ਗੁਰਦਵਾਰਾ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਜਥੇ ਨੂੰ ਟਰੱਕ ਨੇ ਮਾਰੀ ਟੱਕਰ, 8 ਮੌਤਾਂ ਤੇ 37 ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਗੁਰਦਵਾਰਾ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਜਥੇ ਨੂੰ ਟਰੱਕ ਨੇ ਮਾਰੀ ਟੱਕਰ, 8 ਮੌਤਾਂ ਤੇ 37 ਜ਼ਖ਼ਮੀ

image

 

ਬਰੇਲੀ, 28 ਅਗੱਸਤ : ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਭਿਆਨਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ | ਇਥੇ ਜ਼ਿਲ੍ਹੇ ਦੇ ਬਹੇੜੀ ਕੋਤਵਾਲੀ ਖੇਤਰ 'ਚ ਇਕ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ  ਲੈ ਕੇ ਜਾ ਰਹੀ ਟਰੈਕਟਰ-ਟਰਾਲੀ ਨੂੰ  ਪਿਛਿਉਂ ਟੱਕਰ ਮਾਰ ਦਿਤੀ | ਹਾਦਸੇ 'ਚ 2 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ, ਜਦਕਿ 37 ਤੋਂ ਵਧ ਲੋਕ ਜ਼ਖ਼ਮੀ ਹੋ ਗਏ | ਜ਼ਖ਼ਮੀਆਂ 'ਚੋਂ 3 ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ |  ਪੁਲਿਸ ਮੁਤਾਬਕ ਉੱਤਰਾਖੰਡ ਦੇ ਪੁਲਭੱਟਾ ਥਾਣਾ ਖੇਤਰ ਦੇ ਸ਼ਕਤੀ ਫਾਰਮ ਤੋਂ 40 ਤੋਂ 45 ਸ਼ਰਧਾਲੂਆਂ ਦਾ ਜੱਥਾ ਟਰਾਲੀ ਤੋਂ ਬਰੇਲੀ ਜ਼ਿਲ੍ਹੇ ਦੇ ਬਹੇੜੀ ਕੋਤਵਾਲੀ ਖੇਤਰ 'ਚ ਉੱਤਮ ਨਗਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਜਾ ਰਹੇ ਸਨ | ਉਨ੍ਹਾਂ ਦਸਿਆ ਕਿ ਸਿਰਸਾ ਚੌਕੀ ਨੇੜੇ ਯੂ-ਟਰਨ ਲੈਂਦੇ ਸਮੇਂ ਪੁਲਭੱਟਾ ਵਲੋਂ ਆ ਰਹੇ ਟਰੱਕ ਨੇ ਟਰੈਕਟਰ-ਟਰਾਲੀ ਨੂੰ  ਪਿਛਿਉਂ ਟੱਕਰ ਮਾਰ ਦਿਤੀ | ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ-ਟਰਾਲੀ ਦੇ ਪਰਖ਼ਚੇ ਉੱਡ ਗਏ |
ਪੁਲਿਸ ਨੇ ਦਸਿਆ ਕਿ ਜ਼ਖ਼ਮੀਆਂ ਨੂੰ  ਤੁਰੰਤ ਕਮਿਊਨਿਟੀ ਸਿਹਤ ਕੇਂਦਰ ਕਿੱਛਾ (ਉੱਤਰਾਖੰਡ) ਅਤੇ ਬਹੇੜੀ (ਬਰੇਲੀ) ਲਿਜਾਇਆ ਗਿਆ |
ਬਹੇੜੀ ਕੋਤਵਾਲੀ ਦੇ ਥਾਣਾ ਮੁਖੀ ਸਤੇਂਦਰ ਨੇ ਦਸਿਆ ਕਿ ਹਾਦਸਾ ਐਤਵਾਰ ਸਵੇਰੇ 10 ਵਜੇ ਦੇ ਕਰੀਬ ਵਾਪਰਿਆ | ਉਨ੍ਹਾਂ ਨੇ ਦਸਿਆ ਕਿ ਮਿ੍ਤਕ ਐਲਾਨ ਕੀਤੇ ਗਏ ਲੋਕਾਂ ਦੀ ਪਛਾਣ ਸੁਮਨ ਕੌਰ, ਗੁਰਨਾਮ ਕੌਰ, ਆਕਾਸ਼ਦੀਪ, ਰਾਜਾ ਅਤੇ ਜੱਸੀ ਦੇ ਰੂਪ 'ਚ ਹੋਈ ਹੈ | ਸਾਰੀਆਂ  ਲਾਸ਼ਾਂ ਨੂੰ  ਪੋਸਟਮਾਰਟਮ ਲਈ ਭੇਜਿਆ ਗਿਆ ਹੈ |    (ਏਜੰਸੀ)