ਸੁਰੇਸ਼ ਰੈਨਾ ਦੇ ਪਰਿਵਾਰ 'ਤੇ ਹੋਇਆ ਹਮਲਾ, ਫੁੱਫੜ ਦੀ ਹੋਈ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਪਰਿਵਾਰ ਦੇ ਬਾਕੀ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ

Suresh Raina's Uncle Passes Away, Aunt Critical After Attack by Unidentified Assailants in Pathankot

ਚੰਡੀਗੜ੍ਹ - ਪਠਾਨਕੋਟ ਦੇ ਮਾਧੋਪੁਰ ਖੇਤਰ ਦੇ ਥਰਿਆਲ ਪਿੰਡ 'ਚ ਅਣਪਛਾਤੇ ਹਮਲਾਵਰਾਂ ਨੇ ਸੁੱਤੇ ਹੋਏ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਹ ਪਰਿਵਾਰ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਦਾ ਸੀ। ਹਮਲੇ 'ਚ ਸੁਰੇਸ਼ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ ਸੀ, ਜਦੋਂ ਕਿ ਪਰਿਵਾਰ ਦੇ ਬਾਕੀ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਰੈਨਾ ਦੀ ਭੂਆ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।

ਉਹ ਫਿਲਹਾਲ ਹਸਪਤਾਲ 'ਚ ਹੀ ਦਾਖਲ ਹਨ। ਉੱਥੇ ਹੀ ਇਹ ਪਤਾ ਚੱਲਣ ਤੋਂ ਬਾਅਦ ਕਿ ਇਹ ਪਰਿਵਾਰ ਰੈਣਾ ਦਾ ਰਿਸ਼ਤੇਦਾਰ ਹੈ, ਪੁਲਿਸ 'ਤੇ ਜਾਂਚ ਲਈ ਦਬਾਅ ਬਣ ਗਿਆ। ਘਟਨਾ 19 ਅਗਸਤ ਦੀ ਹੈ। ਪੇਸ਼ੇ ਵਜੋਂ ਠੇਕੇਦਾਰ ਅਸ਼ੋਕ ਕੁਮਾਰ ਦਾ ਪੂਰਾ ਪਰਿਵਾਰ ਛੱਤ 'ਤੇ ਸੁੱਤਾ ਹੋਇਆ ਸੀ। ਲੁਟੇਰੇ ਮਕਾਨ ਅੰਦਰ ਵੜੇ ਤੇ ਛੱਤ 'ਤੇ ਸੁੱਤੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਗਹਿਰੀ ਨੀਂਦ ਤੇ ਅਚਾਨਕ ਹਮਲੇ ਨਾਲ ਪਰਿਵਾਰਕ ਮੈਂਬਰ ਆਪਣੇ ਆਪ ਦਾ ਬਚਾਅ ਵੀ ਨਹੀਂ ਕਰ ਸਕੇ।

ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵਾਰ ਕੀਤੇ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਵਾਰਦਾਤ 'ਚ ਸੁਰੇਸ਼ ਰੈਨਾ ਦੇ ਫੁੱਫੜ ਤੇ ਪਰਿਵਾਰ ਦੇ ਮੁਖੀ ਅਸ਼ੋਕ ਕੁਮਾਰ (58) ਦੀ ਮੌਤ ਹੋ ਗਈ ਸੀ ਜਦੋਂ ਕਿ ਹਾਦਸੇ 'ਚ ਉਨ੍ਹਾਂ ਦੀ ਭੂਆ ਤੇ 80 ਸਾਲਾ ਮਾਤਾ ਸਤਯਾ ਦੇਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿਚੋਂ ਸੱਸ ਸਤਯਾ ਦੇਵੀ ਤੇ ਅਪਿਨ ਕੁਮਾਰ ਸਿਹਤਯਾਬ ਹੋ ਕੇ ਘਰ ਪਰਤ ਆਏ ਹਨ।

ਵਾਰਦਾਤ ਤੋਂ ਬਾਅਦ ਪੁਲਿਸ ਤੇ ਫੌਰੈਂਸਿੰਕ ਟੀਮ ਵੀ ਮੌਕੇ 'ਤੇ ਪੁੱਜੀ। ਮਕਾਨ ਦੇ ਹਰ ਕੋਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤੇ ਸਬੂਤ ਇਕੱਠੇ ਕੀਤੇ ਗਏ। ਜਾਂਚ ਵਿਚ ਪਾਇਆ ਗਿਆ ਹੈ ਕਿ ਮ੍ਰਿਤਕ ਅਸ਼ੋਕ ਕੁਮਾਰ ਦੀ ਚੈੱਕ ਬੁੱਕ ਤੇ ਹੋਰ ਕਾਗ਼ਜ਼ਾਤ ਘਰ ਤੋਂ ਕੁਝ ਦੂਰੀ 'ਤੇ ਮਿਲੇ ਹਨ। ਪੁਲਿਸ ਟੀਮ ਨੇ ਹਮਲਾਵਰਾਂ ਦੀ ਪਛਾਣ ਲਈ ਡਾਕ ਸਕੁਐਡ ਦੀ ਮਦਦ ਨਾਲ ਬਾਰੀਕੀ ਨਾਲ ਖੋਜਬੀਣ ਕੀਤੀ ਹੈ, ਪਰ ਫਿਲਹਾਲ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਿਆ ਹੈ।

ਸੁਰੇਸ਼ ਰੈਨਾ ਦੇ ਭਰਾ ਦਿਨੇਸ਼ ਰੈਨਾ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਏਨੇ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤਕ ਪੁਲਿਸ ਹਤਿਆਰਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਦਿਨੇਸ਼ ਨੇ ਕਿਹਾ ਕਿ ਇਸ ਘਟਨਾ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਫੜ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਦਿਨੇਸ਼ ਨੇ ਕਿਹਾ ਕਿ ਪਠਾਨਕੋਟ ਦੇ ਪਿੰਡ ਥਰਿਆਲ ਤੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਵੀ ਉਨ੍ਹਾਂ ਨੂੰ ਮਦਦ ਲਈ ਫੋਨ ਆਇਆ ਹੈ।