ਸੁਖਬੀਰ, ਮਜੀਠੀਆ ਤੇ ਹੋਰਾਂ ਵਿਰੁਧ ਪਰਚਾ ਦਰਜ ਕਰਨ ਲਈ ਪੁਲਿਸ ਨੂੰ ਦਿਤੀ ਅਰਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਨਾਈਟਡ ਸਿੱਖ ਮੂਵਮੈਂਟ ਨੇ ਚੰਡੀਗੜ੍ਹ ਪੁਲਿਸ ਕੋਲ ਇਕ ਸ਼ਿਕਾਇਤ ਦੇ ਕੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ............

Sukhbir Singh Badal

ਚੰਡੀਗੜ੍ਹ : ਯੂਨਾਈਟਡ ਸਿੱਖ ਮੂਵਮੈਂਟ ਨੇ ਚੰਡੀਗੜ੍ਹ ਪੁਲਿਸ ਕੋਲ ਇਕ ਸ਼ਿਕਾਇਤ ਦੇ ਕੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਹੋਰਾਂ ਵਿਰੁਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਸੰਵਿਧਾਨਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਪੈਰਾਂ ਵਿਚ ਰੋਲਣ ਦਾ ਦੋਸ਼ ਲਾਇਆ ਹੈ। ਸ਼ਿਕਾਇਤ ਇਥੇ ਦੇ ਸੈਕਟਰ ਤਿੰਨ ਦੇ ਪੁਲਿਸ ਥਾਣਾ ਵਿਚ ਦਿਤੀ ਗਈ ਹੈ।

ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਮੂਹਰੇ 28 ਅਗੱਸਤ ਨੂੰ ਜਸਟਿਸ ਰਣਜੀਤ ਸਿੰਘ ਰੀਪੋਰਟ ਦੀਆਂ ਕਾਪੀਆਂ ਦੀਆਂ ਬੇਅਦਬੀਆਂ ਕਰਨ ਵਾਲਿਆਂ ਵਿਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਵਿਰਸਾ ਸਿੰਘ ਵਲਟੋਹਾ ਅਤੇ ਐਨ.ਕੇ. ਸ਼ਰਮਾ ਨੂੰ ਪਛਾਣਦੇ ਹਨ। ਸ਼ਿਕਾਇਤ ਵਿਚ ਰੀਪੋਰਟ ਨੂੰ ਵਿਧਾਨ ਸਭਾ ਦੇ ਬਾਹਰ ਖੜੇ ਕੇ ਵੇਖਣ ਦਾ ਡਰਾਮਾ ਕਰਨ ਅਤੇ ਪੈਰਾਂ ਵਿਚ ਸੁੱਟ ਕੇ ਠੁੱਡੇ ਮਾਰਨ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ ਨੇਇਹ ਕਾਰਵਾਈ ਟੀ.ਵੀ. 'ਤੇ ਦੇਖਣ ਅਤੇ ਅਖ਼ਬਾਰਾਂ 'ਚ ਪੜ੍ਹਨ ਦੀ ਜਾਣਕਾਰੀ ਵੀ ਦਿਤੀ ਹੈ।

ਅਕਾਲੀ ਦਲ ਦੇ ਵਿਧਾਇਕਾਂ ਦੀ ਇਸ ਕਾਰਵਾਈ ਨੂੰ ਸੰਵਿਧਾਨਕ ਬੈਂਚ ਦਾ ਅਪਮਾਨ ਕਰਨ ਅਤੇ ਰੀਪੋਰਟ ਦੀ ਬੇਪਤੀ ਕਰਨ ਦਾ ਦੋਸ਼ ਵੀ ਲਾਇਆ ਗਿਆ ਹੈ।
ਸ਼ਿਕਾਇਤ 'ਚ ਲਿਖਿਆ ਹੈ ਕਿ ਰੀਪੋਰਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਦੀ ਜਾਂਚ ਲਿਖੀ ਗਈ ਸੀ। ਸ਼ਿਕਾਇਤਕਰਤਾ ਨੇ ਅਕਾਲੀ ਵਿਧਾਇਕਾਂ ਦੀ ਕਾਰਵਾਈ ਨਾਲ ਧਾਰਮਕ ਭਾਵਨਾਵਾਂ ਠੇਸ ਪੁੱਜਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਇਕ ਸਾਧਾਰਨ ਕਾਗਜ਼ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਤਰਾਂ ਲਿਖੀਆਂ ਹੋਣ, ਸਿੱਖ ਲਈ ਉਹ ਵੀ ਪੂਜਨਯੋਗ ਬਣ ਜਾਂਦਾ ਹੈ।

ਯੂਨਾਈਟਡ ਸਿੱਖ ਮੂਵਮੈਂਟ ਦੇ ਨੇਤਾ ਗੁਰਨਾਮ ਸਿੰਘ ਸਿੱਧੂ, ਡਾ. ਭਗਵਾਨ ਸਿੰਘ, ਹਰਪ੍ਰੀਤ ਸਿੰਘ, ਜਵਾਲ ਸਿੰਘ, ਰਣਜੋਧ ਸਿੰਘ ਅਤੇ ਹਰਜਿੰਦਰ ਸਿੰਘ ਕਾਹਲੋਂ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਵਿਰੁਧ ਸੰਵਿਧਾਨਕ ਕਮਿਸ਼ਨ ਦੀ ਰੀਪੋਰਟ ਦਾ ਜਨਤਕ ਅਪਮਾਨ ਕਰਨ ਤਹਿਤ ਪਰਚਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ।

ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਖ਼ਬਾਰ ਉਪਰ ਲਿਖੇ ਗੁਰੂ ਗ੍ਰੰਥ ਸਾਹਿਬ ਦੇ ਨਾਂਅ 'ਤੇ ਰੱਖ ਕੇ ਪਕੌੜੇ ਵਿਕਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦਾ ਬਗ਼ੈਰ ਪੜ੍ਹੇ ਵਿਰੋਧ ਕੀਤਾ ਹੈ ਪਰ ਪੈਰਾਂ ਵਿਚ ਸੁੱਟ ਕੇ ਬੇਅਦਬੀ ਨਹੀਂ ਕੀਤੀ ਹੈ।