ਪੀਐੱਮ ਮੋਦੀ ਨੇ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ ਦਿੱਤੀ ਖੇਡ ਦਿਵਸ ਦੀ ਵਧਾਈ
ਪੀਐਮ ਮੋਦੀ ਨੇ ਮੇਜਰ ਧਿਆਨਚੰਦ ਨੂੰ ਯਾਦ ਕਰਦਿਆਂ ਕਿਹਾ ਕਿ ਹਾਕੀ ਯਟਿੱਕ ਨਾਲ ਉਹਨਾਂ ਦਾ ਜਾਦੂ ਕਦੇ ਨਹੀਂ ਭੁਲਾਇਆ ਜਾ ਸਕਦਾ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਰਾਸ਼ਟਰੀ ਖੇਡ ਦਿਵਸ ਦੀ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਟਵੀਟ ਕੀਤਾ ਹੈ ਕਿ ਅੱਜ ਦਾ ਦਿਨ ਹਰ ਖਿਡਾਰੀ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਦਿਨ ਹੈ, ਜਿਨ੍ਹਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ ਜਿਨ੍ਹਾਂ ਨੇ ਦੇਸ਼ ਨੂੰ ਮਾਣ ਦਿਵਾਇਆ। ਉਹਨਾਂ ਨੇ ਕਿਹਾ ਹੈ ਕਿ ਖਿਡਾਰੀਆਂ ਦੀ ਦੇਸ਼ ਲਈ ਦ੍ਰਿੜਤਾ ਅਤੇ ਤਪੱਸਿਆ ਸਲਾਹੁਣਯੋਗ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੀਐਮ ਮੋਦੀ ਨੇ ਮੇਜਰ ਧਿਆਨਚੰਦ ਨੂੰ ਯਾਦ ਕਰਦਿਆਂ ਕਿਹਾ ਕਿ ਹਾਕੀ ਯਟਿੱਕ ਨਾਲ ਉਹਨਾਂ ਦਾ ਜਾਦੂ ਕਦੇ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਨੇ ਕਿਹਾ ਹੈ ਕਿ ਅੱਜ ਦਾ ਦਿਨ ਸਾਡੇ ਅਥਲੀਟਾਂ ਦੀ ਸਫ਼ਲਤਾ ਲਈ ਸਾਡੇ ਪਰਿਵਾਰ, ਕੋਚਾਂ ਅਤੇ ਸਹਾਇਤਾ ਸਟਾਫ਼ ਦੀ ਸ਼ਲਾਘਾ ਕਰਨ ਦਾ ਦਿਨ ਹੈ।
ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਵਰਿੰਦਰ ਸਹਿਵਾਗ, ਕ੍ਰਿਕਟਰ ਤੋਂ ਸੰਸਦ ਮੈਂਬਰ ਬਣੇ ਗੌਤਮ ਗੰਭੀਰ ਨੇ ਵੀ ਟਵੀਟ ਕਰਕੇ ਮੇਜਰ ਧਿਆਨਚੰਦ ਦੀ ਜਯੰਤੀ 'ਤੇ ਉਨ੍ਹਾਂ ਨੂੰ ਯਾਦ ਕੀਤਾ। ਗੌਤਮ ਗੰਭੀਰ ਨੇ ਮੇਜਰ ਧਿਆਨਚੰਦ ਨੂੰ ਅਸਲ ਭਾਰਤ ਰਤਨ ਕਿਹਾ ਅਤੇ ਸ਼ਰਧਾਂਜਲੀ ਭੇਟ ਕੀਤੀ।
ਦੱਸ ਦਈਏ ਕਿ ਹਾਕੀ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦੀ ਜਯੰਤੀ 'ਤੇ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਮੇਜਰ ਧਿਆਨਚੰਦ ਨੇ ਭਾਰਤੀ ਹਾਕੀ ਦੇ ਸੁਨਹਿਰੀ ਦੌਰ ਵਿਚ ਟੀਮ ਦੀ ਨੁਮਾਇੰਦਗੀ ਕੀਤੀ। ਜਰਮਨ ਤਾਨਾਸ਼ਾਹ ਵੀ ਉਹਨਾਂ ਦੀ ਖੇਡ ਪ੍ਰਤਿਭਾ ਦੇ ਮੁਰੀਦ ਸਨ।