ਪੱਤਰ ਦਾ ਗ਼ਲਤ ਅਰਥ ਕਢਿਆ ਗਿਆ, ਸੋਨੀਆ ਤੇ ਰਾਹੁਲ ਦੀ ਅਗਵਾਈ 'ਤੇ ਪੂਰਾ ਭਰੋਸਾ : ਪ੍ਰਸਾਦ
ਪੱਤਰ ਦਾ ਗ਼ਲਤ ਅਰਥ ਕਢਿਆ ਗਿਆ, ਸੋਨੀਆ ਤੇ ਰਾਹੁਲ ਦੀ ਅਗਵਾਈ 'ਤੇ ਪੂਰਾ ਭਰੋਸਾ : ਪ੍ਰਸਾਦ
ਨਵੀਂ ਦਿੱਲੀ, 29 ਅਗੱਸਤ : ਕਾਂਗਰਸ 'ਚ ਸੰਗਠਨਾਤਮਕ ਤਬਦੀਲੀ ਅਤੇ ਇਕ ਪੂਰੇ ਸਮੇਂ ਦੇ ਪ੍ਰਧਾਨ ਦੀ ਮੰਗ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ 23 ਨੇਤਾਵਾਂ 'ਚ ਸ਼ਾਮਲ ਜਿਤਿਨ ਪ੍ਰਸਾਦ ਨੇ ਸਨਿਚਰਵਾਰ ਨੂੰ ਕਿਹਾ ਕਿ ਪੱਤਰ ਦਾ ਗ਼ਲਤ ਅਰਥ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਪਾਰਟੀ ਦੀ ਸਿਖਰਲੀ ਅਗਵਾਈ 'ਚ ਪੂਰਾ ਵਿਸ਼ਵਾਸ ਹੈ। ਪ੍ਰਸਾਦ ਨੇ ਕਿਹਾ ਕਿ ਪੱਤਰ ਕਦੇ ਲੀਡਰਸ਼ਿਪ ਬਦਲਣ ਦੇ ਇਰਾਦੇ ਨਾਲ ਨਹੀਂ ਲਿਖਿਆ ਗਿਆ ਸੀ।
image
ਪੱਤਰ 'ਤੇ ਹਸਤਾਖ਼ਰ ਕਰਨ ਦੇ ਕਾਰਨ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਪੱਤਰ ਪਾਰਟੀ ਨੂੰ ਮੁੜ ਬਣਾਉਣ ਅਤੇ ਮਜ਼ਬੂਤ ਕਰਨ ਅਤੇ ਸੰਸਥਾ ਨੂੰ ਪ੍ਰੇਰਿਤ ਕਰਨ ਲਈ ਸਵੈ-ਜਾਂਚ ਕਰਨ ਦੇ ਸੁਝਾਅ ਦੇਣ ਲਈ ਲਿਖਿਆ ਗਿਆ ਸੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿਤਾ, ''“ਇਸ ਪੱਤਰ ਦਾ ਉਦੇਸ਼ ਲੀਡਰਸ਼ਿਪ ਨੂੰ ਘੱਟ ਦਿਖਾਉਣਾ ਨਹੀਂ ਸੀ। ਮੈਂ ਇਹ ਗੱਲ ਕਾਂਗਰਸ ਕਾਰਜ ਕਮੇਟੀ ਦੀ ਮੀਟਿੰਗ 'ਚ ਵੀ ਕਹੀ ਸੀ।'' ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, “ਪੱਤਰ ਦਾ ਗ਼ਲਤ ਅਰਥ ਕੱਢਿਆ ਗਿਆ ਹੈ।'
'
ਪੱਤਰ ਰਾਹੀਂ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਨਾਲ ਜੁੜੇ ਦੋਸ਼ਾਂ ਬਾਰੇ ਪ੍ਰਸਾਦ ਨੇ ਕਿਹਾ, “''ਮੈਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ 'ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ ਮੇਰੇ 'ਤੇ ਪੂਰਾ ਭਰੋਸਾ ਹੈ।'' ਉਨ੍ਹਾਂ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੀ ਕਾਂਗਰਸ ਕਮੇਟੀ ਨੇ ਪਿਛਲੇ ਦਿਨੀਂ ਮਤਾ ਪਾਸ ਕਰ ਕੇ ਪੱਤਰ ਨਾਲ ਜੁੜੇ ਵਿਵਾਦ ਦੇ ਸਬੰਧ 'ਚ ਉਸ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਪ੍ਰਸਾਦ ਨੇ ਕਿਹਾ ਕਿ ਸਥਾਨਕ ਪੱਧਰ 'ਤੇ ਵਿਰੋਧੀ ਗਰੁੱਪਾਂ ਵਲੋਂ ਭੜਕਾਏ ਜਾਣ 'ਤੇ ਅਜਿਹੇ ਪ੍ਰਸਤਾਵ ਨੂੰ ਪਾਸ ਕੀਤਾ ਗਿਆ ਹੋਵੇਗਾ। (ਪੀਟੀਆਈ)