ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗ਼ਾਇਬ ਸਰੂਪਾਂ ਦੀ ਰਿਪੋਰਟ ਤੁਰਤ ਜਨਤਕ ਕਰੇ: ਗਿ. ਕੇਵਲ ਸਿੰਘ
ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ
ਅੰਮ੍ਰਿਤਸਰ: ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਸੰਸਥਾਵਾਂ ਤੇ ਸਖ਼ਸ਼ੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗ਼ਾਇਬ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਈ ਕਾਰਵਾਈ'ਤੇ ਅਪਣੇ ਪ੍ਰਤੀਕਰਮ ਵਿਚ ਕਿਹਾ ਕਿ ਰਿਪੋਰਟ ਜਨਤਕ ਹੋਣ ਤਕ ਇਹ ਅਧੂਰੀ ਕਾਰਵਾਈ ਹੈ।
ਕਿਉਂਕਿ ਇਹ ਜਾਣਨਾ ਜ਼ਰੂਰੀ ਹੈ ਕਿ ਰਿਪੋਰਟ ਮੁਤਾਬਕ ਕਾਰਵਾਈ ਹੋਈ ਹੈ ਜਾਂ ਰਿਪੋਰਟ ਹੀ ਅਹਿਮ ਪਹਿਲੂਆਂ' ਤੇ ਚੁੱਪ ਹੈ। ਜਿਹੜੀ ਰਕਮ ਕੰਵਲਜੀਤ ਨੂੰ ਪਾਈ ਗਈ ਉਸ ਦਾ ਕੀ ਹਿਸਾਬ ਹੈ। ਵੱਡਾ ਸਵਾਲ ਹੈ ਕਿ 328 ਸਰੂਪ ਕਿੱਥੇ ਹਨ ਅਤੇ ਕਿਸ ਹਾਲਤ ਵਿਚ ਹਨ। ਅਗਨ ਭੇਂਟ ਅਤੇ ਨੁਕਸਾਨੇ ਸਰੂਪਾਂ ਦਾ ਵੇਰਵਾ ਕੌਮ ਦੇ ਸਾਹਮਣੇ ਨਹੀਂ ਹੈ।
ਸਹਿ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਕੋਰ ਕਮੇਟੀ ਨੇ ਕਿਹਾ ਕਿ ਪੰਥ ਵਲੋਂ ਵਾਰ-ਵਾਰ ਖ਼ਦਸ਼ਾ ਜਾਹਰ ਕਰਨ ਦੇ ਬਾਵਜੂਦ ਕੇਵਲ ਮੁਲਾਜ਼ਮਾਂ ਨੂੰ ਹੀ ਮੁਲਜ਼ਮ ਠਹਿਰਾਉਣ ਦੀ ਪ੍ਰਕ੍ਰਿਆ ਰਾਹੀਂ ਮਸਲੇ ਨੂੰ ਦਿਸ਼ਾਹੀਣ ਕੀਤਾ ਜਾ ਰਿਹਾ ਹੈ। ਜਦ ਕਿ ਮੌਕੇ ਦੀ ਅੰਤ੍ਰਿਗ ਕਮੇਟੀ ਬਰੀ ਨਹੀ ਹੋ ਸਕਦੀ।
ਮੁੱਖ ਸਕੱਤਰ ਰੂਪ ਸਿੰਘ ਵਾਂਗ ਕਿਸੇ ਦਾ ਨੈਤਿਕਤਾ ਦੇ ਆਧਾਰ' ਤੇ ਅਸਤੀਫ਼ਾ ਤਕ ਨਹੀਂ ਆਇਆ। ਮੁਲਾਜ਼ਮਾਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਵਿਚ ਵੀ ਵੱਖ-ਵੱਖ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾਵਾਂ ਦੇਂਦਿਆਂ ਕੀ ਮਾਪ-ਦੰਡ ਅਪਣਾਇਆ ਹੈ, ਕੁੱਝ ਵੀ ਸਪੱਸ਼ਟ ਨਹੀਂ। ਦੂਸਰਾ ਅਗਲੇਰੀ ਕਾਰਵਾਈ ਲਈ ਕਮੇਟੀ ਤੋਂ ਅੱਗੇ ਸਬ-ਕਮੇਟੀ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਜੋ ਵੀ ਹਾਲਾਤ ਬਣ ਚੁੱਕੇ ਹਨ ਉਸ ਮੁਤਾਬਕ ਦੋਸ਼ੀਆਂ ਵਿਰੁਧ ਸਿੱਧੇ ਪਰਚੇ ਹੋਣੇ ਚਾਹੀਦੇ ਹਨ।
ਇਸ ਦੇ ਨਾਲ ਹੀ ਇਸ ਦੁੱਖਦਾਈ ਘਟਨਾ' ਤੇ ਪਰਦਾ ਪਾਉਣ ਵਾਲਿਆਂ ਦੀ ਸੂਚੀ ਜਾਰੀ ਕੀਤੀ ਜਾਵੇ। ਇਹ ਵੀ ਦਸਿਆ ਜਾਵੇ ਕਿ ਹਿਰਦੇ ਵਲੂੰਧਰੀ ਘਟਨਾ ਤੋਂ ਬਾਅਦ ਕਮੇਟੀ ਨੇ ਕੋਈ ਪਸ਼ਚਾਤਾਪ ਕਿਉਂ ਨਹੀਂ ਕੀਤਾ। ਜੇਕਰ ਕਮੇਟੀ ਨੇ ਇਸ ਸਬੰਧੀ ਕੋਈ ਵੀ ਕਾਰਵਾਈਆਂ ਪਾਈਆਂ ਸਨ ਤਾਂ ਉਨ੍ਹਾਂ ਨੂੰ ਸਾਂਝਾਂ ਕੀਤਾ ਜਾਵੇ ਤਾਂ ਕਿ ਕਮੇਟੀ ਦੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ ਦਾ ਮਿਆਰ ਜੱਗ ਜਾਹਰ ਹੋ ਸਕੇ।
ਇਹ ਮਾਮਲਾ ਉਜਾਗਰ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਵਲੋਂ ਕੋਈ ਪਸ਼ਚਾਤਾਪ ਸਬੰਧੀ ਕੋਈ ਵੀ ਅਮਲ ਨਾ ਹੋਣਾ ਪੰਥਕ ਪੀੜਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗ਼ਾਇਬ ਹੋਣ ਦਾ ਮਸਲਾ ਸਾਹਮਣੇ ਆਉਣ ਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਨੂੰ ਕੁਫ਼ਰ ਐਲਾਨਿਆ ਸੀ। ਕਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਲਰਕੀ ਗ਼ਲਤੀ ਬਿਆਨਿਆ ਸੀ।
ਪੰਥ ਨੂੰ ਸਪੱਸ਼ਟ ਕੀਤਾ ਜਾਵੇ ਕਿ ਕਿਸ ਇਸ਼ਾਰੇ 'ਤੇ ਪੰਥ ਨਾਲ ਇਹ ਖੇਡ ਖੇਡੀ ਗਈ ਹੈ ਜਿਸ ਨੇ ਹਿਰਦਿਆਂ ਨੂੰ ਛਲਣੀ ਕੀਤਾ ਹੈ ਅਤੇ ਸੰਸਾਰ ਵਿਚ ਨਮੋਸ਼ੀ ਝੱਲਣ ਵਲ ਧੱਕਿਆ ਹੈ। ਪੰਥਕ ਤਾਲਮੇਲ ਸੰਗਠਨ ਮਹਿਸੂਸ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਸਲਾ ਕੌਮ ਨਾਲ ਸਬੰਧਤ ਹੈ ਜਿਸ ਲਈ ਪੰਥ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰਨਾ ਅੱਗ ਨਾਲ ਖੇਡਣ ਦੇ ਤੁੱਲ ਹੈ।