ਧਰਮਸੋਤ ਨੂੰ ਬਰਖ਼ਾਸਤ ਨਾ ਕੀਤਾ ਤਾਂ ਕਾਂਗਰਸ ਨੂੰ ਸੰਸਦ ‘ਚ ਘੇਰਾਂਗਾ : ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

-ਕਾਂਗਰਸ ‘ਤੇ ਭਿ੍ਰਸ਼ਟ ਮੰਤਰੀ ਨੂੰ ਬਚਾਉਣ ਦਾ ਦੋਸ਼, ਜਲੰਧਰ ਤੋਂ ਸੂਬਾ ਪੱਧਰੀ ਮੁਹਿੰਮ ਵਿੱਢਣ ਦਾ ਐਲਾਨ

Bhagwant Mann

ਚੰਡੀਗੜ, 29 ਅਗਸਤ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਲਿਤ ਵਿਦਿਆਰਥੀਆਂ ਦੀ ਵਜੀਫ਼ਾ ਰਾਸ਼ੀ ‘ਚ 64 ਕਰੋੜ ਰੁਪਏ ਦਾ ਘਪਲਾ ਕਰਨ ਦੇ ਮੁੱਖ ਦੋਸ਼ੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਾਧੂ ਸਿੰਘ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਦਹੁਰਾਉਂਦੇ ਹੋਏ ਐਲਾਨ ਕੀਤਾ ਕਿ ਜੇਕਰ ਸੱਤਾਧਾਰੀ ਕਾਂਗਰਸ ਨੇ ਇਸ ਭਿ੍ਰਸ਼ਟ ਅਤੇ ਦਲਿਤ ਵਿਰੋਧੀ ਮੰਤਰੀ ਨੂੰ ਮੰਤਰੀ ਮੰਡਲ ‘ਚੋ ਨਾ ਕੱਢਿਆ ਤਾਂ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਕਾਂਗਰਸ ਸੁਪਰੀਮੋ ਸ਼੍ਰੀਮਤੀ ਸੋਨੀਆਂ ਅਤੇ ਰਾਹੁਲ ਗਾਂਧੀ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਪਵੇਗਾ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਅਤੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ, ‘‘63.91 ਕਰੋੜ ਰੁਪਏ ਦੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਘੁਟਾਲੇ ਬਾਰੇ ਜਿੰਨੇ, ਤੱਥ, ਦਸਤਾਵੇਜੀ ਸਬੂਤ, ਬੇਨਿਯਮੀਆਂ ਅਤੇ ਆਪਹੁਦਰੀਆ ਜਾਂਚ ਰਿਪੋਰਟ ‘ਚ ਦਰਜ ਹਨ, ਉਸ ਹਿਸਾਬ ਨਾਲ ਧਰਮਸੋਤ ਨੂੰ 5 ਮਿੰਨਾਂ ‘ਚ ਹਟਾ ਕੇ ਉਸ ਦੇ ਅਤੇ ਉਸਦੇ ਗੈਂਗ ਵਿਰੁੱਧ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਸੀ। ਪ੍ਰੰਤੂ ਅਮਰਿੰਦਰ ਸਿੰਘ ਸਰਕਾਰ ਉਸ (ਧਰਮਸੋਤ) ਨੂੰ ਗਿਰਫਤਾਰ ਕਰਨ ਦੀ ਥਾਂ ਮੰਤਰੀ ਦੀ ਕੁਰਸੀ ‘ਤੇ ਬਰਕਰਾਰ ਰੱਖਣਾ ਚਾਹੁੰਦੀ ਹੈ।’’

ਭਗਵੰਤ ਮਾਨ ਨੇ ਕਿਹਾ ਕਿ ਜਿਸ ਬੇਸ਼ਰਮੀ ਨਾਲ ਪੰਜਾਬ ਸਰਕਾਰ ਇੱਕ ਭਿ੍ਰਸ਼ਟ ਮੰਤਰੀ ਨੂੰ ਬਚਾ ਰਹੀ ਹੈ, ਉਸ ਤੋਂ ਸ਼ੱਕ ਪੈਦਾ ਹੁੰਦਾ ਹੈ ਦਲਿਤ ਵਿਦਿਆਰਥੀਆਂ ਦੇ ਹੱਕ ਦੀ ਰਾਸ਼ੀ ਮੁੱਖ ਮੰਤਰੀ ਦੇ ਮਹਿਲਾਂ ਤੱਕ ਵੀ ਜਾਂਦੀ ਹੋਵੇਗੀ। ਭਗਵੰਤ ਮਾਨ ਨੇ ਇਸ ਬਹੁਕਰੋੜੀ ਘੁਟਾਲੇ ਦੀ ਕੇਂਦਰ ਵੱਲੋਂ ਸੀ.ਬੀ.ਆਈ. ਜਾਂਚ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜਾਂਚ ਦਾ ਘੇਰਾ ਸਾਲ 2012-13 ਤੱਕ ਵਧਾਇਆ ਜਾਵੇ ਅਤੇ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਹੋਵੇ ਕਿਉਂਕਿ ਅਕਾਲੀ-ਭਾਜਪਾ ਰਾਜ ‘ਚ ਵੀ ਇਸ ਵਜੀਫ਼ਾ ਯੋਜਨਾ ‘ਚ 1200 ਕਰੋੜ ਰੁਪਏ ਤੋਂ ਵੱਧ ਦਾ ਘੋਟਾਲਾ ਹੋਇਆ ਹੈ।

ਭਗਵੰਤ ਮਾਨ ਨੇ 24 ਘੰਟਿਆਂ ਦੀ ਮੋਹਲਤ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇ ਜੇ ਮੰਤਰੀ ਸਾਧੂ ਸਿੰਘ ਨੂੰ ਬਰਖ਼ਾਸਤ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਅਤੇ ਧਰਮਸੋਤ ਵਿਰੁੱਧ ਜਲੰਧਰ ਤੋਂ ਸੂਬਾ ਪੱਧਰੀ ਸੰਘਰਸ਼ ਦੀ ਸ਼ੁਰੂਆਤ ਹੋਵੇਗੀ।