ਰਾਜਾ ਵੜਿੰਗ ਨੇ ਮੁਹੱਲਾ ਕਲੀਨਿਕਾਂ ਤੇ ਪੰਜਾਬ ਮਾਡਲ ਨੂੰ ਲੈ ਕੇ ਕੀਤਾ ਟਵੀਟ 

ਏਜੰਸੀ

ਖ਼ਬਰਾਂ, ਪੰਜਾਬ

ਸਾਡੀ ਪੰਜਾਬ ਸਰਕਾਰ ਦਾ ਬਣਾਇਆ ਹਾਈਪਰਟੈਂਸ਼ਨ ਮਾਡਲ 3 ਰਾਜ ਅਪਣਾ ਰਹੇ ਹਨ- ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ - ਰਾਜਾ ਵੜਿੰਗ

Raja Warring

 

ਚੰਡੀਗੜ੍ਹ - ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਟਵੀਟ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ, ''ਅਮਰੀਕਾ ਦੀ ਮੁਹੱਲਾ ਕਲੀਨਿਕ 'ਚ ਦਿਲਚਸਪੀ ਦਾ ਤਾਂ ਪਤਾ ਨਹੀਂ ਪਰ ਪਿਛਲੀ ਸਾਡੀ ਪੰਜਾਬ ਸਰਕਾਰ ਦਾ ਬਣਾਇਆ ਹਾਈਪਰਟੈਂਸ਼ਨ ਮਾਡਲ 3 ਰਾਜ ਅਪਣਾ ਰਹੇ ਹਨ- ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ। ਇਹ ਹੈ ਪੰਜਾਬ ਮਾਡਲ। ਉਹਨਾਂ ਕਿਹਾ ਕਿ ਉਮੀਦ ਹੈ ਕਿ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਰਜੀਵਾਲ ਜੀ ਨੋਟ ਕਰਨਗੇ।''

ਦਰਅਸਲ ਹਾਈਪਰਟੈਨਸ਼ਨ ਟ੍ਰੀਟਮੈਂਟ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਪ੍ਰਾਇਮਰੀ ਹੈਲਥਕੇਅਰ ਦੀ ਆਖਰੀ-ਮੀਲ ਡਿਲੀਵਰੀ ਨੂੰ ਸਮਰਥਨ ਦੇਣ ਅਤੇ ਮਜ਼ਬੂਤ ਕਰਨ ਲਈ ਪੰਜਾਬ ਵਿਚ ਵਿਕਸਤ ਅਤੇ ਟੈਸਟ ਕੀਤਾ ਗਿਆ ਇੱਕ ਪਾਇਲਟ ਪ੍ਰੋਜੈਕਟ, ਜਲਦੀ ਹੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਵੱਲੋਂ ਵੀ ਅਪਣਾਇਆ ਜਾਵੇਗਾ। 

ਪੰਜਾਬ ਵਿਚ, ਰਾਜ ਸਰਕਾਰ ਨੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਗਲੋਬਲ ਹੈਲਥ ਐਡਵੋਕੇਸੀ ਇਨਕਿਊਬੇਟਰ (GHAI), ਅਤੇ ਹੋਰ ਸਿਵਲ ਸੁਸਾਇਟੀ ਸੰਸਥਾਵਾਂ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਜੋ ਸੂਬੇ ਵਿਚ ਪ੍ਰਾਇਮਰੀ ਸਿਹਤ ਸਹੂਲਤਾਂ ਵਿੱਚ ਹਾਈਪਰਟੈਨਸ਼ਨ ਦੇ ਇਲਾਜ ਨੂੰ ਮਜ਼ਬੂਤ ਕੀਤਾ ਜਾ ਸਕੇ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਦ ਪੰਜਾਬ ਦੇ ਮਾਡਲ ਨੂੰ ਬਾਕੀ ਸੂਬੇ ਅਪਣਾ ਸਕਦੇ ਹਨ ਤਾਂ ਪੰਜਾਬ 'ਚ ਦੂਜੇ ਮਾਡਲ ਕਿਉਂ ਲਾਗੂ ਹੋਣ। ਵੜਿੰਗ ਵੱਲੋਂ ਮਾਨ ਦੇ ਉਸ ਬਿਆਨ  'ਤੇ ਹਮਲਾ ਬੋਲਿਆ ਗਿਆ ਹੈ ਜਿਸ 'ਚ ਉਹਨਾਂ ਕਿਹਾ ਸੀ ਕਿ ਅਮਰੀਕਾ ਪੰਜਾਬ ਦੇ ਮੁਹੱਲਾ ਕਲੀਨਿਕਾਂ ਦੀ ਨਕਲ ਕਰ ਰਿਹਾ ਹੈ।