ਤੰਦਰੁਸਤ ਪੰਜਾਬ ਮਿਸ਼ਨ ਤਹਿਤ 'ਸੁਰੱਖਿਅਤ ਪੰਜਾਬ' ਪ੍ਰੋਗਰਾਮ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੰਦਰੁਸਤ ਪੰਜਾਬ ਮਿਸ਼ਨ ਤਹਿਤ 'ਸੁਰੱਖਿਅਤ ਪੰਜਾਬ' ਪ੍ਰੋਗਰਾਮ ਦੀ ਸ਼ੁਰੂਆਤ

image

ਪ੍ਰੋਗਰਾਮ ਦਾ ਉਦੇਸ਼ ਸੂਬੇ ਵਿਚ ਸਮੁੱਚੀ ਸੜਕ ਸੁਰੱਖਿਆ 'ਚ ਸੁਧਾਰ ਲਿਆਉਣਾ

ਚੰਡੀਗੜ੍ਹ, 29 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਵਿਚ ਸੜਕ ਸੁਰੱਖਿਆ ਵਿਚ ਹੋਰ ਸੁਧਾਰ ਲਿਆਉਣ ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਪੁਲਿਸ ਅਤੇ ਸੇਫ਼ (ਸਾਰਿਆਂ ਲਈ ਸੁਰੱਖਿਆ) ਸੁਸਾਇਟੀ ਦੇ ਸਹਿਯੋਗ ਨਾਲ ਸੁਰੱਖਿਅਤ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੰਜਾਬ ਵਿਚ ਵਿਗਿਆਨਕ ਢੰਗ ਨਾਲ ਸਮੁੱਚੀ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਭਾਈਵਾਲਾਂ ਦਰਮਿਆਨ ਰਸਮੀ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਸਮਝੌਤੇ 'ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂ, ਡਾ. ਸ਼ਰਦ ਸਤਿਆ ਚੌਹਾਨ, ਆਈਪੀਐਸ, ਏਡੀਜੀਪੀ (ਟ੍ਰੈਫ਼ਿਕ) ਅਤੇ ਸ਼੍ਰੀ ਅਰਬਾਬ ਅਹਿਮਦ, ਸੇਫ਼ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਲੋਂ ਹਸਤਾਖ਼ਰ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸੜਕ ਹਾਦਸਿਆਂ ਨੂੰ ਘਟਾਉਣ ਲਈ ਟ੍ਰੈਫ਼ਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਦੇ ਖੇਤਰਾਂ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੰਮ ਕਰ ਰਹੇ ਸਾਰੇ ਭਾਈਵਾਲਾਂ ਅਤੇ ਰਾਜ ਤੇ ਕੇਂਦਰ ਦੇ ਵਿਭਾਗਾਂ ਦਰਮਿਆਨ ਵਿਚਾਰ ਵਟਾਂਦਰਾ ਅਤੇ ਤਾਲਮੇਲ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ, ਸੜਕ ਸੁਰੱਖਿਆ ਇਕ ਤਬਦੀਲੀ ਦੇ ਪੜਾਅ ਵਿਚੋਂ ਲੰਘ ਰਹੀ ਹੈ । ਇਹ ਅਨੁਭਵ ਅਧਾਰਤ ਢੰਗ-ਤਰੀਕਿਆਂ ਤੋਂ ਵਧੇਰੇ ਤਰਕਸ਼ੀਲ ਅਤੇ ਵਿਗਿਆਨਕ ਟ੍ਰੈਫ਼ਿਕ ਪ੍ਰਬੰਧਨ ਵਲ ਵੱਧ ਰਹੀ ਹੈ।





ਇਸ ਮੌਕੇ ਸ. ਕਾਹਨ ਸਿੰਘ ਪੰਨੂ ਨੇ ਕਿਹਾ ਕਿ 'ਮੈਂ ਇਸ ਬਿਹਤਰੀਨ ਕਦਮ ਲਈ ਅਤੇ ਇਸ ਤਬਦੀਲੀ ਨੂੰ ਅਪਨਾਉਣਾ ਕੇ ਪੰਜਾਬ ਨੂੰ ਦੇਸ਼ ਭਰ ਵਿਚੋਂ ਸਭ ਤੋਂ ਅੱਗੇ ਚੱਲਣ ਵਾਲਾ ਸੂਬਾ ਬਣਾਉਣ ਲਈ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।'