ਘੋਖਣ ਲਈ ਕਿਹਾ ਸੀ | ਜਾਂਚ ਟੀਮ ਵਲੋਂ ਇਸ ਮਾਮਲੇ ਨੂੰ  ਬੜੀ ਬਰੀਕੀ ਨਾਲ ਖੋਖ ਕੇ ਰਿਪੋਰਟ ਤਿਆਰ ਕੀਤੀ ਗਈ ਹੈ ਜੋ ਮੁੱਖ ਮੰਤਰੀ ਨੂੰ  ਸੋਂਪੀ ਗਈ ਹੈ |
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਇਕ ਵਾਰ ਫਿਰ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੇ ਪੈਸੇ ਜਾਂ ਸਾਧਨਾ ਦੀ ਲੁੱਟ ਖਸੁੱਟ ਬਿਲਕੁਲ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ |